ਡਿੱਗੂ ਡਿੱਗੂ ਕਰ ਰਹੇ ਕੈਟਲ ਸ਼ੈਡ ਦੀ ਇਮਾਰਤ ਦਾ ਕੰਮ ਹੋਇਆ ਸ਼ੁਰੂ

20

November

2020

ਬਰੇਟਾ, 20 ਨਵੰਬਰ (ਪ.ਪ) ਲਗਭਗ 60 ਸਾਲ ਪਹਿਲਾਂ ਬਣੇ ਕ੍ਰਿਸ਼ਨਾਂ ਮੰਦਿਰ ਚੌਕ 'ਚ ਕੈਟਲ ਸ਼ੈਡ ਦੀ ਇਮਾਰਤ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ । ਜਿਸ ਸੰਬੰਧੀ ਅਨੇਕਾਂ ਵਾਰ ਸਿਵਲ ਪ੍ਰਸਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਇਸ ਵੱਲ ਨਜ਼ਰ ਮਾਰਨ ਦੀ ਖੇਚਲ ਕਰਨ ਲਈ ਕਿਹਾ ਜਾ ਚੁੱਕਾ ਸੀ ਪਰ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂੰਅ ਤੱਕ ਨਹੀਂ ਸਰਕੀ ਪਰ ਕੁਝ ਕੁ ਮਹੀਨੇ ਪਹਿਲਾਂ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਿਆਨ ਚੰਦ ਸਿੰਗਲਾ ਵੱਲੋਂ ਇਸ ਕੈਟਲ ਸ਼ੈਡ ਦੀ ਇਮਾਰਤ ਨੂੰ ਜਲਦ ਹੀ ਨਵੇਂ ਸਿਰੇ ਤੋਂ ਬਣਾਉਣ ਦਾ ਵਿਸ਼ਵਾਸ ਦਵਾਇਆ ਗਿਆ ਸੀ । ਜਿਸਨੂੰ ਲੈ ਕੇ ਹੁਣ ਇਸ ਸ਼ੈਡ ਦੀ ਇਮਾਰਤ ਦਾ ਢਾਹ ਢੁਹਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਇਸ ਇਮਾਰਤ ਦੇ ਡਿੱਗ ਰਹੇ ਖਲੇਪੜਾਂ ਤੋਂ ਮੰਡੀ ਵਾਸੀਆਂ ਨੂੰ ਹਰ ਸਮੇਂ ਇਹ ਡਰ ਸਤਾ ਰਿਹਾ ਸੀ ਕਿ ਇਹ ਇਮਾਰਤ ਕਿਸੇ ਸਮੇਂ ਕਈ ਜਾਨਾਂ ਲੈ ਲਵੇਗੀ ਪਰ ਹੁਣ ਇਸ ਦੇ ਕੰਮ ਦੇ ਸ਼ੁਰੂ ਹੋ ਜਾਣ ਨਾਲ ਸ਼ਹਿਰ ਵਾਸੀਆਂ ਨੂੰ ਡਰ ਦੂਰ ਹੋਣ ਦੇ ਨਾਲ ਨਾਲ ਇੱਕ ਆਸ ਬੱਝੀ ਹੈ ਕਿ ਨਵੇਂ ਸਿਰੇ ਤੋਂ ਇਸ ਥਾਂ ਤੇ ਚੰਗੀ ਇਮਾਰਤ ਬਣਨ ਨਾਲ ਮੰਡੀ ਦੀ ਦਿੱਖ ਹੋਰ ਵੀ ਸੁੰਦਰ ਲੱਗੇਗੀ । ਦੱਸਣਯੋਗ ਹੈ ਕਿ ਇਹ ਜਗ੍ਹਾ ਨਗਰ ਕੌਸਲ ਦੇ ਅਧੀਨ ਆਉਂਦੀ ਹੈ ਤੇ ਮਾਰਕਿਟ ਕਮੇਟੀ ਨੂੰ ਲੰੰਮੀ ਲੀਜ ਤੇ ਦਿੱਤੀ ਹੋਈ ਹੈ । ਇਸ ਸਬੰਧੀ ਜਦ ਮਾਰਕੀਟ ਕਮੇਟੀ ਦੇ ਚੇਅਰਮੈਨ ਗਿਆਨ ਚੰਦ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਗਭਗ ਇੱਕ ਹਫਤੇ 'ਚ ਇਸ ਸ਼ੈਡ ਦੀ ਢੁਹਾ ਢੁਹਾਈ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਅਗਲੇ ਮਹੀਨੇ ਨਵੇਂ ਸਿਰੇ ਤੋਂ ਇਸ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ।