ਅਧਿਆਪਕਾਂ ਨੇ ਪਟਿਆਲਾ ਵਿੱਚ ਰੋਸ ਮਾਰਚ ਕੱਢਿਆ

17

October

2018

ਪਟਿਆਲਾ, ਇਥੇ ਪੱਕਾ ਮੋਰਚਾ ਲਾਈ ਬੈਠੇ ਅਧਿਆਪਕਾਂ ਦਾ ਮਰਨ ਵਰਤ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ। ਸਿਹਤ ਵਿਗੜਨ ਮਗਰੋਂ ਚਾਰ ਮਰਨ ਵਰਤੀ ਅਧਿਆਪਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੱਕੇ ਮੋਰਚੇ ‘ਚ ਅੱਜ ਮੋਗਾ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਕਾਲੇ ਬਿੱਲੇ ਲਾ ਕੇ ਸ਼ਿਰਕਤ ਕੀਤੀ। ਦੇਰ ਸ਼ਾਮੀਂ ਹੜਤਾਲੀ ਅਧਿਆਪਕਾਂ ਨੇ ਸ਼ਹਿਰ ‘ਚ ਰੋਸ ਮਾਰਚ ਕਰਕੇ ਕੈਪਟਨ ਸਰਕਾਰ ’ਤੇ ਧੱਕੇਸ਼ਾਹੀ ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜਤਾਲੀ ਅਧਿਆਪਕਾਂ ਦੇ ਮਸਲੇ ਦੇ ਨਿਬੇੜੇ ਤੋਂ ਫਿਲਹਾਲ ਹੱਥ ਪਿੱਛੇ ਖਿੱਚ ਲੈਣ ਤੋਂ ਸੂਬੇ ਭਰ ਦੇ ਅਧਿਆਪਕਾਂ ‘ਚ ਰੋਸ ਹੈ। ਪੱਕੇ ਮੋਰਚੇ ‘ਚ ਅੱਜ ਦਿਨ ਭਰ ਮੰਚ ਤੋਂ ਕੈਪਟਨ ਸਰਕਾਰ ਨੂੰ ਕੋਸਿਆ ਜਾਂਦਾ ਰਿਹਾ। ਉਧਰ ਅਕਾਲੀ ਦਲ ਦੇ ਵਫ਼ਦ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਆਗੂ ਹਰਪਾਲ ਚੀਮਾ ਦੀ ਅਗਵਾਈ ਹੇਠ ਵੱਖ ਵੱਖ ਵਫ਼ਦਾਂ ਨੇ ਰਾਜਪਾਲ ਪੰਜਾਬ ਨੂੰ ਮਿਲਕੇ ਸਾਂਝਾ ਅਧਿਆਪਕ ਮੋਰਚੇ ਦੇ ਮਸਲੇ ਨੂੰ ਗੰਭੀਰਤਾ ਨਾਲ ਉਠਾਇਆ ਹੈ। ਦੱਸਣਯੋਗ ਹੈ ਕਿ ਪੱਕੇ ਮੋਰਚੇ ’ਚ ਅੱਜ ਲਗਾਤਾਰ ਦਸਵੇਂ ਦਿਨ ਮਰਨ ਵਰਤ ’ਤੇ 11 ਅਧਿਆਪਕ ਤੇ 5 ਅਧਿਆਪਕਾਵਾਂ ਬੈਠੀਆਂ ਹੋਈਆਂ ਹਨ, ਜਿਨ੍ਹਾਂ ’ਚੋਂ ਲੰਘੇ ਕੱਲ੍ਹ ਤੋਂ ਬਲਵਿੰਦਰ ਸਿੰਘ, ਦਲਜੀਤ ਸਿੰਘ ਖਾਲਸਾ, ਨਮੀਤਾ ਤੇ ਰਜਿੰਦਰ ਕੌਰ ਸਿਹਤ ਵਿਗੜਣ ਮਗਰੋਂ ਹਸਪਤਾਲ ਦਾਖ਼ਲ ਹਨ। ਉਧਰ ਪੱਕੇ ਮੋਰਚੇ ‘ਚ ਸ਼ਾਮਲ ਮੋਗਾ ਤੇ ਫਤਿਹਗੜ੍ਹ ਤੇ ਪਟਿਆਲਾ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਅੱਜ ਸ਼ਹਿਰ ‘ਚ ਵਿਸ਼ਾਲ ਰੋਸ ਮਾਰਚ ਕੱਢ ਕੇ ਕੈਪਟਨ ਸਰਕਾਰ ਨੂੰ ਅਧਿਆਪਕ ਤੇ ਮੁਲਾਜ਼ਮ ਵਿਰੋਧੀ ਕਰਾਰ ਵੀ ਦਿੱਤਾ। ਇਹ ਵੀ ਦੋਸ਼ ਮੜੇ ਕਿ ਕੈਪਟਨ ਸਰਕਾਰ ਪੱਕੇ ਮੋਰਚੇ ਨੂੰ ਅਸਫਲ ਕਰਨ ਲਈ ਅਧਿਆਪਕਾਂ ‘ਚ ਵੰਡੀਆਂ ਪਾਉਣ ਲਈ ਕਈ ਤਰਾਂ ਦੇ ਹੱਥਕੰਢੇ ਅਪਨਾ ਰਹੀ ਹੈ। ਮੋਰਚੇ ਦੇ ਸੂਬਾ ਕੋ ਕਨਵੀਨਰ ਡਾ. ਅੰਮ੍ਰਿਤਪਾਲ ਸਿੱਧੂ, ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਸੁਖਰਾਜ ਕਾਹਲੋਂ ਨੇ ਆਖਿਆ ਕਿ ਸਰਕਾਰ ਦੀਆਂ ਚਾਲਾਂ ਦਾ ਕੋਈ ਮੁੱਲ ਪੈਣ ਵਾਲਾ ਨਹੀਂ ਹੈ ਤੇ ਅਧਿਆਪਕ ਪੱਕੇ ਮੋਰਚੇ ਨੂੰ ਸਫਲ ਬਣਾਉਣਗੇ। ਉਧਰ ਮੋਰਚੇ ਵੱਲੋਂ 21 ਅਕਤੂਬਰ ਨੂੰ ਨਿਊ ਮੋਤੀ ਮਹਿਲ ਦੇ ਘਿਰਾਓ ਦੀਆਂ ਤਿਆਰੀਆਂ ਤੇ ਰਣਨੀਤੀ ਲਈ ਭਲਕੇ 17 ਅਕਤੂਬਰ ਨੂੰ ਤਰਕਸ਼ੀਲ ਹਾਲ ਪਟਿਆਲਾ ‘ਚ ਅਹਿਮ ਬੈਠਕ ਸੱਦ ਲਈ ਹੈ, ਜਿਸ ‘ਚ ਮੁਲਾਜ਼ਮ, ਕਿਸਾਨ ਤੇ ਹੋਰ ਜਨਤਕ ਜਥੇਬੰਦੀਆਂ ਦੇ ਸੂਬਾਈ ਆਗੂ ਵੀ ਸ਼ਾਮਲ ਹੋ ਰਹੇ ਹਨ।