ਸੰਗਤਾਂ ਨੂੰ ਪੂਰਾ ਇੱਕ ਮਹੀਨੇ ਘਰਾਂ ਤੋਂ ਹੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੋਣ ਦੀ ਅਪੀਲ

24

November

2020

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਮੁਖਤਿਆਰ ਸਿੰਘ): ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਭਾ ਦੌਰਾਨ ਕੋਵਿਡ-19 ਦੀ ਦੂਸਰੀ ਲਹਿਰ ਨੂੰ ਵਧੇਰੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਸੰਬਰ ਦੀ ਸੰਗਰਾਦ ਤੋਂ ਜਨਵਰੀ, 2021 ਦੀ ਸੰਗਰਾਂਦ ਤੱਕ ਆਪਣੇ ਘਰਾਂ 'ਚ ਪਾਠ ਕਰਕੇ ਤੇ ਨੇੜਲੇ ਗੁਰਦੁਆਰਾ ਸਾਹਿਬਾਨ ਵਿੱਚ ਜਾ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਨ ਤਾਂ ਜੋ ਵਧੇਰੇ ਇਕੱਠ ਹੋਣ ਕਾਰਨ ਕੋਰੋਨਾ ਵਾਇਰਸ ਦੇ ਫੈਲਾਓ ਵਿੱਚ ਵਾਧਾ ਨਾ ਹੋ ਸਕੇ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੁਪ੍ਰਿਤਾ ਜੌਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹੀਦੀ ਸਭਾ ਦੌਰਾਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰੂਰੀ ਸਾਵਧਾਨੀਆਂ ਅਪਣਾਉਣ ਨੂੰ ਯਕੀਨੀ ਬਣਾਉਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਤਿੰਨ ਦਿਨ ਵਿਸ਼ੇਸ਼ ਕਰਕੇ ਗੁਰਦੁਆਰਾ ਸਾਹਿਬ ਵਿਖੇ ਆਉਣ ਦੀ ਥਾਂ ਉਹ ਦਸੰਬਰ ਮਹੀਨੇ ਦੇ ਕਿਸੇ ਵੀ ਦਿਨ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਪਹੁੰਚ ਕੇ ਨਤਮਸਤਕ ਹੋ ਸਕਦੇ ਹਨ ਉਹ ਵਧੇਰੇ ਇਕੱਠ ਵਾਲੇ ਸਥਾਨ 'ਤੇ ਜਾਣ ਤੋਂ ਗੁਰੇਜ ਕਰਨ ਤਾਂ ਜੋ ਕੋਰੋਨਾ ਵਾਇਰਸ ਜੈਸੀ ਖ਼ਤਰਨਾਕ ਮਹਾਂਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਰਹਿ ਕੇ ਅਰਦਾਸ਼ਾਂ ਕਰਨ ਤੇ ਬਾਹਰੋਂ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਵੀ ਅਪੀਲ ਕਰਨ ਕਿ ਉਹ ਵੀ ਵੱਖ-ਵੱਖ ਦਿਨਾਂ ਵਿੱਚ ਆ ਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਨੂੰ ਆਪਣੀਆਂ ਸ਼ਰਧਾਂਜਲੀਆਂ ਭੇਂਟ ਕਰਨ। ਉਨ੍ਹਾਂ ਕਿਹਾ ਕਿ ਉਝ ਵੀ ਇਹ ਪੂਰਾ ਮਹੀਨਾ ਇਨ੍ਹਾਂ ਮਹਾਨ ਸ਼ਹੀਦਾਂ ਕਾਰਨ ਸੋਗ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ 25 ਦਸੰਬਰ ਤੋਂ 27 ਦਸੰਬਰ ਤੱਕ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੁੱਜਣ ਦੀ ਥਾਂ ਇਹ ਪੂਰਾ ਮਹੀਨਾ ਹੀ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੋ ਸਕਦੀਆਂ ਹਨ। ਸ਼੍ਰੀਮਤੀ ਜੌਹਲ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸੰਗਤਾਂ ਦੀ ਸਹੂਲਤ ਲਈ 300 ਆਰਜੀ ਪਖਾਨੇ, 300 ਆਰਜੀ ਯੂਰੀਨਲ ਲਗਾਉਣ ਤੋਂ ਇਲਾਵਾ 7 ਵੱਡੇ ਪਖਾਨੇ, ਜਿਨ੍ਹਾਂ ਵਿੱਚ ਇਸ਼ਨਾਨ ਕਰਨ ਦੀ ਸੁਵਿਧਾ ਵੀ ਹੈ, ਬਣਾਉਣ ਤੋਂ ਇਲਾਵਾ 25 ਮੋਬਾਇਲ ਪਖਾਨੇ ਵੀ ਬਣਾਏ ਗਏ ਹਨ ਜੋ ਸ਼ਹੀਦੀ ਸਭਾ ਦੌਰਾਨ ਵੱਖ-ਵੱਖ ਸਥਾਨਾਂ 'ਤੇ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਔਰਤਾਂ, ਬਜੁਰਗਾਂ ਤੇ ਬੱਚਿਆਂ ਲਈ ਆਰਜੀ ਬੱਸਾਂ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਨੂੰ ਕਿਹਾ ਕਿ ਨਗਰ ਕੌਂਸਲ ਨਾਲ ਸੰਪਰਕ ਕਰਕੇ ਸ਼ਹੀਦੀ ਸਭਾ ਵਾਲੇ ਅਸਥਾਨ ਦੀ ਮੁਕੰਮਲ ਸਫਾਈ ਕਰਵਾਈ ਜਾਵੇ ਤਾਂ ਜੋ ਮਾਹੌਲ ਦੀ ਪਵਿੱਤਰਤਾ ਬਰਕਰਾਰ ਰਹਿ ਸਕੇ। ਮੀਟਿੰਗ ਵਿੱਚ ਐਸ.ਪੀ. (ਐਚ) ਸ. ਹਰਪਾਲ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਜਸਪ੍ਰੀਤ ਸਿੰਘ, ਡੀ.ਐਸ.ਪੀ. ਸ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਮਨਜੀਤ ਸਿੰਘ, ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕਾਰਜਕਾਰੀ ਇੰਜਨੀਅਰ ਸਵਿੰਦਰ ਸਿੰਘ ਬੈਂਸ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਸ਼੍ਰੀ ਮਨਦੀਪ ਸਿੰਘ, ਤੇ ਏ.ਈ. ਕੇ.ਐਸ. ਗਿੱਲ, ਡਾ. ਨਵਜੋਤ ਕੌਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰ ਕ੍ਰਿਸ਼ਨ ਲਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।