ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਖੇਤੀ ਖਰਚੇ ਘਟਦੇ ਹਨ : ਡਾ. ਵਾਲੀਆ

25

November

2020

ਬਸੀ ਪਠਾਣਾ/ ਫ਼ਤਹਿਗੜ੍ਹ ਸਾਹਿਬ, 25 ਨਵੰਬਰ (ਮੁਖਤਿਆਰ ਸਿੰਘ) ਡਾ. ਸੁਰਜੀਤ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਪਿੰਡ ਮਾਰਵਾ ਬਲਾਕ ਬਸੀ ਪਠਾਣਾ ਵਿਖੇ ਕਿਸਾਨ ਸ੍ਰੀ ਸੁਖਵਿੰਦਰ ਸਿੰਘ ਦੇ ਖੇਤ ਵਿੱਚ ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਨਾਲ ਝੋਨੇ ਦੀ ਵਢਾਈ ਕਰਵਾਉਣ ਉਪਰੰਤ ਹੈਪੀ ਸੀਡਰ ਮਸੀਨ ਨਾਲ ਕਣਕ ਦੀ ਬਿਜਾਈ ਸਬੰਧੀ ਦੌਰਾ ਕੀਤਾ । ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਖੇਤੀ ਖਰਚੇ ਵੀ ਘਟਦੇ ਹਨ। ਇਸ ਮੌਕੇ ਸ੍ਰੀ ਮੇਵਾ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਦੱਸਿਆ ਕਿ ਇਸ ਕਿਸਾਨ ਕੋਲ ਆਪਣੀ 12 ਏਕੜ ਜਮੀਨ ਹੈ ਅਤੇ 8 ਏਕੜ ਜਮੀਨ ਠੇਕੇ 'ਤੇ ਲੈ ਕੇ ਕੁੱਲ 20 ਏਕੜ ਜਮੀਨ ਤੇ ਖੇਤੀ ਕਰਦਾ ਹੈ। ਇਹ ਕਿਸਾਨ ਪਿਛਲੇ 5 ਸਾਲਾਂ ਤੋਂ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ ਨਾਲ ਹੀ ਬਲਾਕ ਬਸੀ ਪਠਾਣਾ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਵਿੱਚ ਕਿਰਾਏ ਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਹੈਪੀ ਸੀਡਰ ਮਸੀਨ ਅਤੇ ਪਰਾਲੀ ਪ੍ਰਬੰਧਨ ਲਈ ਵਰਤੀ ਜਾਂਦੀ ਵੱਖ-ਵੱਖ ਖੇਤੀ ਮਸ਼ੀਨਰੀ ਬਾਰੇ ਵਿਸਥਾਰ ਪੂਰਵਕ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਮਲਚ ਦੇ ਤੌਰ ਤੇ ਵਰਤ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ। ਪਰਾਲੀ ਨੂੰ ਜਮੀਨ ਵਿੱਚ ਰਲਾਉਣ ਨਾਲ ਜਮੀਨ ਦੇ ਲਘੂ ਤੱਤ ਬਰਕਰਾਰ, ਉਪਜਾਊ ਸ਼ਕਤੀ ਵਿੱਚ ਵਾਧਾ , ਜਮੀਨ ਵਿੱਚ ਆਰਗੈਨਿਕ ਮਾਦੇ ਦੀ ਮਾਤਰਾ ਵਿੱਚ ਵਾਧਾ, ਜਮੀਨ ਦੀ ਪਾਣੀ ਜਜਬ ਕਰਨ ਦੀ ਸਮਰੱਥਾ ਵਿੱਚ ਵਾਧਾ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ। ਸ੍ਰੀ ਦਵਿੰਦਰ ਸਿੰਘ, ਜੂਨੀਆਰ ਟੈਕਨੀਸੀਅਨ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਰਲਾ ਕੇ ਬਿਜਾਈ ਕਰਨ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਅਤੇ ਮਨੁੱਖੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।