ਪਿੰਡ ਬਹਾਦਰਪੁਰ ਵਿੱਚੋਂ ਪਟਵਾਰੀ ਦੀ ਡਿਊਟੀ ਕੱਟਣ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ

24

November

2020

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ ) - ਝੋਨੇ ਦੀ ਪਰਾਲੀ ਫੂਕਣ ਦੇ ਮਸਲੇ ਤੇ 5 ਨਵੰਬਰ ਨੂੰ ਪਿੰਡ ਬਹਾਦਰਪੁਰ ਦੇ ਖੇਤਾਂ ਵਿੱਚ ਕਿਸਾਨਾਂ ਤੇ ਕਾਰਵਾਈ ਕਰਨ ਆਏ ਪਟਵਾਰੀ ਸਮੇਤ ਅਧਿਕਾਰੀਆਂ ਦਾ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਘਿਰਾਓ ਕੀਤਾ ਸੀ ਤੇ ਸ਼ਾਮ ਨੂੰ ਐਸਡੀਐਮ ਦੇ ਭਰੋਸੇ ਤੋਂ ਬਾਅਦ ਘਿਰਾਓ ਖ਼ਤਮ ਕੀਤਾ ਗਿਆ ਸੀ। ਇਸ ਘਿਰਾਓ ਵਿੱਚ ਪਿੰਡ ਬਹਾਦਰਪੁਰ ਤੋਂ ਇਲਾਵਾ ਦੁੱਗਾਂ, ਉੱਭਾਵਾਲ, ਭੰਮਾਬੱਦੀ ਸਮੇਤ ਕਈ ਪਿੰਡਾਂ ਦੇ ਕਿਸਾਨ ਸ਼ਾਮਲ ਸਨ ਪਰ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਥਿਤ ਤੌਰ ਤੇ ਬਹਾਦਰਪੁਰ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਪਿੰਡ ਵਿੱਚ ਪਟਵਾਰੀ ਦੀ ਡਿਊਟੀ ਕੱਟ ਦਿੱਤੀ ।ਇਸ ਦੇ ਰੋਸ ਵਜੋਂ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਘਿਰਾਓ ਨੂੰ ਦੇਖਦਿਆਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਕਿ ਪਰਸੋਂ ਤਕ ਪਿੰਡ ਵਿੱਚ ਪਟਵਾਰੀ ਦੀ ਤੈਨਾਤੀ ਕਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਘਿਰਾਓ ਖ਼ਤਮ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ,ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ ਅਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਖੇਤੀ ਵਿਰੋਧੀ ਬਿੱਲ ਲਿਆ ਕੇ ਕਿਸਾਨਾਂ ਨੂੰ ਉਜਾੜਨ ਦੇ ਰਾਹ ਪਈ ਹੈ ਉਥੇ ਪੰਜਾਬ ਸਰਕਾਰ ਦੇ ਹੈਂਕੜਬਾਜ਼ ਅਧਿਕਾਰੀ ਕਿਸਾਨਾਂ ਨੂੰ ਆਪ ਦੇ ਤਾਨਾਸ਼ਾਹੀ ਰਵੱਈਏ ਨਾਲ ਪ੍ਰੇਸ਼ਾਨ ਕਰ ਰਹੇ ਹਨ।ਝੋਨੇ ਦੀ ਪਰਾਲੀ ਦਾ ਸਰਕਾਰ ਵੱਲੋਂ ਕੋਈ ਹੱਲ ਕਰਨ ਦੀ ਬਜਾਏ ਕਿਸਾਨਾਂ ਤੇ ਪਰਚੇ ਪਾ ਕੇ ਜੋ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਦੇ ਖਿਲਾਫ ਜਥੇਬੰਦੀ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ ਤੇ ਕਿਸੇ ਵੀ ਕਿਸਾਨ ਨੂੰ ਪਰਚੀਆਂ ਕਾਰਨ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰੇਗਾ ਤਾਂ ਦੁਬਾਰਾ ਜਥੇਬੰਦੀ ਵੱਲੋਂ ਤਿੱਖਾ ਐਕਸ਼ਨ ਕੀਤਾ ਜਾਵੇਗਾ ਅੱਜ ਦੇ ਰੋਸ ਧਰਨੇ ਨੂੰ ਇਕਾਈ ਬਹਾਦਰਪੁਰ ਦੇ ਯੂਥ ਵਿੰਗ ਦੇ ਪ੍ਰਧਾਨ ਬੱਗਾ ਸਿੰਘ ਕਮਲਜੀਤ ਚਮਕੌਰ ਸਿੰਘ ਬਲਬੀਰ ਸਿੰਘ, ਨਿਰਮਲ ਸਿੰਘ, ਮਿੰਟੂ ਬਡਰੁੱਖਾਂ, ਜੁਝਾਰ ਸਿੰਘ ਬਡਰੁੱਖਾਂ ਆਗੂਆਂ ਨੇ ਸੰਬੋਧਨ ਕੀਤਾ ।