ਅਫ਼ਵਾਹਾਂ ਤੋਂ ਰਹੋ ਸੁਚੇਤ

26

November

2020

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆ ਹੈ। ਇਸ ਨੇ ਲੱਖਾਂ ਜਾਨਾਂ ਨੂੰ ਮੌਤ ਦੇ ਮੂੰਹ 'ਚ ਧੱਕ ਦਿੱਤਾ ਹੈ ਤੇ ਰੋਜ਼ਾਨਾ ਹੀ ਹਜ਼ਾਰਾਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ। ਸਿਹਤ ਵਿਭਾਗ, ਸਰਕਾਰਾਂ ਅਤੇ ਮੈਡੀਕਲ ਖੋਜ ਸੰਸਥਾਵਾਂ ਇਸ ਦੀ ਰੋਕਥਾਮ ਲਈ ਅਨੇਕਾਂ ਹੀ ਹਦਾਇਤਾਂ ਘਰ-ਘਰ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀਆਂ ਹਨ ਪਰ ਲੋਕ ਹਾਲੇ ਵੀ ਬੇਪਰਵਾਹ ਅਤੇ ਬੇਖ਼ੌਫ਼ ਹੋ ਕੇ ਆਪਣੀਆਂ ਸਰਗਰਮੀਆਂ 'ਚ ਮਸ਼ਰੂਫ ਹਨ। ਪਿਛਲੇ ਦਿਨਾਂ 'ਚ ਕੋਰੋਨਾ ਘਟਿਆ ਜ਼ਰੂਰ ਸੀ ਪਰ ਮੁਕੰਮਲ ਖ਼ਤਮ ਨਹੀ ਸੀ ਹੋਇਆ। ਅਜੇ ਵੀ ਸੁਚੇਤ ਹੋਣ ਦੀ ਲੋੜ ਹੈ। ਛੋਟੀ ਜਿਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ। ਅੱਜ ਦੀ ਘੜੀ ਇਸ ਦਾ ਇਲਾਜ ਪਰਹੇਜ਼ ਤੇ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹੀ ਦੱਸਿਆ ਜਾ ਰਿਹਾ ਹੈ। ਇਸ ਵਾਇਰਸ ਦੇ ਕਮਿਊਨਟੀ ਸਪਰੈੱਡ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਇਸੇ ਲਈ ਹੀ ਸਿਆਣਪ ਵਰਤਦਿਆਂ ਜ਼ਿਆਦਾਤਰ ਦੇਸ਼ਾਂ ਨੇ ਸਖ਼ਤੀ ਨਾਲ ਲਾਕਡਾਊਨ, ਇਕਾਂਤਵਾਸ ਅਤੇ ਸਮਾਜਿਕ ਦੂਰੀ ਦਾ ਰਸਤਾ ਅਪਣਾਇਆ ਹੈ ਤਾਂ ਜੋ ਕੋਵਿਡ -19 ਦੀ ਇਸ ਚੇਨ ਨੂੰ ਤੋੜਿਆ ਜਾ ਸਕੇ। ਪਰ ਏਨੀ ਮੁਸ਼ੱਕਤ ਤੋਂ ਬਾਅਦ ਵੀ ਇਸ ਵਾਇਰਸ ਦਾ ਫੈਲਾਅ ਨਹੀਂ ਰੁਕ ਰਿਹਾ। ਕੋਰੋਨਾ ਨੂੰ ਮਾਤ ਦੇਣ ਲਈ ਜ਼ਰੂਰੀ ਹੈ ਲੱਛਣ ਰਹਿਤ ਕੋਰੋਨਾ ਲਾਗ ਨੂੰ ਸਮਝਣਾ ਅਤੇ ਦੂਸਰਿਆਂ ਨੂੰ ਸਮਝਾਉਣਾ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀ ਵੀ ਕਿਸੇ ਕੋਰੋਨਾ ਲੱਛਣ ਰਹਿਤ ਵਿਅਕਤੀ ਦੇ ਸੰਪਰਕ 'ਚ ਆਏ ਹੋ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ 'ਤੇ ਜਾ ਕੇ ਕੋਰੋਨਾ ਦੀ ਜਾਂਚ ਲਈ ਬਿਨਾਂ ਡਰ ਸੈਂਪਲ ਦਿਉ। ਆਪਣੇ ਆਪ ਨੂੰ ਘਰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੇ ਤੁਹਾਡੇ ਕਰੀਬੀ ਵਿਅਕਤੀ ਤੁਹਾਡੇ ਤੋਂ ਲਾਗ ਦਾ ਸ਼ਿਕਾਰ ਹੋਣੋਂ ਬਚ ਜਾਣ। ਘਰ ਤੋਂ ਬਾਹਰ ਜਾਣ ਲੱਗਿਆਂ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ 'ਚ ਸ਼ਾਮਲ ਕਰ ਲਓ। ਮਾਸਕ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ , ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਮਾਸਕ ਨਾ ਪਹਿਨਣ , ਜਨਤਕ ਸਥਾਨਾਂ 'ਤੇ ਥੁੱਕਣ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ 'ਤੇ ਲਾਏ ਵੱਡੇ ਜੁਰਮਾਨੇ ਜਾਂ ਚਲਾਨ ਸਰਕਾਰੀ ਖ਼ਜ਼ਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ ਕਰਨ ਲਈ ਹਨ ਤਾਂ ਤੁਸੀਂ ਗ਼ਲਤ ਸੋਚ ਰਹੇ ਹੋ। ਇਹ ਤਾਂ ਇਕ ਢੰਗ ਹੈ ਤਾਂ ਕਿ ਲੱਛਣ ਰਹਿਤ ਕੋਰੋਨਾ ਪੈਦਾ ਹੋਣ ਦੀ ਖੇਡ ਹੀ ਖ਼ਤਮ ਹੋ ਜਾਵੇ। ਇਸ ਮਹਾਮਾਰੀ ਸਬੰਧੀ ਅਫ਼ਵਾਹਾਂ ਦੇ ਦੌਰ 'ਚੋਂ ਬਾਹਰ ਨਿਕਲੋ ਅਤੇ ਹੋਰਨਾਂ ਦੇਸ਼ਾਂ ਤੋਂ ਸੇਧ ਲਓ। ਸਿਹਤ ਵਿਭਾਗ ਤੇ ਸਰਕਾਰ ਵੱਲੋਂ ਜਾਰੀ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰੋ, ਅਫ਼ਵਾਹਾਂ ਤੇ ਗ਼ਲਤ ਧਾਰਨਾਵਾਂ ਦੀ ਅਣਦੇਖੀ ਕਰੋ ਅਤੇ ਸਹੀ ਜਾਣਕਾਰੀ ਹਾਸਲ ਕਰ ਕੇ ਦੂਜਿਆਂ ਨੂੰ ਵੀ ਦੱਸੋ। ਕੋਰੋਨਾ ਯੋਧਿਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਦਿਨ-ਰਾਤ ਕੀਤੀ ਮਿਹਨਤ ਦਾ ਮੁੱਲ ਪਛਾਣੋ, ਕਦਰ ਕਰੋ ਅਤੇ ਸਹਿਯੋਗ ਦਿਓ। ਡਾ. ਪ੍ਰਭਦੀਪ ਸਿੰਘ ਚਾਵਲਾ