ਦੇਸ਼ ਵਿਆਪੀ ਸੱਦੇ 'ਤੇ ਮੋਦੀ ਸਰਕਾਰ ਦੀਆਂ ਮਜ਼ਦੂਰ-ਕਿਰਤੀ ਵਿਰੋਧੀ ਨੀਤੀਆਂ ਖਿਲਾਫ਼

25

November

2020

ਲੁਧਿਆਣਾ, 25 ਨਵੰਬਰ (ਬਿਕਰਮਪ੍ਰੀਤ) ਕੱਲ੍ਹ (26 ਨਵੰਬਰ) ਦੇਸ਼ ਭਰ ਵਿੱਚ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੀਆਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਪੱਖੀ ਨੀਤੀਆਂ ਖਿਲਾਫ਼ ਸੜ੍ਹਕਾਂ 'ਤੇ ਉੱਤਰ ਰਹੀਆਂ ਹਨ। ਇਸੇ ਦਿਨ ਕਿਸਾਨਾਂ ਦੀਆਂ ਜੱਥੇਬੰਦੀਆਂ ਲੋਕ ਦੋਖੀ ਖੇਤੀ ਕਨੂੰਨ ਰੱਦ ਕਰਾਉਣ ਲਈ ਦਿੱਲੀ ਕੂਚ ਰਹੀਆਂ ਹਨ। ਨੌਜਵਾਨਾਂ-ਵਿਦਿਆਰਥੀਆਂ ਤੇ ਹੋਰ ਤਬਕੇ ਨੇ ਵੀ ਦੇਸ਼ ਭਰ ਦੇ ਮਜ਼ਦੂਰਾਂ-ਕਿਰਤੀਆਂ ਦੀ ਅਵਾਜ਼ ਮਿਲਾਉਣ ਦਾ ਐਲਾਨ ਕੀਤਾ ਹੈ। ਕਾਰਖਾਨਾ ਮਜ਼ਦੂਰ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਮੋਲ਼ਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਨੌਜਵਾਨ ਭਾਰਤ ਸਭਾ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਲੋਕ ਏਕਤਾ ਸੰਗਠਨ, ਜਮਹੂਰੀ ਅਧਿਕਾਰ ਸਭਾ, ਵੱਲੋਂ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ 1 ਤੋਂ 3 ਵਜੇ ਤੱਕ ਸਾਂਝਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ। 26 ਦੇ ਇਸ ਰੋਸ ਮੁਜਾਹਰੇ ਬਾਰੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀਆਂ ਜੱਥੇਬੰਦੀਆਂ 26 ਨੂੰ ਰੋਸ ਮੁਜ਼ਾਹਰੇ ਰਾਹੀਂ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 25 ਹਜ਼ਾਰ ਕਰਨ, ਕੋਰੋਨਾ ਬਹਾਨੇ ਤਨਖਾਹ ਵਿੱਚ ਨਾਜਾਇਜ ਕਟੌਤੀ ਰੱਦ ਕਰਨ, ਕਿਰਤ ਕਨੂੰਨਾਂ ਵਿੱਚ ਸੋਧਾਂ ਰੱਦ ਕਰਨ, ਮਜ਼ਦੂਰ-ਕਿਰਤੀ ਅਬਾਦੀ ਵਿਰੋਧੀ ਨਵੇਂ ਖੇਤੀ ਕਨੂੰਨ ਤੇ ਬਿਜਲੀ ਕਨੂੰਨ ਰੱਦ ਕਰਨ, ਸਰਕਾਰੀ ਅਦਾਰਿਆਂ-ਸਹੂਲਤਾਂ ਦਾ ਨਿੱਜੀਕਰਨ ਬੰਦ ਕਰਨ, ਬੇਰੁਜ਼ਗਾਰਾਂ ਨੂੰ ਰੁਜਗਾਰ ਦੇਣ, ਸਭ ਨੂੰ ਮੁਫ਼ਤ ਖੁਰਾਕ, ਸਿੱਖਿਆ, ਸਿਹਤ ਆਦਿ ਸਹੂਲਤਾਂ ਮੁਹੱਈਆ ਕਰਾਉਣ, ਸੰਸਾਰੀਕਰਨ-ਉਦਾਰੀਕਰਨ-ਨਿੱਜਕਰਨ ਦੀਆਂ ਨੀਤੀਆਂ ਰੱਦ ਕਰਾਉਣ ਲਈ ਜੋਰਦਾਰ ਮੰਗ ਕਰਨਗੀਆਂ। ਇਸਦੇ ਨਾਲ਼ ਹੀ ਖੇਤੀ ਕਨੂੰਨਾਂ ਵਿਰੋਧੀ ਲੋਕ ਲਹਿਰ ਕੁਚਲਣ ਲਈ ਪੰਜਾਬ ਦੀ ਕੀਤੀ ਗਈ ਆਰਥਿਕ ਨਾਕਾਬੰਦੀ ਬੰਦ ਕਰਨ, ਸੂਬਿਆਂ ਦੇ ਹੱਕ ਬਹਾਲ ਕਰਨ, ਕੌਮਾਂ ਦਾ ਜ਼ਬਰ ਬੰਦ ਕਰਨ, ਖੁਦਮੁਖਤਿਆਰੀ ਦੇਣ ਦੀ ਮੰਗ ਜੋਰਦਾਰ ਢੰਗ ਨਾਲ਼ ਉਠਾਈ ਜਾਵੇਗੀ। ਸੀ.ਏ.ਏ., ਐਨ.ਪੀ.ਆਰ., ਐਨ.ਆਰ.ਸੀ. ਰੱਦ ਕਰਨ, ਜਮਹੂਰੀ ਹੱਕਾਂ ਲਈ ਜੂਝਣ ਵਾਲ਼ੇ ਕਾਰਕੁੰਨਾਂ, ਬੁੱਧੀਜੀਵੀਆਂ, ਪੱਤਰਕਾਰਾਂ ਦੀ ਰਿਹਾਈ ਲਈ ਜੋਰਦਾਰ ਅਵਾਜ ਬੁਲੰਦ ਕੀਤੀ ਜਾਣੀ ਹੈ। ਲੋਕ ਆਗੂਆਂ ਨੇ ਸਭਨਾਂ ਮਜ਼ਦੂਰਾਂ, ਕਿਰਤੀਆਂ, ਇਨਸਾਫਪਸੰਦ-ਜਮਹੂਰੀਅਤ ਪਸੰਦ ਲੋਕਾਂ ਨੂੰ 26 ਦੇ ਰੋਸ ਮੁਜ਼ਾਹਰਿਆਂ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।