ਨਸ਼ਿਆਂ ਦੇ ਮਾਮਲੇ ਵਿੱਚ ਵਿਦੇਸ਼ੀ ਨਾਗਰਿਕ ਗ੍ਰਿਫਤਾਰ : ਡੀ. ਐਸ.ਪੀ. ਧਰਮਪਾਲ

25

November

2020

ਖਮਾਣੋਂ/ ਫ਼ਤਹਿਗੜ੍ਹ ਸਾਹਿਬ, 25 ਨਵੰਬਰ (ਮੁਖਤਿਆਰ ਸਿੰਘ) : ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬੀਤੇ ਦਿਨੀਂ 470 ਗ੍ਰਾਮ ਹੌਰੋਇਨ ਸਮੇਤ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਤਹਿਤ ਕੇਸ ਦਰਜ਼ ਕੀਤਾ ਗਿਆ ਸੀ । ਇਸੇ ਮਾਮਲੇ ਸਬੰਧੀ ਇੱਕ ਵਿਦੇਸ਼ੀ ਨਾਗਰਿਕ ਨੂੰ ਦਿੱਲੀ ਤੋਂ ਕਾਬੂ ਕਰਕੇ ਉਸ ਪਾਸੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਖਮਾਣੋਂ ਸ਼੍ਰੀ ਧਰਮਪਾਲ ਨੇ ਦੱਸਿਆ ਕਿ ਜੀਨ ਸੀ. ਕੋਫੀ ਨਾਮ ਦੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਡੀ.ਐਸ.ਪੀ. ਧਰਮਪਾਲ ਨੇ ਦੱਸਿਆ ਕਿ ਬੀਤੇ ਦਿਨੀਂ ਬੌਬੀ ਵਰਮਾ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 470 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪੁੱਛ ਪੜਤਾਲ ਦੌਰਾਨ ਕਿ ਮੁਲਜ਼ਮ ਬੌਬੀ ਹੈਰੋਇਨ ਵੇਚਣ ਦਾ ਕੰਮ ਕਰਦਾ ਸੀ। ਬੋਬੀ ਵਰਮਾਂ ਤੋਂ ਕੀਤੀ ਪੁੱਛ ਪੜਤਾਲ ਦੇ ਆਧਾਰ 'ਤੇ ਦਿੱਲੀ ਵਿੱਚ ਰਹਿ ਰਹੇ ਮੁਲਜ਼ਮ ਜੀਨ.ਸੀ. ਕੋਫੀ ਨੂੰ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਪਾਰਟੀ ਵੱਲੋਂ ਦਿੱਲੀ ਵਿਖੇ ਰੇਡ ਕਰਕੇ ਜੀਨ ਸੀ. ਕੋਫੀ ਨੂੰ ਗ੍ਰਿਫਤਾਰ ਕੀਤਾ ਗਿਆ।