Arash Info Corporation

ਪੰਜਾਬ ਦੇ ਕਲਾਕਾਰ ਅਤੇ ਕਿਸਾਨੀ ਅੰਦੋਲਨ

10

December

2020

ਕੇਂਦਰ ਸਰਕਾਰ ਵੱਲੋਂ ਕਿਸਾਨੀ ਨਾਲ ਸੰਬੰਧਿਤ ਲਾਗੂ ਕੀਤੇ ਗਏ ਕਾਲੇ ਬਿੱਲਾਂ ਦਾ ਵਿਰੋਧ ਦੇਸ਼ ਭਰ ਵਿੱਚ ਬਹੁਤ ਵੱਡੇ ਪੱਧਰ ਉੱਪਰ ਹੋ ਰਿਹਾ ਹੈ। ਇਸ ਸੰਘਰਸ਼ ਵਿੱਚ ਹਰ ਇੱਕ ਵਰਗ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਹੈ। ਜਿਸ ਵਿੱਚ ਆਮ ਨਾਗਰਿਕਾਂ ਤੋਂ ਲੈਕੇ ਵੱਡੀਆਂ ਹਸਤੀਆਂ ਦੇ ਨਾਮ ਸ਼ਾਮਿਲ ਹਨ। ਅੱਜ ਦੇ ਵਿਸ਼ੇ ਨੂੰ ਵਿਚਾਰਨ ਤੋਂ ਪਹਿਲਾਂ ਥੋੜੇ ਜਿਹਾ ਪਿੱਛੇ ਜਾ ਕੇ ਪੰਜਾਬ ਦੀ ਗਾਇਕੀ ਅਤੇ ਗੀਤਕਾਰੀ ਵੱਲ ਝਾਤ ਮਾਰਨੀ ਚਾਹਾਂਗੀ।ਪਿਛਲੇ ਕੁਝ ਸਮੇਂ ਵਿੱਚ ਗਾਇਕਾਂ ਨੇ ਅਜਿਹੇ ਗੀਤ ਪੇਸ਼ ਕੀਤੇ ਸਨ ਜਿੰਨਾ ਦੇ ਵਿਸ਼ੇ ਖਾਸ ਕਰ ਮਾਰ ਧਾੜ, ਖੂਨ ਖਰਾਬਾ , ਇਸ਼ਕ, ਮੁੱਹਬਤ ਆਦਿ ਹੁੰਦੇ ਸਨ। ਕੁਝ ਸੱਭਿਆਚਾਰ ਨਾਲ ਤੇ ਪੰਜਾਬੀਅਤ ਦੀ ਫਿਕਰ ਕਰਨ ਵਾਲਿਆਂ ਨੇ ਕਈ ਵਾਰ ਆਪਣੇ ਲੇਖਾਂ, ਗੱਲਬਾਤ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਪੰਜਾਬ ਦੀ ਗਾਇਕੀ ਪੰਜਾਬੀ ਸੱਭਿਆਚਾਰ ਦਾ ਘਾਣ ਕਰ ਰਹੀ ਅਤੇ ਨੋਜਵਾਨਾਂ ਨੂੰ ਗੁਮਰਾਹ ਕਰ ਰਹੀ ਹੈ। ਮੈਂ ਵੀ ਕਈ ਵਾਰ ਇਹ ਵਿਸ਼ਾ ਵਿਚਾਰ ਚੁੱਕੀ ਹਾਂ। ਪਰ ਜੇਕਰ ਮੌਜੂਦਾ ਸਮੇਂ ਵੱਲ ਝਾਤ ਮਾਰੀਏ ਤਾਂ ਬਹੁਤ ਖੁਸ਼ੀ ਹੁੰਦੀ ਹੈ, ਪੰਜਾਬੀ ਕਲਾਕਾਰਾਂ , ਗੀਤਕਾਰਾਂ ਨੇ ਇਸ ਕਿਸਾਨੀ ਸੰਘਰਸ਼ ਵਿੱਚ ਆਪਣਾ ਵੱਡਾ ਨਹੀਂ ਬਲਕਿ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪੰਜਾਬੀ ਗਾਇਕ ਜਿੱਥੇ ਧਰਨਿਆਂ ਵਿੱਚ ਮੂਹਰੇ ਹੋਕੇ ਬੈਠੇ, ਉੱਥੇ ਨਾਲ ਦੀ ਨਾਲ ਅਜਿਹੇ ਗੀਤ ਪੇਸ਼ ਕੀਤੇ ,ਜਿੰਨਾ ਨੂੰ ਸੁਣ ਕੇ ਕਿਸਾਨਾਂ ਵਿੱਚ ਹੋਰ ਜੋਸ਼ ਭਰ ਜਾਂਦਾ ਹੈ। ਇਤਹਾਸ ਵੀ ਗਵਾਹੀ ਭਰਦਾ ਹੈ ਕਿ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੰਗਾਂ ਯੁੱਧਾਂ ਸਮੇਂ ਸਿੰਘ ਕੋਲੋਂ ਉੱਚੇ ਸੁਰਾਂ ਵਿੱਚ ਵਾਰਾਂ ਤੇ ਕਵੀਸ਼ਰੀਆਂ ਗਵਾਇਆ ਕਰਦੇ ਸਨ, ਜਿੰਨਾ ਨੂੰ ਸੁਣ ਕੇ ਸਿੰਘਾਂ ਵਿੱਚ ਜੋਸ਼ ਭਰ ਜਾਂਦਾ ਸੀ। ਅੱਜ ਅਕਾਲ ਤਖਤ ਦੇ ਸਾਹਮਣੇ ਕਵੀਸ਼ਰੀ ਤੇ ਢਾਡੀ ਵਾਰਾਂ ਦਾ ਗਾਇਣ ਇਸ ਉਦਹਾਰਣ ਦਾ ਪੁਖਤਾ ਸਬੂਤ ਹੈ। ਸੋ ਇਸੇ ਤਰ੍ਹਾਂ ਸਾਡੇ ਮੌਜੂਦਾ ਗਾਇਕਾਂ, ਗੀਤਕਾਰਾਂ ਨੇ ਵੀ ਮਿਸਾਲ ਖੜੀ ਕੀਤੀ ਹੈ। ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਰਦਾਰ ਬੀਰ ਸਿੰਘ ਵਰਗੇ ਸੁਲਝੇ ਹੋਏ ਗਾਇਕ ਅਤੇ ਗੀਤਕਾਰ ਸ਼ਾਮਿਲ ਹਨ, ਜਿੰਨਾ ਦੇ ਬੋਲਾਂ ਵਿੱਚ ਜਿੱਥੇ ਨਿਮਰਤਾ ਝਲਕਦੀ ਹੈ, ਉੱਥੇ ਬਹੁਤ ਹੀ ਸਹਿਜ ਅਤੇ ਸਲੀਕੇ ਦਾ ਪ੍ਰਮਾਣ ਮਿਲਦਾ ਹੈ। ਕਨਵਰ ਗਰੇਵਾਲ, ਦਿਲਪ੍ਰੀਤ ਢਿਲੋਂ, ਅੰਮ੍ਰਿਤ ਮਾਨ, ਪਰਮੀਸ਼ ਵਰਮਾ, ਜੱਸ ਬਾਜਵਾ, ਰਣਜੀਤ ਬਾਵਾ, ਐਮੀ ਵਿਰਕ, ਗੁਰਸ਼ਬਦ ਸਿੰਘ ਅਤੇ ਤਕਰੀਬਨ ਸਾਰੇ ਗਾਇਕਾਂ ਨੇ ਜਿੱਥੇ ਜੋਸ਼ੀਲੇ ਗੀਤ ਪੇਸ਼ ਕਰ ਕੇ ਨੋਜਵਾਨਾਂ ਵਿੱਚ ਜੋਸ਼ ਭਰਿਆ ਉੱਥੇ ਅੰਦੋਲਨ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ। ਜੱਸ ਬਾਜਵਾ ਇਸ ਅੰਦੋਲਨ ਵਿੱਚ ਸ਼ੁਰੂਆਤੀ ਦੌਰ ਤੋਂ ਹੀ ਜੁੜੇ ਹੋਏ ਸਨ, ਆਪਣੀ ਵਿਆਹ ਵਾਲੀ ਕਾਰ ਉੱਪਰ ਕਿਸਾਨ ਏਕਤਾ ਜਿੰਦਾਬਾਦ ਦਾ ਝੰਡਾ ਲਗਾ ਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ। ਦਿਲਜੀਤ ਦੁਸਾਂਝ, ਜਿਹਨਾਂ ਇੱਕ ਵੱਡੀ ਰਕਮ ਕਿਸਾਨੀ ਅੰਦੋਲਨ ਨੂੰ ਦੇਕੇ ਆਪਣੀ ਖੁੱਲਦਿਲੀ ਅਤੇ ਅੱਜ ਵੀ ਕਿਸਾਨੀ ਨਾਲ ਪਿਆਰ ਹੋਣ ਦਾ ਸਬੂਤ ਦਿੱਤਾ ਹੈ। ਸੂਫ਼ੀ ਗਾਇਕੀ ਵਿੱਚ ਵੱਡਾ ਨਾਮਣਾ ਖੱਟ ਚੁੱਕੇ ਕੰਨਵਰ ਗਰੇਵਾਲ ਵੀ ਇੱਕ ਵੱਡਾ ਯੋਗਦਾਨ ਪਾ ਰਹੇ ਹਨ। “ਸੱਜਣਾਂ ਏ ਕੋਈ ਗੱਲ ਤੇ ਨਹੀਂ ਨਾ “ ਗਜ਼ਲ ਨੂੰ ਆਪਣੇ ਵੱਖਰੇ ਅੰਦਾਜ਼ ਵਿੱਚ ਬੋਲਣ ਵਾਲੇ ਅਤੇ ਪਰਮ ਸੰਧੂ ਦੇ ਨਾਮ ਨਾਲ ਜਾਣੇ ਜਾਂਦੇ ਨੋਜਵਾਨ ਨੇ ਮਾਝੇ ਤੋਂ ਦਿੱਲੀ ਤੱਕ ਦਾ ਸਫ਼ਰ ਸਾਇਕਲ ਤੇ ਤੈਅ ਕਰਕੇ ਬਹੁਤ ਵੱਡੀ ਮਿਸਾਲ ਕਾਇਮ ਕੀਤੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਗਾਇਕਾਂ, ਗੀਤਕਾਰਾਂ ਅਤੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾ ਕੇ ਇਸ ਅੰਦੋਲਨ ਵਿੱਚ ਆਏ ਆਮ ਕਿਸਾਨਾਂ ਦਾ ਹੌਸਲਾ ਵਧਾਇਆ ਹੈ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੱਡੀ ਤਾਦਾਰ ਵਿੱਚ ਨੋਜਵਾਨਾਂ ਨੂੰ ਇਕੱਠਾ ਕਰਨ ਵਿੱਚ ਸਾਡੇ ਗਾਇਕਾਂ ਅਤੇ ਗੀਤਕਾਰਾਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਹੁਸਤਿੰਦਰ ਵਰਗੇ ਕੁਝ ਅਜਿਹੇ ਗਾਇਕ ਵੀ ਹਨ ਜਿੰਨਾ ਨੇ ਹੋਰ ਵਿਸ਼ਿਆਂ ਉੱਪਰ ਤਿਆਰ ਗੀਤ ਕਿਸਾਨੀ ਅੰਦੋਲਨ ਕਰਕੇ ਲਾਂਚ ਨਹੀ ਕੀਤੇ , ਇਸਨੂੰ ਵੀ ਇਸ ਅੰਦੋਲਨ ਵਿੱਚ ਇੱਕ ਯੋਗਦਾਨ ਦੀ ਤਰ੍ਹਾਂ ਵੇਖਿਆ ਜਾਵੇਗਾ। ਇਸ ਤੋਂ ਇਲਾਵਾ ਹਰ ਉਹ ਗਾਇਕ, ਗੀਤਕਾਰ, ਕਲਾਕਾਰ ਵਧਾਈ ਦਾ ਪਾਤਰ ਹੈ ਜਿਸ ਨੇ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਕੇ, ਬੋਲ ਕੇ, ਗਾ ਕੇ, ਲਿਖ ਕੇ ਜਾਂ ਹਾਜ਼ਰੀ ਭਰ ਕੇ ਇਸ ਅੰਦੋਲਨ ਵਿੱਚ ਆਪਣਾ ਹਿੱਸਾ ਪਾਇਆ ਹੈ । ਇਹ ਅੰਦੋਲਨ ਹੁਣ ਮਹਿਜ ਇੱਕ ਅੰਦੋਲਨ ਨਹੀਂ ਰਹਿ ਗਿਆ ਇਹ ਇੱਕ ਕ੍ਰਾਂਤੀ ਬਣ ਚੁੱਕਾ ਹੈ, ਜਿਸ ਨੇ ਹਰ ਵਰਗ , ਹਰ ਖੇਤਰ ਵਿੱਚ ਆ ਰਹੀਆਂ ਊਣਤਾਈਆਂ ਨੂੰ ਖਤਮ ਜਾਂ ਉਹਨਾਂ ਦਾ ਅਹਿਸਾਸ ਕਰਵਾਉਣ ਦਾ ਕੰਮ ਕੀਤਾ ਹੈਂ।ਪੰਜਾਬ ਦੇ ਕਲਾਕਾਰਾਂ ਨੇ ਪੰਜਾਬੀਅਤ ਦੇ ਅਸਲੀ ਹਮਦਰਦ ਹੋਣ ਅਤੇ ਨਾਇਕ ਹੋਣ ਦਾ ਸਬੂਤ ਦਿੱਤਾ ਹੈ, ਕਿਉਂਕਿ ਫਿਲਮਾਂ ਵਿੱਚ ਸਪਰਿੰਗ ਵਾਲੇ ਘੋੜਿਆਂ ਤੇ ਬੈਠ ਕੇ ਤਾਂ ਲਕਛਮੀ ਬਾਈ ਬਣਨਾ ਬਹੁਤ ਸੌਖਾ ਹੈ ਪਰ ਆਪਣੇ ਦੇਸ਼ ਅਤੇ ਕੌਮ ਨਾਲ ਹਿੰਮਤ ਅਤੇ ਜੁਰਅਤ ਤੇ ਅਸਲੀ ਮਰਦ ਹੀ ਖੜ ਸਕਦੇ ਹਨ। ਆਸ ਹੈ ਕਿ ਕਲਾਕਾਰ ਵਰਗ ਵਿੱਚ ਆਈ ਇਸ ਕ੍ਰਾਂਤੀ ਅਤੇ ਉਸਾਰੂ ਸੋਚ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ਅਤੇ ਮੰਨੋਰੰਜਨ ਦੇ ਨਾਲ ਨਾਲ ਕੌਮ, ਪੰਜਾਬੀਅਤ ਤੇ ਜਦ ਵੀ ਬਿਪਤਾ ਬਣੇ ਇਹ ਸਾਰੇ ਵੀਰ ਇਸ ਵਾਰ ਦੀ ਤਰ੍ਹਾਂ ਹਿੱਕ ਤਾਣ ਕੇ ਅੱਗੇ ਖੜ ਸਕਣਗੇ। ਕਿਸਾਨ ਏਕਤਾ ਜਿੰਦਾਬਾਦ ਹਰਕੀਰਤ ਕੌਰ ਸਭਰਾ ਪਿੰਡ- ਸਭਰਾ, ਤਹਿ- ਪੱਟੀ ਜ਼ਿਲਾ- ਤਰਨਤਾਰਨ 9779118066