Arash Info Corporation

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੱਸੀਆਂ (ਰਾਏਕੋਟ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਉਦਯੋਗਿਕ ਸਿੱਖਲਾਈ ਸੰਸਥਾ ਦਾ ਰੱਖਿਆ ਨੀਂਹ ਪੱਥਰ

18

November

2020

ਰਾਏਕੋਟ (ਲੁਧਿਆਣਾ), 18 ਨਵੰਬਰ (ਪਰਮਜੀਤ ਸਿੰਘ) - ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰ.ਚਰਨਜੀਤ ਸਿੰਘ ਚੰਨੀ ਵਲੋ ਅੱਜ ਰਾਏਕੋਟ ਨੇੜੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਬੱਸੀਆਂ ਦੇ ਕੈਂਪਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਉਦਯੋਗਿਕ ਸਿੱਖਲਾਈ ਸੰਸਥਾ (ਆਈ.ਟੀ.ਆਈ.) ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਚੰਨੀ ਨੇ ਕਿਹਾ ਕਿ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਪਾਸ ਹੋਈ ਇਹ ਸੰਸਥਾ ਇਲਾਕੇ ਦੀ ਪਹਿਲੀ ਤਕਨੀਕੀ ਸੰਸਥਾ ਹੋਵੇਗੀ। ਇਸ ਆਈ.ਟੀ.ਆਈ. 'ਤੇ ਤਕਰੀਬਨ 7 ਕਰੋੜ ਰੁਪਏ ਖਰਚ ਆਉਣਗੇ ਜਿਸ ਵਿੱਚ 3.39 ਕਰੋੜ ਰੁਪਏ ਇਮਾਰਤ ਦੇ ਨਵੀਨੀਕਰਨ ਲਈ ਅਤੇ 3.60 ਕਰੋੜ ਰੁਪਏ ਸੰਸਥਾ ਵਿੱਚ ਸਿਖਲਾਈ ਲਈ ਮਸ਼ਨੀਰੀ 'ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਆਈ.ਟੀ.ਆਈ. ਦੀ ਸ਼ੁਰੂਆਤ 'ਚ 5 ਕਿੱਤਾ ਮੁਖੀ ਕੋਰਸ ਵਿੱਚ ਕੰਪਿਊਟਰ ਹਾਰਡਵੇਅਰ ਤੇ ਨੈਟਵਰਕਿੰਗ ਮੈਨਟੀਨੈਂਸ, ਇਲੈਕਟ੍ਰੋਨਿਕਸ ਮਕੈਨਿਕ, ਮਸ਼ੀਨੀਸਟ, ਵੈਲਡਰ ਤੇ ਸਰਵੇਅਰ ਸ਼ੁਰੂ ਕੀਤੇ ਜਾਣਗੇ। ਸ੍ਰ. ਚੰਨੀ ਵੱਲੋਂ ਇਸ ਨਵੀਂ ਬਣ ਰਹੀ ਆਈ.ਟੀ.ਆਈ. ਵਿੱਚ ਹੁਨਰ ਵਿਕਾਸ ਕੇਂਦਰ ਅਤੇ ਅਪਰੈਂਟਸ਼ਿਪ ਸਕੀਮ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ। ਸ. ਚੰਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਇਸ ਇਮਾਰਤ 'ਚ ਤਕਨੀਕੀ ਕਾਲਜ ਲਈ ਕੈਂਪਸ ਸਥਾਪਿਤ ਕਰਨ ਦੀ ਯੋਜਨਾ ਸੀ ਪ੍ਰੰਤੂ ਯੂਨੀਵਰਸਿਟੀ ਵਲੋਂ ਆਪਣੇ ਹੱਥ ਪਿੱਛੇ ਖਿੱਚ ਲੈਣ ਕਾਰਨ ਪੰਜਾਬ ਸਰਕਾਰ ਨੇ ਇਥੇ ਉਦਯੋਗਿਕ ਸਿੱਖਲਾਈ ਸੰਸਥਾ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਫਤਿਹਗੜ੍ਹ ਸਾਹਬਿ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਲਈ ਪਹਿਲਾਂ ਕਾਫੀ ਦੂਰ ਜਾਣਾ ਪੈਂਦਾ ਸੀ, ਜਿਸ ਕਾਰਨ ਜਿਆਦਾਤਰ ਬੱਚੇ ਇਸ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 6 ਮਹੀਨੇ ਵਿੱਚ ਆਈ.ਟੀ.ਆਈ. ਬਣ ਕੇ ਤਿਆਰ ਹੋ ਜਾਵੇਗੀ। ਸਮਾਗਮ ਦੇ ਅਖੀਰ 'ਚ ਯੂਥ ਆਗੂ ਕਾਮਿਲ ਬੋਪਾਰਾਏ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ.ਚਰਨਜੀਤ ਸਿੰਘ ਚੰਨੀ ਤੇ ਐਮ.ਪੀ. ਡਾ. ਅਮਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਹਲਕਾ ਰਾਏਕੋਟ 'ਚ ਵਿਕਾਸ ਕਾਰਜ ਵੱਡੇ ਪੱਧਰ 'ਤੇ ਚੱਲ ਰਹੇ ਹਨ।