ਥਾਣੇਦਾਰ ਨੂੰ ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਮਹਿੰਗੀ ਪਈ

18

October

2018

ਜ਼ੀਰਕਪੁਰ, ਢਕੋਲੀ ਦੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਨੂੰ ਲੰਘੇ ਦਿਨੀਂ ਡੇਰਾਬਸੀ ਦੇ ਪਿੰਡ ਕਕਰਾਲੀ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ ਕਰਨੀ ਮਹਿੰਗੀ ਪਈ ਹੈ। ਮਾਈਨਿੰਗ ਮਾਫ਼ੀਆ ਦੇ ਕਥਿਤ ਦਬਾਅ ਹੇਠ ਪੁਲੀਸ ਵੱਲੋਂ ਉਨ੍ਹਾਂ ਦੀ ਬਦਲੀ ਪੁਲੀਸ ਲਾਈਨ ਮੁਹਾਲੀ ਵਿੱਚ ਕਰ ਦਿੱਤੀ ਗਈ ਹੈ। ਉਂਜ ਐੱਸ.ਐੱਸ.ਪੀ. ਮੁਹਾਲੀ ਕੁਲਦੀਪ ਸਿੰਘ ਚਾਹਲ ਇਸ ਨੂੰ ਰੁਟੀਨ ਬਦਲੀ ਦੱਸ ਰਹੇ ਹਨ ਪਰ ਪੂਰੇ ਹਲਕੇ ਵਿੱਚ ਚਰਚਾ ਹੈ ਕਿ ਲੰਘੇ ਦਿਨੀਂ ਢਕੋਲੀ ਥਾਣਾ ਮੁਖੀ ਵੱਲੋਂ ਕੀਤੀ ਕਾਰਵਾਈ ਕਾਰਨ ਉਨ੍ਹਾਂ ਦੀ ਮਾਫੀਆ ਦੇ ਦਬਾਅ ਹੇਠ ਬਦਲੀ ਕੀਤੀ ਗਈ ਹੈ। ਉਨ੍ਹਾਂ ਦੀ ਥਾਂ ਢਕੋਲੀ ਦੇ ਨਵੇਂ ਥਾਣਾ ਮੁਖੀ ਅਮਨਪ੍ਰੀਤ ਢਿੱਲੋਂ, ਜੋ ਫੇਜ਼ ਅੱਠ ਮੁਹਾਲੀ ਤੋਂ ਬਦਲ ਕੇ ਆਏ ਹਨ, ਨੇ ਦੇਰ ਸ਼ਾਮ ਆਪਣਾ ਅਹੁਦਾ ਸੰਭਾਲ ਲਿਆ। ਇਕੱਤਰ ਜਾਣਕਾਰੀ ਅਨੁਸਾਰ ਡੇਰਾਬੱਸੀ ਖੇਤਰ ਵਿੱਚੋਂ ਲੰਘਦੀ ਘੱਗਰ ਨਦੀ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤ ਕਰਨ ’ਤੇ ਡੇਰਾਬਸੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲੰਘੇ ਦਿਨੀਂ ਢਕੋਲੀ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਨੇ ਡੇਰਾਬਸੀ ਦੇ ਪਿੰਡ ਕਕਰਾਲੀ ਘੱਗਰ ਨਦੀ ਵਿੱਚ ਨੌਂ ਟਰੈਕਟਰ-ਟਰਾਲੀਆਂ ਨੂੰ ਰੰਗੇ ਹੱਥੀ ਗਰੈਵਲ ਤੇ ਰੇਤ ਦੀ ਚੋਰੀ ਕਰਦੇ ਕਾਬੂ ਕੀਤਾ ਸੀ। ਮੌਕੇ ’ਤੇ ਪੰਜਾਹ ਦੇ ਕਰੀਬ ਟਰੈਕਟਰ-ਟਰਾਲੀਆਂ ਤੇ ਦਰਜਨਾਂ ਲੋਕ ਗਰੈਵਲ ਤੇ ਰੇਤ ਦੀ ਚੋਰੀ ਕਰ ਰਹੇ ਸੀ। ਪੁਲੀਸ ਨੂੰ ਦੇਖ ਮਾਈਨਿੰਗ ਮਾਫੀਆ ਨੇ ਟਰੈਕਟਰ-ਟਰਾਲੀਆਂ ਨੂੰ ਭਜਾਉਣ ਦਾ ਯਤਨ ਕੀਤਾ ਪਰ ਕੁੱਲ ਚਾਰ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚੇ ਢਕੋਲੀ ਥਾਣਾ ਮੁਖੀ ਨੇ ਟਰੈਕਟਰ ਟਰਾਲੀਆਂ ਨੂੰ ਆਪਣੀ ਗੱਡੀ ਲਾ ਕੇ ਘੇਰ ਲਿਆ। ਇਸਦਾ ਮਾਈਨਿੰਗ ਮਾਫੀਆ ਨਾਲ ਜੁੜੇ ਦਰਜਨਾਂ ਲੋਕਾਂ ਨੇ ਵਿਰੋਧ ਕਰਦਿਆਂ ਥਾਣਾ ਮੁਖੀ ਤੇ ਪੁਲੀਸ ਪਾਰਟੀ ਨਾਲ ਬਦਸਲੂਕੀ ਕੀਤੀ। ਇਸ ਕਾਰਵਾਈ ਦੇ ਦੋ ਦਿਨਾਂ ਬਾਅਦ ਹੀ ਥਾਣਾ ਮੁਖੀ ਦੀ ਬਦਲੀ ਕਰ ਦਿੱਤੀ ਗਈ, ਜਿਸ ਨੂੰ ਸਿਆਸੀ ਤੇ ਮਾਈਨਿੰਗ ਮਾਫੀਆ ਦੇ ਦਬਾਅ ਹੇਠ ਮੰਨਿਆ ਜਾ ਰਿਹਾ ਹੈ। ਪੁਲੀਸ ਸੂਤਰਾਂ ਮੁਤਾਬਕ ਢਕੋਲੀ ਥਾਣਾ ਮੁਖੀ ਵੱਲੋਂ ਆਪਣੇ ਖੇਤਰ ਤੋਂ ਬਾਹਰ ਜਾ ਕੇ ਡੇਰਾਬਸੀ ਖੇਤਰ ਵਿੱਚ ਕਾਰਵਾਈ ਕਰਨ ਕਾਰਨ ਉਨ੍ਹਾਂ ਦੀ ਬਦਲੀ ਹੋਈ ਹੈ। ਢਕੋਲੀ ਥਾਣੇ ਦੇ ਸਾਬਕਾ ਮੁਖੀ ਜਗਜੀਤ ਸਿੰਘ ਨੇ ਕਿਹਾ ਕਿ ਪੀਰਮੁਛੱਲਾ ਖੇਤਰ ਵਿੱਚ ਗੋਲਡਨ ਫੌਰੈਸਟ ਕੰਪਨੀ ਦੀ ਜ਼ਮੀਨ ਵਿੱਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੇ ਸੀ। ਪੁਲੀਸ ਪਾਰਟੀ ਨੂੰ ਦੇਖ ਮਾਈਨਿੰਗ ਮਾਫੀਆ ਟਰੈਕਟਰ-ਟਰਾਲੀਆਂ ਲੈ ਕੇ ਡੇਰਾਬੱਸੀ ਖੇਤਰ ਵਿੱਚ ਪੈਂਦੀ ਕਕਰਾਲੀ ਘੱਗਰ ਨਦੀ ਵਿੱਚ ਜਾ ਵੜੇ, ਜਿਥੇ ਪਹਿਲਾਂ ਹੀ ਦਰਜਨਾਂ ਲੋਕ ਹੋਰ ਮਾਈਨਿੰਗ ਕਰ ਰਹੇ ਸੀ। ਉਨ੍ਹਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਤਾਂ ਦਰਜਨਾਂ ਲੋਕ ਉਨ੍ਹਾਂ ਦੇ ਗੱਲ ਪੈ ਗਏ। ਡੇਰਾਬੱਸੀ ਪੁਲੀਸ ਸੂਚਨਾ ਦੇਣ ਦੇ ਦੋ ਘੰਟੇ ਦੀ ਦੇਰੀ ਨਾਲ ਮੌਕੇ ’ਤੇ ਪਹੁੰਚੀ ਪਰ ਉਹ ਮਾਫੀਆ ਦੇ ਦਰਜਨਾਂ ਵਿਅਕਤੀਆਂ ਅੱਗੇ ਡਟੇ ਰਹੇ। ਐੱਸ.ਐੱਸ.ਪੀ. ਮੁਹਾਲੀ ਕੁਲਦੀਪ ਚਾਹਲ ਨੇ ਕਿਹਾ ਕਿ ਇਹ ਰੁਟੀਨ ਬਦਲੀ ਹੈ। ਉਨ੍ਹਾਂ ਨੇ ਬਦਲੀ ਮਾਈਨਿੰਗ ਮਾਫੀਆ ਦੇ ਦਬਾਅ ਹੇਠ ਕਰਨ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਉਸ ਰਾਤ ਪੁਲੀਸ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।