‘ਆਪ’ ਆਗੂਆਂ ਨੇ ਰਾਜਪਾਲ ਕੋਲ ਉਠਾਇਆ ਅਧਿਆਪਕ ਮੰਗਾਂ ਦਾ ਮਸਲਾ

17

October

2018

ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਫ਼ਦ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ 8886 ਐੱਸਐੱਸਏ, ਰਮਸਾ, ਆਦਰਸ਼ ਮਾਡਲ ਸਕੂਲ ਅਧਿਆਪਕਾਂ ਅਤੇ 4 ਸਾਲਾਂ ਤੋਂ ਸਿਰਫ਼ 7000 ਰੁਪਏ ’ਤੇ ਨੌਕਰੀ ਕਰਕੇ 5178 ਅਧਿਆਪਕਾਂ ਨੂੰ ਬਿਨਾਂ ਸ਼ਰਤ ਪੂਰੀ ਤਨਖ਼ਾਹ ’ਤੇ ਪੱਕੇ ਕਰਨ ਦੀਆਂ ਜਾਇਜ਼ ਮੰਗਾਂ ਨੂੰ ਜ਼ੋਰ ਨਾਲ ਉਠਾਇਆ। ਇਸ ਦੇ ਨਾਲ ਹੀ ਵਫ਼ਦ ਨੇ ਰਾਜਪਾਲ ਪੰਜਾਬ ਕੋਲ ਸੂਬੇ ਅੰਦਰ ਪੂਰੀ ਤਰ੍ਹਾਂ ਨਿੱਘਰ ਚੁੱਕੀ ਸਕੂਲ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਅੰਦਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ਼ ’ਤੇ ਸਿੱਖਿਆ ਦਾ ਬਜਟ ਵਧਾਉਣ ਲਈ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ। ਵਫ਼ਦ ਨੇ ਦੱਸਿਆ ਕਿ ਦਿੱਲੀ ਸਰਕਾਰ ਆਪਣੇ ਕੁੱਲ ਸਾਲਾਨਾ ਬਜਟ ਦਾ 26 ਪ੍ਰਤੀਸ਼ਤ ਸਿੱਖਿਆ ’ਤੇ ਖ਼ਰਚ ਕਰ ਰਹੀ ਹੈ, ਜਦਕਿ ਪੰਜਾਬ ਸਰਕਾਰ 4 ਪ੍ਰਤੀਸ਼ਤ ਤੋਂ ਵੀ ਘੱਟ ਖ਼ਰਚ ਕਰ ਰਹੀ ਹੈ। ਵਫ਼ਦ ਨੇ ਪੰਜਾਬ ਦੇ ਕਰੀਬ ਡੇਢ ਹਜ਼ਾਰ ਸਕੂਲਾਂ ਦੇ 6000 ਤੋਂ ਵੱਧ ਅਣਸੁਰੱਖਿਅਤ ਐਲਾਨੇ ਕਮਰਿਆਂ ਦਾ ਮੁੱਦਾ ਵੀ ਉਠਾਇਆ। ਵਫ਼ਦ ਨੇ ਸਰਹੱਦੀ ਖੇਤਰ ਦੇ ਸਕੂਲਾਂ ਦੀ ਬੇਹੱਦ ਤਰਸਯੋਗ ਹਾਲਤ ਅਤੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਅਤੇ ਸਟਾਫ਼ ਦੀ ਵੱਡੇ ਪੱਧਰ ’ਤੇ ਘਾਟ ਦਾ ਮੁੱਦਾ ਵੀ ਉਠਾਇਆ। ਰਾਜਪਾਲ ਨੂੰ ਮਿਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਉਣ ਦੇ ਅਨੈਤਿਕ ਅਤੇ ਗੈਰ ਜ਼ਿੰਮੇਵਾਰੀ ਵਾਲੇ ਫ਼ੈਸਲੇ ਨੇ ਸਮੁੱਚੇ ਅਧਿਆਪਕ ਵਰਗ ਦਾ ਮਨੋਬਲ ਪਸਤ ਕੀਤਾ ਹੈ, ਜਿਸ ਨੂੰ ਤੁਰੰਤ ਵਾਪਸ ਲੈ ਕੇ ਅਧਿਆਪਕਾਂ ਦਾ ਸਨਮਾਨ ਬਹਾਲ ਕਰਨਾ ਚਾਹੀਦਾ ਹੈ, ਕਿਉਂਕਿ ਜੋ ਅਧਿਆਪਕ ਪੂਰੀ ਭਰਤੀ ਪ੍ਰਕਿਰਿਆ ਅਤੇ ਯੋਗਤਾ ਦੇ ਆਧਾਰ ’ਤੇ 10-10 ਸਾਲਾਂ ਤੋਂ ਪੜ੍ਹਾ ਰਹੇ ਹਨ, ਉਨ੍ਹਾਂ ਦੀਆਂ ਤਨਖ਼ਾਹਾਂ ਘਟਣ ਦੀ ਥਾਂ ਵਧਣੀਆਂ ਚਾਹੀਦੀਆਂ ਹਨ। ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਦਲਿਤ-ਗ਼ਰੀਬਾਂ ਅਤੇ ਆਮ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ‘ਆਪ‘ ਆਗੂਆਂ ਨੇ ਠੇਕਾ ਆਧਾਰਿਤ 5178 ਅਧਿਆਪਕਾਂ ਨੂੰ ਵੀ ਤੁਰੰਤ ਪੂਰੇ ਵੇਤਨ ਉੱਤੇ ਪੱਕਾ ਕਰਨ ਦੀ ਮੰਗ ਕੀਤੀ।