ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ 0 ਤੋਂ 5 ਸਾਲ ਦੇ ਬੱਚਿਆਂ ਦੇ ਆਧਾਰ ਕਾਰਡ ਜਰੂਰ ਬਨਵਾਉਣ ਦੀ ਅਪੀਲ

20

November

2020

ਸੰਗਰੂਰ, 20 ਨਵੰਬਰ (ਜਗਸੀਰ ਲੌਂਗੋਵਾਲ) - ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਜ਼ਿਲੇ ਦੇ ਵਸਨੀਕਾਂ ਅਤੇ ਖਾਸ ਕਰਕੇ ਆਧਾਰ ਕਾਰਡ ਬਣਨੋਂ ਵਾਂਝੇ ਰਹਿ ਗਏ ਨਾਗਰਿਕਾਂ ਸਮੇਤ ਨਵ ਜਨਮੇ ਬੱਚਿਆਂ ਤੋਂ ਲੈਕੇ 15 ਸਾਲਾਂ ਤੱਕ ਦੇ ਸਕੂਲੀ ਵਿਦਿਆਰਥੀਆਂ ਦੇ ਆਧਾਰ ਕਾਰਡ ਬਨਵਾਉਣ ਅਤੇ ਪਹਿਲਾਂ ਬਣੇ ਆਧਾਰ ਕਾਰਡਾਂ ਦਾ ਡਾਟਾ ਅਪਡੇਟ ਕਰਨ ਲਈ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨਾਂ ਕਿਹਾ ਕਿ ਜ਼ਿਲੇ ਅੰਦਰ 100 ਫੀਸਦੀ ਨਾਗਰਿਕਾਂ ਦੇ ਆਧਾਰ ਕਾਰਡ ਲਾਜਮੀ ਤੌਰ 'ਤੇ ਬਨਾਉਣ ਲਈ ਸਕੂਲੀ ਬੱਚਿਆ, ਆਂਗਨਵਾੜੀ ਕੇਂਦਰਾਂ 'ਚ 5 ਸਾਲ ਤੋਂ ਛੋਟੇ ਬੱਚਿਆ, ਬੈਂਕਾਂ ਅੰਦਰ ਆਉਣ ਵਾਲੇ ਖਾਤਾਧਾਰਕਾਂ ਅਤੇ ਸੇਵਾ ਕੇਂਦਰਾਂ ਵਿਖੇ ਆਉਣ ਵਾਲੇ ਲੋਕਾਂ ਨੂੰ ਆਧਾਰ ਕਾਰਡ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਆਧਾਰ ਕਾਰਡ ਲਾਜ਼ਮੀ ਬਣਾਇਆ ਜਾਵੇ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਨਜਦੀਕੀ ਆਧਾਰ ਕਾਰਡ ਕੇਂਦਰ ਵਿਖੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਨਵਜੰਮੇ ਬੱਚਿਆਂ ਦੇ ਜੇਕਰ ਆਧਾਰ ਕਾਰਡ ਨਹੀਂ ਬਣੇ ਹੋਏ, ਵੀ ਆਧਾਰ ਕਾਰਡ ਜਰੂਰ ਬਣਵਾ ਲੈਣ ਅਤੇ ਜੇਕਰ ਕੋਈ ਤਰੁਟੀ ਹੈ ਤਾਂ ਉਸਨੂੰ ਵੀ ਦਰੁਸਤ ਕਰਵਾ ਕੇ ਅਪਡੇਟ ਕਰਵਾਉਣ। ਸ਼੍ਰੀ ਧਾਲੀਵਾਲ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਕੋਵਿਡ-19 ਦੇ ਫ਼ੈਲਾਅ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਉਚਿੱਤ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਮਾਸਕ ਦੀ ਵਰਤੋ ਕੀਤੀ ਜਾਵੇ, ਹੱਥਾ ਅਤੇ ਆਧਾਰ ਨਾਂਮਕਣ ਮਸ਼ੀਨ ਨੂੰ ਸਮੇ ਸਮੇ ਸਿਰ ਸੈਨੀਟਾਈਜ਼ਰ ਨਾਲ ਸਾਫ਼ ਕੀਤਾ ਜਾਵੇ।