Arash Info Corporation

ਵਿਦਿਆਰਥੀ ਜੀਵਨ ਨੂੰ ਸਫਲ ਬਣਾਉਣ ਲਈ ਖੇਡਾਂ ਜਰੂਰੀ

20

November

2020

ਵਿਦਿਆਰਥੀ ਜੀਵਨ ਵਿੱਦਿਆ ਪ੍ਰਾਪਤੀ ਦਾ ਸੁਨਹਿਰੀ ਮੌਕਾ ਹੈ । ਇਸੇ ਲਈ ਛੋਟੇ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰਕੇ ਜੀਵਨ ਵਿੱਚ ਸਫਲ ਹੋ ਸਕਣ ਪਰ ਪੜ੍ਹਾਈ ਕਰਨ ਲਈ ਤੰਦਰੁਸਤ ਸਰੀਰ ਦੀ ਲੋੜ ਹੁੰਦੀ ਹੈ । ਅਰੋਗ ਰਹਿਣ ਲਈ ਚੰਗੀ ਖ਼ੁਰਾਕ ਤੇ ਖੇਡਾਂ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ । ਖੇਡਾਂ ਦੀ ਮਹਾਨਤਾ- ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬੜੀ ਮਹਾਨਤਾ ਹੈ । ਇਹ ਦਿਨ ਭਰ ਦੇ ਦਿਮਾਗੀ ਤੇ ਸਰੀਰਕ ਥਕੇਵੇਂ ਨੂੰ ਦੂਰ ਕਰਦੀਆਂ ਹਨ । ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ । ਸੰਸਾਰ ਦੇ ਉੱਨਤ ਦੇਸ਼ ਖੇਡਾਂ ਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ । ਇਸੇ ਕਾਰਨ ਹਰ ਦੇਸ਼ ਵਿੱਚ ਵਧੀਆ ਖਿਡਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਮੁਕਾਬਲੇ ਕਰਵਾਏ ਜਾਂਦੇ ਹਨ । ਓਲੰਪਿਕ ਖੇਡਾਂ ਵਿੱਚ ਸੰਸਾਰ ਭਰ ਦੇ ਪ੍ਰਸਿੱਧ ਖਿਡਾਰੀ ਆਪਣੀਆਂ ਖੇਡਾਂ ਰਾਹੀਂ ਤਮਗੇ ਹਾਸਲ ਕਰਦੇ ਹਨ । ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ । ਖੇਡਾਂ ਵਿੱਚ ਹਿੱਸਾ ਲੈਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ । ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਣ ਸ਼ਕਤੀ ਤੇਜ਼ ਹੁੰਦੀ ਹੈ । ਖਿਡਾਰੀ ਹਮੇਸ਼ਾ ਚੁਸਤ ਤੇ ਤਰੋਤਾਜ਼ਾ ਰਹਿੰਦੇ ਹਨ । ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ । ਜੇ ਸਰੀਰ ਅਰੋਗ ਹੈ ਤਾਂ ਦਿਮਾਗ਼ ਵੀ ਚੁਸਤ-ਦਰੁਸਤ ਰਹਿੰਦਾ ਹੈ । ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ । ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ । ਸਵੇਰੇ ਦੋ ਘੰਟੇ ਤੇ ਸ਼ਾਮੀਂ ਦੋ ਘੰਟੇ ਖੇਡਣ ਨਾਲ ਚਿਹਰੇ ' ਤੇ ਰੌਣਕ ਛਾ ਜਾਂਦੀ ਹੈ । ਪਸੀਨਾ ਨਿਕਲਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ । ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵਧਦੀ ਹੈ । ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ । ਦਿਲ-ਪਰਚਾਵੇ ਦਾ ਸਾਧਨ-ਖੇਡਾਂ ਦਿਲਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ । ਇਨ੍ਹਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ । ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ । ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ । ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ , ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ । ਕਈ ਖਿਡਾਰੀ ਤਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉੱਚੀਆਂ ਮੱਲਾਂ ਮਾਰ ਲੈਂਦੇ ਹਨ । ਉਹ ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਦੇ ਖਿਡਾਰੀ ਬਣ ਜਾਂਦੇ ਹਨ ਤੇ ਜੀਵਨ ਵਿੱਚ ਉੱਚਾ ਨਾਂ ਤੇ ਪ੍ਰਸਿੱਧੀ ਹਾਸਲ ਕਰਦੇ ਹਨ । ਅਸੀਂ ਵੇਖ ਸਕਦੇ ਹਾਂ ਕਿ ਕਈ ਚੰਗੇ ਖਿਡਾਰੀ ਵੱਡੇ ਅਹੁਦਿਆਂ ' ਤੇ ਨੌਕਰੀਆਂ ਕਰ ਰਹੇ ਹਨ । ਸਕੂਲਾਂ ਵਿੱਚ ਖੇਡਾਂ ਦੀ ਸਿਖਲਾਈ- ਅੱਜ-ਕੱਲ੍ਹ ਤਾਂ ਹਰ ਸਕੂਲ ਵਿੱਚ ਹਰ ਖੇਡ ਦੀ ਸਿਖਲਾਈ ਦੇਣ ਲਈ ਕੋਚ ਲਾਏ ਹੁੰਦੇ ਹਨ ਜੋ ਬੱਚਿਆਂ ਨੂੰ ਸਹੀ ਤਰੀਕੇ ਨਾਲ ਖੇਡਣ ਦੀ ਜਾਚ ਸਿਖਾਉਂਦੇ ਹਨ । ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਦਿਲਚਸਪੀ ਲੈਣੀ ਚਾਹੀਦੀ ਹੈ । ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨਿਸਚਤ ਸਮੇਂ ਵਿੱਚ ਹੀ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ । ਇਨ੍ਹਾਂ ਦੇ ਲਾਭ ਵੇਖਦੇ ਹੋਏ ਸਾਨੂੰ ਇਨ੍ਹਾਂ ਵਿੱਚ ਰੁਚੀ ਜ਼ਰੂਰ ਵਿਖਾਉਣੀ ਚਾਹੀਦੀ ਹੈ । ਵਿਜੈ ਗਰਗ ਸਾਬਕਾ ਪ੍ਰਿੰਸੀਪਲ, ਮਲੋਟ