ਦਿੱਲੀ ਦੇ ਸਕੂਲਾਂ ਵਿੱਚ ਸਿਹਤ ਕਲੀਨਿਕ ਬਣਾਉਣ ਦੀ ਤਿਆਰੀ

17

October

2018

ਨਵੀਂ ਦਿੱਲੀ, ਦਿੱਲੀ ਦੇ ਲੋਕਾਂ ਲਈ ਘਰ ਨੇੜੇ ਇਲਾਜ ਦੀ ਸਹੂਲਤ ਦੇਣ ਲਈ ਸਰਕਾਰ ਜਿੱਥੇ ਮੁਹੱਲਾ ਕਲੀਨਿਕ ਬਣਾ ਰਹੀ ਹੈ, ਉਥੇ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਵੀ ਸਕੂਲ ਸਿਹਤ ਕਲੀਨਿਕ ਬਨਾਉਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸਾਲ ਸਕੂਲਾਂ ਵਿੱਚ ਸਿਹਤ ਕਲੀਨਿਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਲਈ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਗਿਆ ਹੈ ਕਿ ਉਹ 23 ਅਕਤੂਬਰ ਤੱਕ ਦੱਸਣ ਕਿ ਸਕੂਲ ਕੰਪਲੈਕਸ ਵਿੱਚ ਕਿੱਥੇ ਸਿਹਤ ਕਲੀਨਿਕ ਬਣਾਈ ਜਾ ਸਕਦੀ ਹੈ। ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਕਾਰਵਾਈ ਰਿਪੋਰਟ ਲੈ ਕੇ ਜਮ੍ਹਾਂ ਕੀਤੀ ਜਾਵੇ। ਸਰਕਾਰ ਨੇ ਸਕੂਲ ਸਿਹਤ ਕਲੀਨਿਕ ਲਈ ਹਰ ਸਕੂਲ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਸੀ, ਜਿਸ ਵਿੱਚ ਪ੍ਰਿੰਸੀਪਲ, ਇੱਕ ਸੀਨੀਅਰ ਅਧਿਆਪਕ, ਸਕੂਲ ਮੈਨੇਜਮੇਂਟ ਕਮੇਟੀ ਦਾ ਇੱਕ ਮੈਂਬਰ ਤੇ ਪੀਡਬਲਿਊਡੀ ਮਹਿਕਮੇ ਦੇ ਸਹਾਇਕ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਨੂੰ ਸ਼ਾਮਲ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਹਰ ਸਕੂਲ ਵਿੱਚ ਸਿਹਤ ਕਲੀਨਿਕ ਬਣਾਏ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ 2-3 ਸਕੂਲਾਂ ਨੂੰ ਮਿਲਾ ਕੇ ਉਨ੍ਹਾਂ ਦੇ ਬੱਚਿਆਂ ਲਈ ਵੀ ਸਕੂਲ ਵਿੱਚ ਸਿਹਤ ਕਲੀਨਿਕ ਬਣਾਉਣ ਦੇ ਫਾਰਮੂਲੇ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਦਿੱਲੀ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਸਰਕਾਰੀ ਸਕੂਲ ਵਿੱਚ ਬੱਚਿਆਂ ਲਈ ਸਿਹਤ ਕਲੀਨਿਕ ਬਣਾਏ ਜਾਣਗੇ, ਜੋ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਹੋਣਗੇ ਤੇ ਉੱਥੇ ਬੱਚਿਆਂ ਦੀ ਸਿਹਤ ਦੀ ਜਾਂਚ ਹੋ ਸਕੇਗੀ। ਸਕੂਲ ਕੰਪਲੈਕਸ ਵਿੱਚ ਬਣਨ ਵਾਲੇ ਸਿਹਤ ਕਲੀਨਿਕ ਸਿਰਫ਼ ਸਕੂਲਾਂ ਦੇ ਬੱਚਿਆਂ ਲਈ ਹੋਣਗੇ ਤੇ ਇਹ ਕਲੀਨਿਕ ਮੁਹੱਲਾ ਕਲੀਨਿਕ ਦੇ ਮਾਡਲ ‘ਤੇ ਬਣਾਏ ਜਾਣਗੇ। ਇਨ੍ਹਾਂ ਸਕੂਲ ਕਲੀਨਿਕ ਵਿੱਚ ਇੱਕ ਡਾਕਟਰ ਤੇ ਅਸਿਸਟੇਂਟ ਹੋਵੇਗਾ ਤੇ ਰੋਜ਼ ਬੱਚਿਆਂ ਦੀ ਸਿਹਤ ਦੀ ਜਾਂਚ ਹੋ ਸਕੇਗੀ। ਕਲੀਨਿਕ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਦੀ ਜਾਂਚ, ਅਨੀਮੀਆ, ਖੁਰਾਕੀ ਤੱਤਾਂ ਦੀ ਘਾਟ, ਸੁਣਨ ਦੀ ਸਮੱਸਿਆ, ਟੀਕਾਕਰਨ, ਦੰਦਾਂ ਦੀ ਜਾਂਚ ਦੇ ਨਾਲ-ਨਾਲ ਸਿਹਤ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਕਲੀਨਿਕ ਵਿੱਚ ਬੀਮਾਰੀਆਂ ਦੀ ਜਾਂਚ ਹਰ ਸਾਲ ਬਾਅਦ ਹੋਵੇਗੀ, ਟੀਕਾਕਰਨ ਹਫ਼ਤੇ ਵਿੱਚ, ਦੰਦਾਂ ਦੀ ਜਾਂਚ ਸਾਲ ਬਾਅਦ ਹੋਵੇਗੀ।