Arash Info Corporation

ਕੱਥਕ ਦਾ ਬਾਦਸ਼ਾਹ: ਪੰਡਿਤ ਸ਼ੰਭੂ ਮਹਾਰਾਜ

20

November

2020

ਪੰਡਿਤ ਸ਼ੰਭੂ ਮਹਾਰਾਜ ਨੂੰ ਭਾਰਤੀ ਕਲਾਸੀਕਲ ਨ੍ਰਿਤ ਸ਼ੈਲੀ 'ਕੱਥਕ' ਦਾ ਉਸਤਾਦ ਮੰਨਿਆ ਜਾਂਦਾ ਹੈ। ਉਹ ਲਖਨਊ ਘਰਾਣੇ ਨਾਲ ਸਬੰਧ ਰੱਖਦੇ ਸਨ। ਪੰਡਿਤ ਸ਼ੰਭੂ ਮਹਾਰਾਜ ਦਾ ਜਨਮ 16 ਨਵੰਬਰ 1907 ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਸ਼ੰਭੂਨਾਥ ਮਿਸ਼ਰਾ ਸੀ। ਉਹ ਨ੍ਰਿਤ ਨਾਲ ਠੁਮਰੀ ਗਾ ਕੇ ਉਹਦੇ ਭਾਵਾਂ ਨੂੰ ਅਜਿਹੀ ਅਦਾਇਗੀ ਨਾਲ ਪ੍ਰਸਤੁਤ ਕਰਦੇ ਸਨ ਕਿ ਦਰਸ਼ਕ ਮੰਤਰ- ਮੁਗਧ ਹੋ ਜਾਂਦੇ ਸਨ। ਪੰਡਿਤ ਸ਼ੰਭੂ ਮਹਾਰਾਜ ਕਾਲਕਾ ਪ੍ਰਸਾਦ ਮਹਾਰਾਜ ਦੇ ਸਭ ਤੋਂ ਛੋਟੇ ਬੇਟੇ ਸਨ, ਜੋ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਕੋਲ ਕੰਮ ਕਰਦੇ ਸਨ। ਕਾਲਕਾ ਪ੍ਰਸਾਦ ਦੇ ਪਿਤਾ ਠਾਕੁਰ ਪ੍ਰਸਾਦ, ਨਵਾਬ ਨੂੰ ਕੱਥਕ ਦੀਆਂ ਪੇਚੀਦਗੀਆਂ ਅਤੇ ਬਾਰੀਕੀਆਂ ਸਿਖਾਇਆ ਕਰਦੇ ਸਨ। ਸ਼ੰਭੂ ਨੇ ਕੱਥਕ ਦੀ ਸਿੱਖਿਆ ਪਿਤਾ, ਚਾਚਾ ਬਿਦਾਊਦੀਨ ਮਹਾਰਾਜ ਅਤੇ ਵੱਡੇ ਭਰਾ ਅੱਛਨ ਮਹਾਰਾਜ ਤੋਂ ਪ੍ਰਾਪਤ ਕੀਤੀ। ਨ੍ਰਿਤਕਾਰ ਲੱਛੂ ਮਹਾਰਾਜ ਵੀ ਉਨ੍ਹਾਂ ਦਾ ਇਕ ਹੋਰ ਵੱਡਾ ਭਰਾ ਸੀ। ਸ਼ੰਭੂ ਮਹਾਰਾਜ ਨੇ ਭਾਰਤੀ ਕਲਾਸੀਕਲ ਸੰਗੀਤ ਉਸਤਾਦ ਰਹੀਮੂਦੀਨ ਖਾਨ ਤੋਂ ਸਿੱਖਿਆ। 1952 ਵਿੱਚ ਉਹ ਭਾਰਤੀ ਕਲਾ ਕੇਂਦਰ (ਕੱਥਕ ਕੇਂਦਰ) ਨਵੀਂ ਦਿੱਲੀ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੂੰ ਕੱਥਕ ਵਿਭਾਗ ਦਾ ਮੁਖੀ ਬਣਾਇਆ ਗਿਆ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਦੀ ਉਪਾਧੀ 1956 ਵਿੱਚ ਅਤੇ ਸੰਗੀਤ ਨਾਟਕ ਅਕਾਦਮੀ ਦੀ ਫੈਲੋਸ਼ਿਪ 1967 ਵਿਚ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ “ਨ੍ਰਿਤ ਸਮਰਾਟ“ ਦੀ ਉਪਾਧੀ ਨਾਲ ਵੀ ਵਿਭੂਸ਼ਿਤ ਕੀਤਾ ਗਿਆ। ਪੰਡਿਤ ਸ਼ੰਭੂ ਮਹਾਰਾਜ ਦੇ ਤਿੰਨ ਬੱਚੇ ਸਨ- ਕ੍ਰਿਸ਼ਨ ਮੋਹਨ, ਰਾਮ ਮੋਹਨ (ਦੋਵੇਂ ਬੇਟੇ) ਅਤੇ ਰਾਮੇਸ਼ਵਰੀ (ਬੇਟੀ)।ਉਨ੍ਹਾਂ ਦੇ ਸ਼ਾਗਿਰਦਾਂ ਵਿਚ ਬਿਰਜੂ ਮਹਾਰਾਜ (ਉਨ੍ਹਾਂ ਦਾ ਭਤੀਜਾ ਅਤੇ ਕੱਥਕ ਦਾ ਮਾਹਿਰ), ਰਾਮ ਮੋਹਨ (ਬੇਟਾ), ਕੁਮੁਦਿਨੀ ਲਾਖੀਆ, ਦਮਿਅੰਤੀ ਜੋਸ਼ੀ, ਮਾਇਆ ਰਾਓ, ਭਾਰਤੀ ਗੁਪਤਾ, ਉਮਾ ਸ਼ਰਮਾ, ਵਿਭਾ ਦਾਦੀਚ ਅਤੇ ਰੀਨਾ ਸਿੰਘ ਆਦਿ ਦੇ ਨਾਂ ਸ਼ਾਮਲ ਹਨ। ਸ਼ੰਭੂ ਦੇ ਬੇਟੇ ਰਾਮ ਮੋਹਨ ਨੇ ਉਨ੍ਹਾਂ ਦੀ ਸ਼ੈਲੀ ਨੂੰ ਅੱਗੇ ਤੋਰਨ ਵਿੱਚ ਭਰਪੂਰ ਯੋਗਦਾਨ ਦਿੱਤਾ। ਸ਼ੰਭੂ ਮਹਾਰਾਜ ਨੂੰ ਗਲੇ ਦਾ ਕੈਂਸਰ ਹੋਣ ਕਰਕੇ ਏਮਜ਼ ਨਵੀਂ ਦਿੱਲੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਤਿੰਨ ਮਹੀਨਿਆਂ ਪਿੱਛੋਂ 4 ਨਵੰਬਰ 1970 ਨੂੰ ਉਨ੍ਹਾਂ ਦੀ ਮੌਤ ਹੋ ਗਈ। ਸ਼ੰਭੂ ਮਹਾਰਾਜ ਲਗਭਗ ਅਠਾਰਾਂ ਸਾਲ (1952-1970) ਕੱਥਕ ਦੀ ਪੇਸ਼ਕਾਰੀ ਵਿਚ ਕਿਰਿਆਸ਼ੀਲ ਰਹੇ। ਭਾਰਤੀ ਨ੍ਰਿਤ ਦੀ ਕਲਾਸੀਕਲ ਪੇਸ਼ਕਾਰੀ ਵਿਚ ਸ਼ੰਭੂ ਮਹਾਰਾਜ ਦਾ ਨਾਂ ਹਮੇਸ਼ਾ ਅਮਰ ਰਹੇਗਾ। ਪ੍ਰੋ. ਨਵ ਸੰਗੀਤ ਸਿੰਘ # ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015