ਭਗਤ ਨਾਮਦੇਵ ਜੀ

24

November

2020

ਪ੍ਰਭੂ ਨੇ ਆਪ ਸ੍ਰਿਸ਼ਟੀ ਪੈਦਾ ਕਰਕੇ ਆਪ ਹੀ ਭਰਮ'ਚ ਪਾਈ ਹੋਈ ਹੈ। ਜਿਸਨੂੰ ਇਹ ਸਮਝ ਜਾਂਦਾ ਉਹ ਫਿਰ ਆਪਣੇ ਹੀ ਘੜ੍ਹਿਆਂ ਅਗੇ ਮੱਥੇ ਨਹੀਂ ਟੇਕਦਾ। ਸਭ ਤ੍ਰਿਗਣੀ ਸੁਭਾਅ ਦਾ ਤਮਾਸ਼ਾ ਹੈ ਅਤੇ ਇਸ ਤਮਾਸ਼ੇ ਦਾ ਮਾਲਕ ਗੋਬਿੰਦ ਹੈ ਜਾਂ ਇੰਝ ਕਹਿ ਲਓ ਕਿ, ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ£ (ਅੰਗ-485) ਧਾਗਾ ਵੀ ਉਹੀ ਹੈ ਮਣਕਾ ਵੀ, ਬੁਲਬੁਲਾ ਵੀ ਉਹੀ ਹੈ ਪਾਣੀ ਵੀ, ਸੁਗੰਧ ਵੀ ਉਹੀ ਹੈ ਭੌਰਾ ਵੀ, ਖੀਰ ਵੀ ਉਹੀ ਹੈ ਅਤੇ ਵੱਛਾ ਵੀ। ਉਸਨੂੰ ਕੋਈ ਨੇੜੇ ਆਖਦਾ ਕੋਈ ਦੂਰ, ਉਸਦੀ ਪ੍ਰਾਪਤੀ ਬਾਰੇ ਦਾਅਵੇ ਇੰਝ ਹਨ ਜਿਵੇਂ ਜਲ ਦੀ ਮਛਲੀ ਖੰਜੂਰ 'ਤੇ ਚੜ੍ਹਨ ਦਾ ਯਤਨ ਕਰ ਰਹੀ ਹੋਵੇ। ਪਰ ਜਿੰਨ੍ਹਾਂ ਨੇ ਪ੍ਰਾਪਤ ਕੀਤਾ ਹੈ ਉਹ ਪ੍ਰਾਪਤੀ ਦਾ ਡੰਡੋਰਾ ਨਹੀ ਪਿੱਟਦੇ। ਪੰਡਿਤੁ ਹੋਇ ਕੈ ਬੇਦੁ ਬਖਾਨੈ£ ਮੂਰਖੁ ਨਾਮਦੇਉੇ ਰਾਮਹਿ ਜਾਨੈ£ (ਅੰਗ-718) ਉਪਰੋਕਤ ਸਤਰਾਂ ਦੇ ਗਿਆਤਾ ਅਤੇ ਰਚਯਿਤਾ ਹਨ ਭਗਤ ਨਾਮਦੇਵ ਜੀ ਜਿੰਨ੍ਹਾਂ ਨੂੰ ਇੰਨ੍ਹੀ ਵਾਰ ਪ੍ਰਤੱਖ ਤੌਰ ਤੇ ਪ੍ਰਭੂ ਦਰਸ਼ਨ ਹੋਏ ਹਨ ਕਿ ਕਿਸੇ ਹੋਰ ਭਗਤ ਨੂੰ ਇਹ ਸੁਭਾਗ ਪ੍ਰਾਪਤ ਨਹੀ ਹੋਇਆ। ਭਗਤ ਜੀ ਅੰਦਰ ਗੋਬਿੰਦ ਇੰਝ ਪ੍ਰਤੱਖ ਹੈ ਜਿਵੇਂ ਘੁਮਾਰ ਦੇ ਘਰ ਹਾਂਡੀ, ਬ੍ਰਾਹਮਣ ਘਰ ਪੱਤਰੀ, ਬਾਣੀਏ ਦੇ ਘਰ ਹੀਂਗ, ਭੈਂਸ ਦੇ ਸਿਰ ਸੀਂਗ, ਦੇਵਾਲੇ 'ਚ ਲਿਗ, ਤੇਲੀ ਘਰ ਤੇਲ, ਮਾਲੀ ਘਰ ਕੇਲ ਅਤੇ ਜੰਗਲ'ਚ ਬੇਲ ਪ੍ਰਤੱਖ ਹੈ। ਪ੍ਰੰਤੂ ਪੂਰਨਤਾ ਦਾ ਇਹ ਸਫ਼ਰ ਜੇਕਰ ਅਸਾਨ ਨਹੀਂ ਤਾਂ ਦੁਸ਼ਵਾਰ ਵੀ ਨਹੀ ਸੀ। ਇਸ ਰੁਹਾਨੀ ਸਫ਼ਰ ਦੌਰਾਨ ਭਗਤ ਜੀ ਵਲੋਂ ਹੋਏ ਯਤਨ ਅਤੇ ਬੇਨਤੀਆਂ ਤੇ ਜੇਕਰ ਝਾਤ ਮਾਰੀਏ ਤਾਂ ਯਕੀਨਨ ਸਾਡਾ ਵੀ ਰਾਹ ਰੁਸ਼ਨਾ ਜਾਵੇਗਾ। ਜਿਵਂੇ ਵੱਛਾ ਗਾਂ ਲਈ, ਮੱਛੀ ਪਾਣੀ ਲਈ ਅਤੇ ਵਿਸ਼ਈ ਮਨੁੱਖ ਪਰ ਨਾਰੀ ਲਈ ਤੜ੍ਹਪਦੇ ਹਨ। ਤਿਵੇਂ ਹੀ ਭਗਤ ਜੀ ਵੀ ਪ੍ਰਭੂ ਤੋਂ ਵਿਛੜ ਕੇ ਤੜਪਦੇ ਹਨ ਅਤੇ ਉਸਦੇ ਮੇਲ ਲਈ ਯਤਨ ਅਤੇ ਬੇਨਤੀਆਂ ਕਰਦੇ ਹਨ। ਉਹ ਮਨ ਨੂੰ ਗਜ ਬਣਾਉਂਦੇ ਹਨ, ਜੀਭ ਨੂੰ ਕੈਂਚੀ, ਨਾਪ-ਨਾਪ ਕੇ ਮੌਤ ਦੇ ਡਰ ਦਾ ਫ਼ੰਦਾ ਕੱਟਦੇ ਹਨ। ਉਹਨਾਂ ਪਾਸ ਸ਼ਬਦ ਰੂਪੀ ਸੋਨੇ ਦੀ ਸੂਈ, ਸੁਰਤ ਰੂਪੀ ਚਾਂਦੀ ਦਾ ਧਾਗਾ ਹੈ। ਉਹ ਦਸ ਬੈਰਾਗਣ ਗਿਆਨ ਇੰਦਰੀਆ ਵਸ 'ਚ ਕਰ ਰਹੇ ਹਨ। ਪੰਜ ਵਿਕਾਰਾਂ ਦਾ ਨਾਮੋ-ਨਿਸ਼ਾਨ ਮਿਟਾ ਰਹੇ ਹਨ। ਬਉਰੀ ਨਾਰ ਵਾਂਗ ਭਗਤੀ ਦੇ ਗੁਣਾਂ ਨਾਲ ਪ੍ਰਭੂ ਲਈ ਸ਼ਿੰਗਾਰ ਕਰਦੇ ਹਨ। ਗੁਰੂ ਦਾ ਦਿੱਤਾ ਗਿਆਨ ਰੂਪੀ ਸੁਰਮਾ ਵਰਤ ਰਹੇ ਹਨ। ਗਿਆਨ ਅੰਜਨੁ ਮੋਕਉ ਗੁਰਿ ਦੀਨਾ£ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ£ (ਅੰਗ-857) ਭਗਤ ਜੀ ਆਪਣੀ ਜੀਭ ਨੂੰ ਵਰਜਦੇ ਹੋਏ ਫ਼ਰਮਾਉਂਦੇ ਹਨ ਕਿ, ਹੇ ਜੀਹਵਾ! ਜੇਕਰ ਤੂੰ ਹੁਣ ਵੀ ਹਰੀ ਨਾਮ ਨਹੀ ਜਪੇਗੀ ਤਾਂ ਮੈਂ ਤੇਰੇ ਸੌ-ਸੌ ਟੋਟੇ ਕਰ ਦਿਆਗਾਂ। ਉਹ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਜੇ ਮਾਲਕ ਕਸ਼ਟ ਦੇਵੇ ਅਤੇ ਨੌਕਰ ਨੌਕਰੀ ਛੱਡ ਕੇ ਭੱਜ ਜਾਏ ਤਾਂ ਪਰਿਵਾਰ ਲਈ ਸ਼ਰਮਿੰਦਗੀ ਹੀ ਖੱਟਦਾ ਹੈ। ਇਸ ਲਈ ਮੈਂ ਅਜਿਹਾ ਨਹੀ ਕਰਾਂਗਾ, ਪ੍ਰਭੂ ਮਾਲਕ ਦੀ ਪ੍ਰਸੰਨਤਾ ਹੀ ਮੇਰੀ ਭਗਤੀ ਹੈ ਅਤੇ ਜਿਵੇਂ ਵੀ ਉਹ ਰੱਖੇਗਾ, ਮੈਂ ਰਹਾਂਗਾ। ਉਹ ਖੰਡ-ਖੀਰ ਖਿਲਾਏਗਾ, ਭੀਖ ਮੰਗਵਾਏਗਾ, ਕਦੇ ਪੈਰੀ ਜੁੱਤੀ ਨਾ ਵੀ ਹੋਈ ਅਤੇ ਕਦੇ ਮਖ਼ਮਲ ਦੇ ਪਲੰਘ ਵੀ ਹੋਣ ਤਾਂ ਵੀ ਮੈਂ ਹਰ ਅਵਸਥਾ ਨੂੰ ਸਦਾ ਚੰਗਾ ਹੀ ਕਹਾਗਾਂ। ਰਾਜ ਪ੍ਰਾਪਤੀ ਦੇ ਨਾਲ ਵੱਡਾ ਨਹੀ ਹੋ ਜਾਵਾਂਗਾ, ਜੇ ਭੀਖ ਮੰਗਣੀ ਪੈ ਗਈ ਤਾਂ ਛੋਟਾ ਨਹੀ ਹੋ ਜਾਵਾਂਗਾ। ਨਰਕ ਸੁਰਗ ਦੀ ਪਰਵਾਹ ਕੀਤੇ ਬਗੈਰ ਧ੍ਰੂ-ਨਾਰਦ ਵਾਂਗ ਤੇਰੇ ਨਾਮ 'ਚ ਨੇਸ਼ਚਾ ਪੱਕਾ ਰੱਖਾਗਾਂ। ਭਗਤ ਜੀ ਹਰੀ ਬੀਠਲ ਨੂੰ ਵੀ ਕਹਿੰਦੇ ਹਨ ਕਿ ਤੇਰੀ ਭਗਤੀ ਨਹੀ ਛੱਡਾਗਾਂ ਭਾਵੇਂ ਲੋਕ ਮੇਰੇ 'ਤੇ ਪਏ ਹੱਸਣ। ਇਹਨਾਂ ਯਤਨਾਂ ਦੇ ਨਾਲ-ਨਾਲ ਭਗਤ ਜੀ ਬੇਨਤੀ ਦੀ ਮਹੱਤਤਾ ਵੀ ਨਹੀ ਭੁਲਦੇ ਅਤੇ ਸਮੇਂ-ਸਮੇਂ ਪ੍ਰਭੂ ਅੱਗੇ ਬੇਨਤੀਆਂ-ਅਰਜੋਈਆਂ ਵੀ ਕਰਦੇ ਹਨ ਮੋ ਕਉੇ ਤਾਰਿ ਲੇ ਰਾਮਾ ਤਾਰਿ ਲੇ£ (ਅੰਗ-345) ਸੰਸਾਰੁ ਸਮੁੰਦੇ ਤਾਰਿ ਗੋਬਿੰਦੇ£ (ਅੰਗ-1196) ਭਗਤ ਜੀ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ! ਮੇਰੇ ਜਿਹੇ ਕੰਗਾਲ ਅਜ਼ੀਜ਼ ਨੂੰ ਤੇਰੇ ਨਾਮ ਦਾ ਸਹਾਰਾ ਹੈ, ਆਸਰਾ ਹੈ, ਤੇਰਾ ਨਾਮ ਖੁੰਦਕਾਰਾ ਹੈ, ਮੇਰੀ ਸੋਟੀ ਹੈ। ਤੂੰ ਕਰੀਮ ਹੈ, ਰਹੀਮ ਹੈ, ਰਹਿਮਤਾਂ ਦਾ ਦਾਤਾ ਹੈ। ਤੂੰ ਹੀ ਪਦਾਰਥ ਦਿੰਦਾ ਅਤੇ ਵਾਪਸ ਲੈਂਦਾ ਹੈ। ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ£ (ਅੰਗ-727) ਤੂੰ ਸਭ ਨੂੰ ਜਾਨਣ ਵਾਲਾ ਵੇਖਣ ਵਾਲਾ ਬਖ਼ਸ਼ਿਸ਼ਾ ਕਰਨ ਵਾਲਾ ਹੈ। ਐੈਸੀ ਸਮਰੱਥਾ ਵਾਲਾ ਹੋਰ ਕੋਈ ਨਹੀਂ। ਤੂੰ ਤੀਨੈ ਤਾਪ ਸਾੜ੍ਹ ਦਿੰਦਾ ਹੈ। ਤੂੰ ਹੀ ਬੇਢੀ ਹੈ, ਜਿਸਨੇ ਮੇਰੀ ਕੁੱਲੀ ਬਣਾਈ ਹੈ। ਵਿਕਾਰਾਂ 'ਚ ਡਿੱਗੇ ਹੋਏ ਬੰਦੇ ਨੂੰ ਮੁੜ ਪਵਿੱਤਰ ਕਰਨਾ ਤੇਰਾ ਮੁੱਢ ਤੋਂ ਸੁਭਾਅ ਹੈ। ਪਤਿਤ ਪਾਵਨ ਮਾਧਉ ਬਿਰਦੁ ਤੇਰਾ£ (ਅੰਗ-694) ਤੂੰ ਹੀ ਸੋਹਣੇ ਕੇਸਾਂ ਵਾਲਾ ਹਰੀ ਹੈ।ਤੇਰੇ ਸਿਰ ਸੱਤ ਅਸਮਾਨਾਂ ਦੀ ਟੋਪੀ ਹੈ, ਤੇਰੇ ਪੈਰ੍ਹੀ ਸੱਤ ਪਤਾਲਾਂ ਦੀ ਖੜਾਵਾਂ ਹਨ। ਸਭ ਜੀਅ-ਜੰਤ ਤੇਰਾ ਘਰ ਹੈ। ਛਪੰਜਾ ਕ੍ਰੋੜ ਬੱਦਲਾਂ ਦੀ ਮਾਲਾ ਤੇਰਾ ਚੋਲਾ ਹੈ। ਸੋਲਾਂ ਹਜ਼ਾਰ ਆਲਮ ਤੇਰੇ ਵਸਤਰ ਹਨ। ਅਠਾਰਾਂ ਭਾਰ ਬਨਸਪਤੀ ਤੇਰੀ ਸੋਟੀ ਹੈ। ਸਾਰਾ ਸੰਸਾਰ ਤੇਰੀ ਪਲੇਟ ਹੈ। ਮੇਰਾ ਸਰੀਰ ਮਸੀਤ ਹੈ, ਮੇਰਾ ਮਨ ਬਾਂਗ ਦੇਣ ਵਾਲਾ ਮੁੱਲਾ ਹੈ ਜੋ ਤੇਰੇ ਚਰਨਾਂ 'ਚ ਜੁੜ ਕੇ ਅਡੋਲਤਾ ਦੀ ਨਮਾਜ਼ ਪੜ੍ਹ ਰਿਹਾ ਹੈ। ਤੂੰ ਹੀ ਲੱਛਮੀ ਦਾ ਸੁਆਮੀ ਹੈ। ਤੂੰ ਹੀ ਸਭ ਦੇਸ਼ਾ'ਚ ਵਿਆਪਕ ਹੈ। ਸਭ ਦੇ ਅੰਦਰ ਦੀਆਂ ਜਾਨਣ ਵਾਲਾ ਹੈ। ਜਦੋਂ ਭਗਤ ਜੀ ਨੂੰ ਧੱਕਾ ਮਾਰ ਮੰਦਿਰ 'ਚੋਂ ਬਾਹਰ ਕੱਢਿਆ ਗਿਆ ਤਾਂ ਇਹ ਭਗਤ ਜੀ ਦੀ ਬੇਨਤੀ ਦੀ ਤਾਕਤ ਹੀ ਸੀ ਕਿ ਦੇਹੁਰਾ ਫ਼ਿਰ ਗਿਆ। ਬਿਨ ਸਾਵਨ ਬੱਦਲ ਆਏ। ਬਿਨ ਬੱਦਲ ਵਰਖਾ ਹੋਈ। ਘੜ੍ਹੇ ਦੇ ਪਾਣੀ ਨੇ ਸਮੁੰਦਰ 'ਚ ਮਿਲ ਕੇ ਆਪਣੀ ਵੱਖਰੀ ਹਸਤੀ ਮਿਟਾ ਦਿੱਤੀ। ਨਾਮਦੇਵ ਸਹਿਜ ਅਵਸਥਾ'ਚ ਸਮਾ ਗਏ। ਹਲੇ ਯਾਰਾ ਹਲੇ ਯਾਰਾ ਖੁਸ਼ਖਬਰੀ ਦਾ ਸਮਾਂ ਬਣਿਆ, ਗਿਆਨ ਹੋ ਗਿਆ, 'ਨਾਮਾ ਕੁਰਬਾਨ ਹੋ ਗਿਆ' ਇਹ ਦੇਖ ਕਿ ਦੁਆਰਕਾ'ਚ ਵੀ ਉਹੀ ਹੈ, ਮੱਕੇ 'ਚ ਵੀ ਉਹੀ ਹੈ।ਕ੍ਰਿਸ਼ਨ ਵੀ ਉਹੀ ਹੈ, ਮੀਰ ਵੀ ਉਹੀ ਹੈ। ਰਾਜ ਹਾਥੀ ਦੀ ਜਿੰਦ ਤੇਂਦੁਏ ਤੋਂ ਬਚਾਉਣ ਵਾਲਾ, ਦਰੋਪਤੀ ਨੂੰ ਚੀਰ ਹਰਨ ਤੋਂ ਬਚਾਉਣ ਵਾਲਾ, ਗੋਤਮ ਰਿਸ਼ੀ ਦੀ ਨਾਰ ਅਹੱਲਿਆ ਜੋ ਸਿਲਾ ਬਣ ਗਈ ਸੀ ਨੂੰ ਪਵਿੱਤਰ ਕਰਨ ਵਾਲਾ ਹਰੀ ਹੈ। ਅਜਾਮਲ, ਗਨਿਕਾ, ਕੇਸੀ, ਕੰਸ, ਕਾਲੀਨਾਗ ਅਤੇ ਪੂਤਨਾ ਅਨੇਕਾਂ ਨੂੰ ਤਾਰਨ ਵਾਲਾ ਹੈ। ਹਰਏ ਨਮਸਤੇ ਹਰਏ ਨਮਹ£ ਹਰਿ ਹਰਿ ਕਰਤ ਨਹੀ ਦੁਖੁ ਜਮਹ£ (ਅੰਗ-874) ਇਹ ਉਸ ਪ੍ਰਭੂ ਦੇ ਕੌਤਕ ਹੀ ਹਨ ਕਿ ਕਦੇ ਉਹ ਭਗਤ ਦੀ ਰੱਖਿਆ ਲਈ ਹਰਨਾਖ਼ਸ ਨੂੰ ਮਾਰਦਾ ਹੈ ਅਤੇ ਕਦੇ ਉਹ ਦੋ ਕਦਮ ਭੂਮੀ ਲੈਣ ਲਈ ਰਾਜਾ ਬਲਿ ਦੇ ਦੁਆਰੇ ਭਿਖਾਰੀ ਰੂਪ 'ਚ ਖੜ੍ਹਦਾ ਹੈ। ਜਦੋਂਕਿ ਹਰੀ ਆਪ ਕਈ ਹਜ਼ਾਰ ਮੰਡਲਾ ਦਾ ਉਹ ਪ੍ਰਭੂ ਇੱਕਲਾ ਹੀ ਮਾਲਕ ਹੈ। ਉਹੀ ਜਗਤ ਦਾ ਮੂਲ ਹੈ। ਸਭ 'ਚ ਉਸ ਪ੍ਰਭੂ ਦੀ ਸੱਤਾ ਹੀ ਵਰਤ ਰਹੀ ਹੈ। ਸਭੈ ਘਟ ਰਾਮੁ ਬੋਲੈ ਰਾਮਾ ਬੋਲ£ (ਅੰਗ-988) ਇਕ ਮਿੱਟੀ ਤੋਂ ਕੀੜੀ-ਹਾਥੀ ਕਈ ਕਿਸਮ ਦੇ ਭਾਂਡੇ ਬਣੇ ਹਨ। ਜਿੰਦ-ਨਰਜਿੰਦ ਕੀਟ ਪਤੰਗ ਹਰ ਘਟ 'ਚ ਪਰਮਾਤਮਾ ਆਪ ਸਮਾਇਆ ਹੈ। ਤਰਕੁ ਨ ਚਾ£ (ਅੰਗ-693) ਸ਼ੱਕ ਨਾ ਕਰੋ। ਇਹ ਸੰਸਾਰ ਪ੍ਰਭੂ ਦਾ ਬਾਗ ਹੈ ਇਸ ਬਾਗ ਵਿੱਚ ਸਭ ਜੀਵ ਮਾਇਆ 'ਚ ਮੋਹਿਤ ਹੋ ਇੰਝ ਨੱਚ ਰਹੇ ਹਨ ਜਿਵੇਂ ਖੂਹ ਦੀਆਂ ਟਿੰਡਾਂ 'ਚ ਪਾਣੀ ਨੱਚਦਾ ਹੈ। ਜਦੋਂ ਸੁਲਤਾਨ ਮੁਹੰਮਦ-ਬਿਨ-ਤੁਗਲਕ ਨੇ ਭਗਤ ਜੀ ਨੂੰ ਗਾਂ ਜੀਵਿਤ ਕਰਨ ਲਈ ਕਿਹਾ ਤਾਂ ਭਗਤ ਜੀ ਨੇ ਪ੍ਰਭੂ ਯਾਦ 'ਚ ਨਿਰਮਲ ਹਿਰਦੇ ਰੂਪੀ ਕਟੌਰੇ ਨੂੰ ਪ੍ਰਭੂ ਅੱਗੇ ਖੋਲਿਆ। ਏਕੁ ਭਗਤੁ ਮੇਰੇ ਹਿਰਦੇ ਬਸੈ£ ਨਾਮੇ ਦੇਖਿ ਨਰਾਇਨੁ ਹਸੈ। (ਅੰਗ-1163) ਨਾਮੇ ਨੂੰ ਦੇਖ ਹਰੀ ਨਾ ਸਿਰਫ਼ ਖੁਸ਼ ਹੋਏ, ਸਗੋਂ ਗਾਂ ਵੀ ਜੀਵਿਤ ਕੀਤੀ। ਇਸ ਤਰ੍ਹਾਂ: ਨਾਮੇ ਕੀ ਕੀਰਤਿ ਰਹੀ ਸੰਸਾਰਿ£ ਭਗਤ ਜਨਾਂ ਲੇ ਉਧਰਿਆ ਪਾਰਿ£ (ਅੰਗ-1165) ਇਹ ਸੋਭਾ ਦੇਖ ਨਿੰਦਕਾ ਨੂੰ ਦੁੱਖ ਹੋਇਆ ਪਰ ਭਗਤ ਅਤੇ ਸੁਆਮੀ'ਚ ਕੋਈ ਅੰਤਰ ਨਹੀ ਰਿਹਾ। ਨਾਮੇ ਨਾਰਾਇਨ ਨਾਹੀ ਭੇਦੁ£ (ਅੰਗ-1165) ਹਰੀ ਦਰਸ਼ਨ ਨਾਲ 'ਐਸੇ ਨਾਮੇ ਪ੍ਰੀਤਿ ਮੁਰਾਰੀ' ਬੱਝੀ ਜਿਵੇਂ ਮਛੇਰੇ ਦੀ ਮੱਛੀ ਨਾਲ, ਸੁਨਿਆਰ ਦੀ ਸੋਨੇ ਨਾਲ, ਜੁਆਰੀ ਦੀ ਪਾਸਾ ਸੁੱਟਣ ਨਾਲ, ਪਿਆਸੇ ਦੀ ਪਾਣੀ ਨਾਲ, ਮੂਰਖ ਦੀ ਟੱਬਰ ਨਾਲ, ਲੋਭੀ ਦੀ ਧਨ ਨਾਲ, ਕਾਮੀ ਦੀ ਨਾਰੀ ਨਾਲ, ਮਾਰਵਾੜ ਦੀ ਨੀਰ ਨਾਲ ਬੱਝਦੀ ਹੈ। ਪ੍ਰਭੂ ਸਿਫ਼ਤ-ਸਲਾਹ ਦੀ ਬਰਕਤ ਨਾਲ ਨਾਮਦੇਵ ਜੀ ਨੇ ਚੰਚਲ ਮਨ ਪ੍ਰਭੂ ਚਰਨਾਂ 'ਚ ਟਿਕਾ ਲਿਆ ਅਤੇ ਉਹਨਾਂ ਲਈ ਇੜਾ, ਪਿੰਗਲਾ, ਸੁਖਮਨਾ 'ਚ ਸੁਆਸ ਚਾੜ੍ਹਨੇ-ਉਤਾਰਨੇ ਬੇਲੋੜੀਂਦਾ ਹੋ ਗਿਆ। ਭਗਤ ਜੀ ਕਹਿੰਦੇ ਹੁਣ ਮੈਂ ਤੀਰਥਾਂ ਤੇ ਇਸ਼ਨਾਨ ਕਰਕੇ ਜਲ ਦੇ ਜੀਵਾਂ ਨੂੰ ਨਹੀ ਡਰਾਉਂਦਾ ਕਿਉਂਕਿ ਗੁਰੂ ਨੇ ਮੈਨੂੰ ਅਠਾਹਟ ਤੀਰਥ ਅੰਦਰ ਹੀ ਦਿਖਾ ਦਿੱਤੇ ਅਤੇ ਹੁਣ ਮੈਂ ਇਹਨਾਂ 'ਚ ਹੀ ਆਤਮਿਕ ਇਸ਼ਨਾਨ ਕਰਨ ਲੈਣਾ ਹਾਂ। ਭਗਤ ਜੀ ਸਾਨੂੰ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਸੱਪ ਕੂੰਜ ਲਾ ਦਿੰਦਾ ਜ਼ਹਿਰ ਨਹੀ ਛੱਡਦਾ ਇਸ ਤਰ੍ਹਾਂ ਅੰਦਰ ਤ੍ਰਿਸ਼ਨਾ ਰੱਖ ਬਾਹਰ ਅੱਖਾ ਮੇਟਣ ਕੀ ਲਾਭ ਹੋਵੇਗਾ? ਕਾਂਸੀ ਜਾ ਕੇ ਉਲਟਾ ਲਟਕ ਕੇ ਤਪ ਕਰਨੇ, ਤੀਰਥਾਂ ਤੇ ਸਰੀਰ ਤਿਆਗਨੇ, ਧੁਨੀਆ 'ਚ ਸਰੀਰ ਸਾੜ੍ਹਨੇ ਜਾਂ ਯੋਗ ਅਭਿਆਸ ਨਾਲ ਚਿਰੰਜੀਵੀ ਕਰ ਲੈਣੇ, ਗੰਗਾ-ਗੋਦਾਵਰੀ-ਕੇਦਾਰ ਨਹਾਉਣ ਨਾਲ, ਗੋਮਤੀ ਕੰਢੇ ਹਜ਼ਾਰ ਗਊਆਂ ਦਾਨ ਕਰਨ ਨਾਲ, ਕਰੋੜਾਂ ਤੀਰਥ ਯਾਤਰਾਵਾਂ ਕਰਨ ਨਾਲ ਅਤੇ ਹਿਮਾਲਿਆ ਦੀ ਬਰਫ਼ 'ਚ ਸਰੀਰ ਗਾਲ ਦੇਣ ਨਾਲ ਵੀ ਪ੍ਰਭੂ ਨਾਮ ਦੀ ਬਰਾਬਰੀ ਨਹੀ ਹੋ ਸਕਦੀ। ਘੋੜੇ, ਹਾਥੀ, ਸੇਜ, ਵਹੁਟੀ, ਜਮੀਨ, ਖੁਦ ਦਾ ਦਾਨ ਕਰਕੇ ਫ਼ਿਰ ਵੀ ਮਨ 'ਚ ਗਿਲਾ ਨਾ ਕਰਨਾ, ਜਮਾਂ ਨੂੰ ਦੋਸ਼ ਨਾ ਦੇਣਾ ਕਿਉਂਕਿ ਇਸ ਨਾਲ ਵੀ ਖਲਾਸੀ ਨਹੀ ਹੋਏਗੀ। ਇਸ ਲਈ ਸਾਨੂੰ ਪਵਿੱਤਰ ਵਾਸਨਾ ਰਹਿਤ ਅਵਸਥਾ ਨਾਲ ਜਾਣ-ਪਹਿਚਾਣ ਪਾਉਣੀ ਚਾਹੀਦੀ ਹੈ। ਸਭ ਰਸਾ ਦਾ ਮੂਲਰਸ ਨਾਮ ਅੰਮ੍ਰਿਤ ਹੀ ਪੀਣਾ ਚਾਹੀਦਾ ਹੈ। ਨਾ ਇਕਾਦਸ਼ੀ ਦੇ ਵਰਤਾ ਦੀ ਲੋੜ ਹੈ, ਨਾ ਤੀਰਥਾਂ ਦੀ, ਨਾ ਪਰਾਗ ਨਹਾਉਣ ਦੀ, ਨਾ ਪਿੱਤਰਾਂ ਦੇ ਪਿੰਡ ਭਰਾਉਣ ਦੀ। ਚਾਹੇ ਚਾਰ ਵੇਦ ਜੁਬਾਨੀ ਯਾਦ ਕਰ ਲਈਏ, ਅਸਮੇਧ ਯੱਗ ਕਰ ਲਈਏ, ਭਾਰ ਬਰਾਬਰ ਸੋਨਾ-ਚਾਂਦੀ ਦਾਨ ਕਰ ਲਈਏ ਪਰ ਇਹ ਸਾਰੇ ਕਰਮ-ਧਰਮ ਵਿੱਥ ਪਾਉਣ ਵਾਲੇ ਹਨ। ਭਗਤ ਜੀ ਦੱਸਦੇ ਹਨ ਕਿ ਜਦੋਂ ਮਾਂ-ਬਾਪ ,ਸਰੀਰ, ਕਰਮ ਅਤੇ ਜੀਵ ਨਹੀ ਸਨ ਤਦੋਂ ਪ੍ਰਭੂ ਤੋਂ ਬਿੰਨਾਂ ਕਿਸ ਥਾਂ ਤੇ ਕੋਈ ਕਿਵੇਂ ਜਨਮ ਲੈ ਸਕਦਾ ਸੀ? ਪ੍ਰਭੂ ਤੋਂ ਬਿੰਨਾ ਕੋਈ ਕਰਮ ਨਾ ਜਨਮ ਦੇ ਰਿਹਾ ਨਾ ਮੁਕਤ ਕਰ ਰਿਹਾ। ਜਦੋਂ ਚੰਦ ,ਸੂਰਜ, ਹਵਾ, ਪਾਣੀ ਪੈਦਾ ਨਹੀ ਸਨ, ਸ਼ਾਸ਼ਤਰ ਨਹੀ ਸੀ ਕਰਮਾਂ ਦੀ ਕੋਈ ਹਸਤੀ ਨਹੀ ਸੀ, ਪਰ ਹੁਣ ਕੋਈ ਪ੍ਰਾਣਾਯਾਮ'ਚ ਮੁਕਤੀ ਸਮਝਦਾ ਕੋਈ ਤੁਲਸੀ ਮਾਲਾ ਪਾਉਣ'ਚ। ਰੁੱਖਾਂ ਤੇ ਜਿਵੇਂ ਪੰਛੀ ਆਉਂਦੇ ਜਾਂਦੇ ਹਨ ਤਿਵੇਂ ਅਸੀਂ ਜੀਵ ਆ ਜਾ ਰਹੇ ਹਾਂ ਸਾਡਾ ਅਸਲ ਸਹਾਈ ਸਭ ਤੋਂ ਉੱਚਾ ਉਹ ਹਰੀ ਪ੍ਰਭੂ ਆਪ ਹੈ। ਪ੍ਰਭੂ ਨਾਮ ਦੀ, ਪ੍ਰਭੂ ਦੀ ਸਿਫ਼ਤ-ਸਲਾਹ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਕ੍ਰ੍ਰੋੜਾਂ-ਅਸੰਖ ਦੇਵਤਿਆਂ ਦੀ ਪੂਜਾ ਵੀ ਗੋਬਿੰਦ ਭਜਨ ਦੀ ਬਰਾਬਰੀ ਨਹੀਂ ਕਰ ਸਕਦੀ। ਭੈਰੇ ਅਗਧੋਗੇ ਤਾਂ ਭੈਰੋ ਵਰਗੇ ਬਣੋਗੇ। ਭਵਾਨੀ ਕੋਲ ਵੀ ਮੁਕਤੀ ਨਹੀ ਹੈ। ਇਸਲਈ ਨਾਮ ਦੀ ਓਟ ਲਵੋ ਗੀਤਾ ਵੀ ਇਹੋ ਕਹਿੰਦੀ ਹੈ। ਭਗਤ ਜੀ ਪੰਡਿਤ ਵਲੋਂ ਉਚਾਰੇ ਗਇਤਰੀ ਮੰਤਰ'ਚ ਸ਼ਰਧਾ ਨਹੀ ਪ੍ਰਗਟਾਉਂਦੇ। ਸ਼ਿਵ ਜੀ ਦੇ ਕ੍ਰੋਧ ਬਾਰੇ, ਵਹੁਟੀ ਵਾਪਸ ਲੈਣ ਲਈ ਲੜ੍ਹਿਆ ਰਾਮ-ਰਾਵਣ ਯੁੱਧ ਆਦਿ ਬਾਰੇ ਪੰਡਿਤ ਵਲੋਂ ਉਚਾਰੀਆਂ ਸ਼ਰਧਾਹੀਨ ਗੱਲਾਂ ਕਾਰਨ ਅਤੇ ਬੁੱਤ ਪੂਜਾ ਕਾਰਨ 'ਹਿੰਦੂ ਅੰਨਾ ਤੁਰਕੂ ਕਾਣਾ£ (ਅੰਗ-874)' ਦੀ ਤੁਕ ਉਚਾਰਦੇ ਹਨ। ਮੁਸਲਮਾਨ ਦੀ ਹਜ਼ਰਤ ਸਾਹਿਬ'ਚ ਸ਼ਰਧਾ ਕਾਰਨ ਇੱਕ ਅੱਖ ਤਾਂ ਠੀਕ ਹੈ ਪਰ ਇੱਕ ਅੱਖ ਖ਼ਰਾਬ ਮੰਨਦੇ ਹਨ ਕਿਉਂਕਿ ਉਹ ਸਿਰਫ਼ ਮਸਜਿਦ ਨੂੰ ਹੀ ਰੱਬਦਾ ਘਰ ਸਮਝਦਾ। ਗੋਬਿੰਦ ਭਜਨ ਕਰਨ ਨਾਲ ਹੀ ਪਾਰ ਲੰਘਿਆ ਜਾਏਗਾ। ਨਰਾਇਣ ਦੇ ਅਨੰਤ ਰੂਪ ਹਨ ਪਰ ਸਿਮਰਨ ਹੀ ਕਰਨ ਯੋਗ ਕੰਮ ਹੈ । ਜਿੰਨ੍ਹਾਂ ਦੇ ਅੰਦਰ ਫ਼ਰਕ ਹੈ ਪਰਮਾਤਮਾ ਨਾਲੋਂ ਵਿੱਥ ਹੈ ਉਹ ਪਸ਼ੂ ਸਮਾਨ ਹਨ। ਜਿਵੇਂ ਬੱਤੀ ਚੰਗੇ ਲੱਛਣਾ ਵਾਲੀ ਨਾਰ ਵੀ ਬਿੰਨ੍ਹਾਂ ਨੱਕ ਤੋਂ ਨਹੀਂ ਸੌਂਹਦੀ ਤਿਵੇਂ ਹੀ ਸਿਮਰਨ ਬਿੰਨ੍ਹਾਂ ਜੀਵਨ ਨਹੀਂ ਫੱਬਦਾ ਭਾਵ ਸਿਮਰਨ ਜਰੂਰੀ ਹੈ। ਜਿਸ ਮਨੁੱਖ ਨੇ ਪਰਾਏ ਧਨ ਅਤੇ ਪਰਾਈ ਇਸਤਰੀ ਦਾ ਤਿਆਗ ਕੀਤਾ ਹਰੀ ਉਹਨਾਂ ਦੇ ਅੰਗ-ਸੰਗ ਵਸਦਾ ਹੈ ਅਤੇ ਦੂਜੇ ਪਾਸੇ ਜੋ ਨ ਭਜੰਤੇ ਨਰਾਇਣਾ£ ਤਿਨ ਕਾ ਮੈ ਨ ਕਰਉ ਦਰਸਨਾ£ (ਅੰਗ-1163) ਗੁਰੂ ਦੀ ਸਰਨ ਪੈ ਕੇ ਹੀ ਵਿਕਾਰਾਂ ਤੋਂ ਬਚਿਆ ਜਾ ਸਕਦਾ। ਅੰਨਾ/ਪਾਪੀ ਆਪਦੀ ਵਹੁਟੀ ਛੱਡ ਪਰਾਈ ਨਾਲ ਝੱਖ ਮਾਰਦਾ, ਸਿੰਬਲ ਦਰਖ਼ਤ ਦੇਖ ਤੋਤਾ ਖੁਸ਼ ਹੁੰਦਾ, ਵਿਕਾਰੀ ਦਾ ਟਿਕਾਣਾ ਸਦਾ ਉਸ ਅੱਗ'ਚ ਹੁੰਦਾ ਜੋ ਬੁਝਦੀ ਨਹੀਂ, ਵਿਕਾਰੀ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ'ਚ ਪੈ ਜਾਂਦਾ ਹੈ ਅਤੇ ਨਾਮ ਅੰਮ੍ਰਿਤ ਡੋਲ ਕੇ ਜ਼ਹਿਰ ਲੱਦ ਲੈਂਦਾ ਹੈ। ਪਰੰਤੂ ਜੇ ਪ੍ਰਭੂ ਬਖਸ਼ਿਸ ਦਾ ਲੇਖ ਲਿਖਿਆ ਹੈ ਤਾਂ ਵਿਕਾਰੀ ਦਾ ਵਿਕਾਰਾਂ ਵਲੋਂ ਹਟ ਕੇ ਸਤਿਗੂਰੂ ਦੀ ਸ਼ਰਨ ਪੈ ਜਾਂਦਾ ਹੈ। ਗੁਰੂ ਮਿਲ ਜਾਵੇ ਤਾਂ ਮੁਰਾਰ ਮਿਲ ਜਾਂਦਾ, ਜੀਵ ਸਮੁੰਦਰ ਤੋਂ ਪਾਰ ਲੰਘ ਜਾਂਦਾ। ਬੈਕੁੰਠ ਮਿਲ ਜਾਂਦਾ,ਵਿਕਾਰਾਂ ਤੋਂ ਮਨ ਬਚਿਆ ਰਹਿੰਦਾ। ਗੁਰੂ ਸੱਚ ਹੈ ਬਾਕੀ ਝੂਠ ਹੈ। ਗੁਰੂ ਪਿਆਰ 'ਚ ਰੰਗਿਆ ਉਹ ਧੋਬੀ ਹੈ ਜੋ ਸਰੋਵਰ ਤੇ ਆਏ ਜਗਿਆਸੂ ਇਸਤਰੀਆਂ ਦੇ ਮਨ ਪਵਿੱਤਰ ਕਰ ਦਿੰਦਾ। ਗੁਰੂ ਸ਼ਰਨ ਪਏ ਨੂੰ ਅਠਾਰਾਂ ਸਿਮਰਤੀਆਂ ਦੇ ਦੱਸੇ ਕਰਮਕਾਡਾਂ ਦੀ ਲੋੜ ਨਹੀਂ ਪੈਦੀ।ਗੁਰੂ ਨਾਮ ਜਪਣ ਦਾ ਸੁਭਾਅ ਪੱਕਾ ਦਿੰਦਾ। ਫ਼ਿਰ ਮਨ ਦਸ ਪਾਸੇ ਨਹੀਂ ਦੌੜਦਾ, ਗੁਰੂ ਪੰਚ ਕਾਮਾਦਿਕਾਂ ਤੋਂ ਬਚਾ ਦਿੰਦਾ, ਫ਼ਿਰ ਬੰਦਾ ਝੁਰ-ਝੁਰ ਨਹੀ ਖੱਪਦਾ,ਉਸਦੇ ਬੋਲ ਮਿੱਠੇ ਹੋ ਜਾਂਦੇ ਹਨ । ਉਹ ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗਦਾ, ਉਸਦਾ ਸਰੀਰ ਪਵਿੱਤਰ ਹੋ ਜਾਂਦਾ, ਉਸਨੂੰ ਤਿੰਨ ਸੰਸਾਰਾ ਦੀ ਸੂਝ ਪੈ ਜਾਂਦੀ ਹੈ।ਨਾਮ ਜਪਦਿਆ ਉੱਚੀ ਆਤਮਕ ਅਵਸਥਾ ਨਾਲ ਪਛਾਣ ਹੋ ਜਾਂਦੀ ਹੈ। ਉਸਨੂੰ ਸਦਾ ਸੋਭਾ ਮਿਲਦੀ ਹੈ। ਉਸਦਾ ਮਨ ਬੈਰਾਗੀ ਰਹਿੰਦਾ। ਉਹ ਪਰਾਈ ਨਿੰਦਾ ਤਿਆਗਦਾ। ਉਸਦਾ ਬੁਰੇ-ਭਲੇ ਸਭ ਨਾਲ ਪਿਆਰ ਬਣਦਾ । ਉਸਦੇ ਹਿਰਦੇ'ਚ ਕੰਧ ਨਹੀ ਰਹਿੰਦੀ। ਉਸਦੇ ਮਨ'ਚੋਂ ਜਾਤ ਦਾ ਮਾਨ/ਹੰਕਾਰ ਦੂਰ ਹੋ ਜਾਂਦਾ ਹੈ। ਦੇਹੁਰਾ ਫਿਰ ਜਾਂਦਾ। ਇਸ ਲਈ ਇੱਕ ਨੂੰ ਚਿਤ 'ਚ ਲਿਆਓ ਜੋ ਅਨੰਤ ਹੈ-ਪ੍ਰਭੂ ਧਿਆਨ ਧਰ ਕੇ ਨਿਸ਼ਕਾਮ ਹੋ ਜਾਓ। ਤੁਹਾਡੇ ਅਤੇ ਪ੍ਰਭੂ 'ਚ ਅੰਤਰ ਨਹੀ ਰਹੇਗਾ। ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ£ ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ£ (ਅੰਗ-988) ਰੱਬ ਨਾਲ ਸਾਂਝ ਪਾਓ। ਬਾਹਰ ਨਾ ਲੱਭੋ। ਰਾਮ ਰਾਸਾਇਨ ਪੀਉ ਰੇ ਦਗਰਾ£ (ਅੰਗ-485) ਜਾਤ ਗੋਤ ਦੀ ਪਰਵਾਹ ਨਾ ਕਰੋ। ਆਸਾਵਾ ਛੱਡੋ। ਚਿੰਤਾਵਾ ਮੁਕਾਓ। ਨਾਮ ਸਿਮਰਨ ਹੀ ਸਭ ਤੋਂ ਚੰਗਾ ਧਰਮ ਹੈ। ਨਾਮ ਸਿਮਰਨ ਨਾਲ ਸਭ ਭਟਕਣਾ ਦੂਰ ਹੋ ਜਾਂਦੀ ਹੈ। ਪ੍ਰਭੂ, ਰਿਸ਼ੀ ਮਾਰਕੰਡਾ ਜੀ ਵਾਲੇ ਸੰਜਮਾ ਰਾਂਹੀ ਮਿਲਦਾ। ਪਾਖੰਡ ਮੁਕਾਓ। ਛੋਡਿ ਛੋਡਿ ਰੇ ਪਾਖੰਡੀ ਮਨ ਕਪੁਟ ਨਾ ਕੀਜੈ£ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ£ (ਅੰਗ-973) ਭਗਤ ਜੀ ਆਪਣੇ ਸਾਥੀ ਤ੍ਰਿਲੋਚਨ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕੋਈ ਮੁੰਡਾ ਕਾਗਜ਼ ਲਿਆਉਂਦਾ ਹੈ, ਗੁੱਡੀ ਕੱਟਦਾ ਹੈ, ਅਸਮਾਨ 'ਚ ਗੁੱਡੀ ਉਡਾਉਂਦਾ ਸਾਥੀਆਂ ਨਾਲ ਗੱਲਾਂ ਕਰਦਾ ਹੈ ਪਰ ਮਨ ਗੁੱਡੀ'ਚ ਵੀ ਟਿਕਾਉਂਦਾ ਹੈ। ਜਿਵੇਂ ਸੁਨਿਆਰ ਗੱਲਾਂ ਕਰਦੇ-ਕਰਦੇ ਵੀ ਮਨ ਤੌਰ ਤੇ ਕੁਠਾਲੀ 'ਚ ਪਾਏ ਸੋਨੇ ਨਾਲ ਜੁੜਿਆ ਰਹਿੰਦਾ ਹੈ, ਜਿਵੇਂ ਪਾਣੀ ਭਰਨ ਗਈ ਕੁਆਰੀ ਦਾ ਮਨ ਘੜੇ 'ਚ, ਚਰਵਾਹੇ ਦਾ ਗਊਆਂ 'ਚ, ਮਾਂ ਦਾ ਝੂਲੇ 'ਚ ਪਏ ਬਾਲ 'ਚ ਮਨ ਰਹਿੰਦਾ ਹੈ ਉਂਝ ਹੀ ਅਸੀ ਮਨ ਪ੍ਰਭੂ 'ਚ ਟਿਕਾਉਣਾ ਹੈ। ਭਗਤ ਜੀ ਦਾ 750 ਪ੍ਰਕਾਸ਼ ਪੂਰਬ ਮਨਾਉਣਾ ਸਾਡੇ ਲਈ ਤਾਂ ਹੀ ਸਫ਼ਲ ਹੋਏਗਾ ਜੇਕਰ ਅਸੀਂ ਭਗਤ ਜੀ ਦੀਆਂ ਉਪਰੋਕਤ ਸਿੱਖਿਆਵਾਂ 'ਤੇ ਅਮਲ ਕਰੀਏ ਅਤੇ ਕੋਸ਼ਿਸ਼ ਕਰੀਏ ਕਿ ਸਾਡਾ ਹੱਥ ਕਾਰਿ ਵੱਲ ਚਿੱਤ ਕਰਤਾਰ ਵੱਲ ਰਹੇ। *** ਪ੍ਰਿੰਸੀਪਲ ਦਵਿੰਦਰ ਸਿੰਘ