ਪਿਛਲੇ 5 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ 10 ਏਕੜ ਰਕਬੇ ਵਿੱਚ ਖੇਤੀ ਕਰ ਰਿਹੈ ਕਿਸਾਨ ਗੁਰਪ੍ਰੀਤ ਸਿੰਘ

25

November

2020

ਲੌਂਗੋਵਾਲ, 25 ਨਵੰਬਰ (ਜਗਸੀਰ ਸਿੰਘ) - ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਇਸ ਤਹਿਤ ਹੀ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲਾ ਸੰਗਰੂਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਤਾਂ ਜ਼ੋ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਿਆ ਜਾ ਸਕੇ।ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਨੇੜਲੇ ਪਿੰਡ ਖੇਤਲਾ ਬਲਾਕ ਸੁਨਾਮ ਜਿਲ੍ਹਾ ਸੰਗਰੂਰ ਦਾ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਲੱਗਿਆ ਹੋਇਆ ਹੈ । ਇਸ ਸਬੰਧੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ਤੇ ਪ੍ਰਾਪਤ ਹੈਪੀਸੀਡਰ ਨਾਲ 2015 ਤੋਂ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ।ਇਸ ਸਾਲ ਉਸ ਨੇ ਰੋਟਾਵੇਟਰ ਨਾਲ ਛਿੱਟਾ ਮਾਰ ਕੇ ਝੋਨੇ ਦੇ ਖੜੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕੀਤੀ ਹੈ।ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2018 ਦੌਰਾਨ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੇ ਪ੍ਰਬੰਧਨ ਲਈ ਚਲਾਈ ਗਈ ਸਕੀਮ ਕਰਾਪ ਰਿਜ਼ਿਡਿਊ ਮੈਂਨੇਜਮੈਂਟ ਤਹਿਤ ਰਜਿਸਟਰ ਕਰਵਾਏ ਗਏ ਕਸਟਮ ਹਾਇੰਰਿੰਗ ਸੈਂਟਰ (ਸ਼ਹੀਦ ਭਗਤ ਸਿੰਘ ਖੇਤੀਬਾੜੀ ਸਵੈ ਸਹਾਇਤਾ ਗਰੁੱਪ ਪਿੰਡ ਖੇਤਲਾ) ਵਿੱਚ ਸਹਿਯੋਗ ਕਰ ਰਿਹਾ ਹੈ ਜ਼ੋ ਕਿ 8 ਮੈਂਬਰਾਂ ਦਾ ਗਰੁੱਪ ਹੈ ਅਤੇ ਇਸ ਗਰੁੱਪ ਵਲੋਂ ਸਕੀਮ ਅਧੀਨ 80% ਉਪਦਾਨ ਤੇ ਖੇਤੀ ਮਸ਼ੀਨਰੀ ਜਿਵੇਂ ਹੈਪੀਸੀਡਰ,ਸੁਪਰ ਐਸ.ਐਮ. ਐਸ, ਜ਼ੀਰੋ ਡਰਿੱਲ ਅਤੇ ਰੋਟਾਵੇਟਰ ਆਦਿ ਲਿਆ ਗਿਆ ਹੈ।ਉਨ੍ਹਾਂ ਵਲੋਂ ਇਹ ਸੰਦ ਕਿਰਾਏ ਤੇ ਹੋਰਨਾਂ ਕਿਸਾਨਾਂ ਨੂੰ ਵਾਜਿਬ ਰੇਟ ਤੇ ਮੁਹੱਈਆ ਕਰਵਾਏ ਜਾਂਦੇ ਹਨ। ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਉਸ ਜਮੀਨ ਵਿੱਚ ਹੀ ਵਾਹ ਰਿਹਾ ਹੈ। ਇਹ ਕਿਸਾਨ ਆਪਣੀ 10 ਏਕੜ ਜਮੀਨ ਤੇ ਵੱਖ ਵੱਖ ਸੰਦਾ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੈਪੀਸੀਡਰ ਰਾਹੀਂ ਕੀਤੀ ਗਈ ਕਣਕ ਦੀ ਬਿਜਾਈ ਤੋਂ ਉਸ ਨੂੰ ਵਧੀਆ ਨਤੀਜੇ ਪ੍ਰਾਪਤ ਹੋਏੇ ਹਨ ਅਤੇ ਉਸ ਦੀ ਖੇਤੀ ਲਾਗਤ ਵਿੱਚ ਵੀ ਕਮੀ ਆਈ ਹੈ।ਉਸ ਨੇ ਦੱਸਿਆ ਕਿ ਪਿਛਲੇ ਸਾਲ ਉਸ ਵਲੋਂ 1 ਏਕੜ ਜਮੀਨ ਵਿੱਚ ਟਰਾਇਲ ਦੇ ਤੌਰ ਤੇ ਮਲਚਿੰਗ ਰਾਹੀਂ ਛਿੱਟਾ ਮਾਰ ਕੇ ਕਣਕ ਦੀ ਬਿਜਾਈ ਕੀਤੀ ਸੀ ਅਤੇ ਉਸ ਨੂੰ 60 ਮੰਨ ਪ੍ਰਤੀ ਏਕੜ ਝਾੜ ਪ੍ਰਾਪਤ ਹੋਇਆ ਸੀ। ਇਸ ਸਾਲ ਉਸ ਵਲੋਂ 4 ਏਕੜ ਜਮੀਨ ਤੇ ਮਲਚਿੰਗ ਰਾਹੀਂ ਛਿੱਟਾ ਮਾਰ ਕੇ ਕਣਕ ਦੀ ਬਿਜਾਈ ਕੀਤੀ ਗਈ ਹੈ ਅਤੇ ਬਾਕੀ ਦੀ ਜਮੀਨ ਤੇ ਛਿੱਟਾ ਮਾਰ ਕੇ ਰੋਟਾਵੇਟਰ ਰਾਹੀਂ ਬਿਜਾਈ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਉਸ ਨਾਲ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣ ਸੰਬੰਧੀ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ ਉਸ ਦੇ ਮੋਬਾਇਲ ਨੰਬਰ 9464514283 ਤੇ ਸੰਪਰਕ ਕਰ ਸਕਦਾ ਹੈ।ਸਫਲ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਤਕਰੀਬਨ 5 ਮੱਝਾਂ, ਹਨ ਜਿਨ੍ਹਾਂ ਦੇ ਗੋਬਰ ਤੋਂ ਉਸ ਵੱਲੋਂ ਰੂੜੀ ਦੀ ਖਾਦ ਤਿਆਰ ਕਰਕੇ ਖੇਤਾਂ ਵਿੱਚ ਵਰਤੀ ਜਾਂਦੀ ਹੈ ਅਤੇ ਨਾਲ ਹੀ ਨਾਲ ਇਹ ਕਿਸਾਨ ਇਨ੍ਹਾਂ ਪਸ਼ੂਆਂ ਤੋਂ ਪ੍ਰਾਪਤ ਦੁੱਧ ਨੂੰ ਘਰੇਲੂ ਇਸਤੇਮਾਲ ਲਈ ਅਤੇ ਵੱਧ ਹੋਣ ਤੇ ਇਸ ਦਾ ਮੰਡੀਕਰਨ ਕਰਦਾ ਹੈ ਅਤੇ ਅਪਣੇ ਘਰੇਲੂ ਵਰਤੋਂ ਲਈ ਜੈਵਿਕ ਸਬਜੀਆਂ ਦਾ ਉਤਪਾਦਨ ਵੀ ਕਰਦਾ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਵਾਰ ਸਾਉਣੀ 2020 ਦੌਰਾਨ 273 ਕਸਟਮ ਹਾਇਰਿੰਗ ਸੈਂਟਰਾਂ ਅਤੇ 148 ਸਹਿਕਾਰੀ ਸਭਾਵਾਂ ਨੂੰ 80 ਪ੍ਰਤੀਸ਼ਤ ਉਪਦਾਨ ਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸੰਬੰਧੀ ਸੰਦ ਮੁਹੱਈਆ ਕਰਵਾਏ ਹਨ ਜੋ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕਣਕ ਵਿੱਚ ਸੂੰਡੀ ਦੀ ਸਮੱਸਿਆ ਸੰਬੰਧੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨਾਂ੍ਹ ਦੱਸਿਆ ਕਿ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 1।25 ਤੋਂ 1।50 ਲੀਟਰ ਕਲੌਰੋ ਰੇਤ ਜਾਂ ਮਿੱਟੀ ਵਿੱਚ ਰਲਾ ਕੇ ਛਿੱਟਾ ਦਿੱਤਾ ਜਾਵੇ ਅਤੇ ਉਸ ਮਗਰੋਂ ਕਣਕ ਨੂੰ ਪਾਣੀ ਲਗਾਇਆ ਜਾਏ। ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਉਹ ਸਮੇਂ ਸਮੇਂ ਤੇ ਅਪਣੇ ਖੇਤਾਂ ਦਾ ਨਿਰੀਖਣ ਕਰਨ ਅਤੇ ਕਣਕ ਦੇ ਪੀਲੇਪਣ ਤੋਂ ਬਚਣ ਲਈ ਪਹਿਲੇ ਪਾਣੀ ਤੋਂ ਪਹਿਲਾਂ ਮੈਗਨੀਸ਼ੀਅਮ ਸਲਫੇਟ ਦਾ ਸਪਰੇਅ ਵੀ ਕਰਨ।