Arash Info Corporation

ਬਰਸਾਤ ਤੋਂ ਬਾਅਦ ਘਰਾਂ ਵਿੱਚ ਕਿਤੇ ਵੀ ਖੜ੍ਹਾ ਸਾਫ ਪਾਣੀ ਡੇਂਗੂ ਮੱਛਰ ਦਾ ਕਾਰਨ : ਡਾ. ਕੁੰਦਨ ਕੇ ਪਾਲ

17

November

2020

ਫਾਜ਼ਿਲਕਾ, 17 ਨਵੰਬਰ (ਪ.ਪ) ਸਿਵਲ ਸਰਜਨ ਫਾਜ਼ਿਲਕਾ ਡਾ. ਕੁੰਦਨ ਕੇ ਪਾਲ ਨੇ ਡੇਂਗੂ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਸ ਬਰਸਾਤ ਤੋਂ ਬਾਅਦ ਸਾਡੇ ਘਰਾਂ ਦੀਆਂ ਛੱਤਾਂ ਤੇ ਪਏ ਹੋਏ ਕਬਾੜ, ਟੁੱਟੇ ਹੋਏ ਬਰਤਨ ਜਾਂ ਹੋਰ ਵਸਤੂਆਂ ਵਿੱਚ ਬਰਸਾਤ ਦਾ ਪਾਣੀ ਇਕੱਠਾ ਹੋ ਸਕਦਾ ਹੈ ਜਿੱਕੇ ਡੇਂਗੂ ਮੱਛਰ ਦੇ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਅਜਿਹੇ ਥਾਵਾਂ ਤੋਂ ਪਾਣੀ ਨੂੰ ਚੰਗੀ ਤਰ੍ਹਾਂ ਸੁੱਕਾ ਦੇਣਾ ਚਾਹੀਦਾ ਹੈ ਤਾਂ ਜੋ ਡੇਂਗੂ ਮੱਛਰ ਪੈਦਾ ਨਾ ਹੋ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਸਾਡੇ ਘਰਾਂ ਵਿੱਚ ਜੇਕਰ ਕੂਲਰ ਅਤੇ ਗਮਲਿਆਂ ਵਿੱਚ ਪਾਣੀ ਪਿਆ ਹੈ ਤਾਂ ਉਸ ਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਡੇਂਗੂ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਥੋੜਾ ਜਿਹਾ ਵੀ ਬੁਖਾਰ ਹੈ ਤਾਂ ਉਹ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਡੇਂਗੂ ਅਤੇ ਕਰੋਨ ਦਾ ਟੈਸਟ ਜ਼ਰੂਰ ਕਰਵਾਉਣ ਅਤੇ ਆਪਣਾ ਇਲਾਜ ਸ਼ੁਰੂ ਕਰਵਾਉਣ। ਉਨ੍ਹਾਂ ਕਿਹਾ ਕਿ ਕਦੇ ਵੀ ਘਰ ਬੈਠ ਕੇ ਆਪਣਾ ਇਲਾਜ ਖੁਦ ਨਾ ਕਰੋ ਅਤੇ ਨਾ ਹੀ ਨੀਮ ਹਕੀਮਾਂ ਕੋਲੋਂ ਕਰਵਾਓ ਕਿਉਂਕਿ ਇਹ ਘਾਤਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਕੇਵਲ ਪੈਰਾਸਿਟਾਮੋਲ ਹੀ ਲੈਣ ਅਤੇ ਤਰਲ ਪਦਾਰਥਾਂ ਤੇ ਪਾਣੀ ਆਦਿ ਦਾ ਸੇਵਨ ਕਰਨ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਕਰੋਨਾ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਇਸ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਜਾਗਰੂਕ ਹੋ ਕੇ ਮੱਛਰਾਂ ਦੇ ਪੈਦਾ ਹੋਣ ਨੂੰ ਰੋਕਣਾ ਹੈ ਅਤੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਹਰ ਸ਼ੁੱਕਰਵਾਰ ਨੂੰ ਡ੍ਰਾਈ-ਡੇਅ ਵਜੋਂ ਮਨਾਉਣਾ ਚਾਹੀਦਾ ਹੈ।