ਅੱਜ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਹੋਵੇਗਾ ਆਨਲਾਈਨ ਕੁਇਜ਼ ਮੁਕਾਬਲਾ

24

November

2020

ਫਾਜ਼ਿਲਕਾ, 24 ਨਵੰਬਰ (ਪ.ਪ) ਮੁੱਖ ਚੋਣ ਅਫਸਰ ਪੰਜਾਬ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਅੱਜ 'ਸੰਵਿਧਾਨ, ਲੋਕਤੰਤਰ ਤੇ ਅਸੀ' ਵਿਸ਼ੇ 'ਤੇ ਆਨਲਾਈਨ ਕੁਇਜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੁਇਜ ਮੁਕਾਬਲੇ ਵਿਚ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਕੁਇਜ ਮੁਕਾਬਲੇ 'ਚ ਕੁਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਵੱਲੋਂ ਉਕਤ ਵਿਸ਼ੇ ਸਬੰਧੀ 27 ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ ਆਪਣੇ ਫੇਸਬੁਕ ਪੇਜ਼ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਲੇਖਾਂ ਦੇ ਆਧਾਰ 'ਤੇ ਹੀ ਕੁਇਜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਦੁਪਹਿਰ 12 ਵਜੇ ਕਰਵਾਇਆ ਜਾਵੇਗਾ ਜਿਸ ਤਹਿਤ ਕੁਇਜ ਦਾ ਲਿੰਕ 25 ਨਵੰਬਰ ਨੂੰ ਮੁਕਾਬਲੇ ਤੋਂ ਥੋੜੀ ਦੇਰ ਪਹਿਲਾਂ ਮੁਖ ਚੋਣ ਅਫਸਰ ਪੰਜਾਬ ਦੇ ਫੇਸਬੁਕ ਪੇਜ਼ ਅਤੇ ਟਵੀਟਰ ਅਕਾਉਂਟ 'ਤੇ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਇਜ਼ ਨਿਰਧਾਰਤ ਸਮੇਂ ਅੰਦਰ ਹੀ ਪੂਰਾ ਕਰਕੇ ਜਮ੍ਹਾਂ ਕਰਵਾਉਣਾ ਹੋਵੇਗਾ ਤੇ 30 ਮਿੰਟ ਤੋਂ ਬਾਅਦ ਕੁਇਜ਼ ਜਮਾਂ ਨਹੀਂ ਹੋ ਸਕੇਗਾ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਹ ਆਨਲਾਈਨ ਕੁਇਜ ਮੁਕਾਬਲੇ ਦੇ ਡਰਾਅ ਸਟੇਟ ਪੱਧਰ 'ਤੇ ਤਿਆਰ ਕੀਤੇ ਜਾਣਗੇ ਅਤੇ ਪਹਿਲੇ ਸਥਾਨ 'ਤੇ ਜੇਤੂ ਰਹਿਣ ਵਾਲੇ ਨੂੰ 1500 ਰੁਪਏ, 1300 ਰੁਪਏ ਦੂਜੇ ਸਥਾਨ ਅਤੇ 1000 ਰੁਪਏ ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਹਿੱਸਾ ਲੈਣ ਵਾਲੇ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।ਉਨ੍ਹਾਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਨਾਗਰਿਕਾਂ ਨੂੰ ਕੁਇਜ ਵਿਚ ਹਿਸਾ ਲੈਣ ਦੀ ਅਪੀਲ ਕੀਤੀ।