Arash Info Corporation

ਗਾਹਲਾਂ ਕੱਢਣ ਨਾਲ ਵੀ ਹੁੰਦੀ ਹੈ ਮਾਂ ਬੋਲੀ ਦੀ ਬੇਹੁਰਮਤੀ

12

November

2020

ਮਾਂ ਬੋਲੀ ਦੀ ਚੜ੍ਹਤ ਲਈ ਜਿਵੇਂ ਚੰਗਾ ਚੰਗਾ ਸਾਹਿਤ ਲਿਖਣਾ ਤੇ ਪੜ੍ਹਨਾ ਜ਼ਰੂਰੀ ਹੁੰਦਾ ਹੈ,ਉਵੇਂ ਹੀ ਮਾਂ ਬੋਲੀ ਦੀ ਪਾਕੀਜ਼ਗੀ ਲਈ ,ਇਸਦੀ ਵਰਤੋਂ ਸੋਹਣੇ ਤਰੀਕੇ ਨਾਲ ਗੱਲ ਕਰਨ ਵਿੱਚ ਵੀ ਹੈ।ਜਿਸ ਭਾਸ਼ਾ ਵਿੱਚ ਗਾਹਲ ਕੱਢਣ ਦੀ ਕੋਈ ਪਾਬੰਦੀ ਨਾ ਹੋਵੇ,ਲੋਕ ਹਰ ਗੱਲ ਵਿੱਚ ਗਾਹਲ ਕੱਢ ਕੇ ਬੋਲਦੇ ਹੋਣ , ਕੀ ਉਸ ਬੋਲੀ ਦੀ ਪਵਿੱਤਰਤਾ ਨੂੰ ਨੁਕਸਾਨ ਨਹੀਂ ਹੋ ਰਿਹਾ? ਪੰਜਾਬੀ ਬਿਨਾਂ ਸ਼ਕ ਬਹੁਤ ਪਵਿੱਤਰ ਭਾਸ਼ਾ ਹੈ।ਇਸ ਵਿੱਚ ਸੰਤਾਂ, ਭਗਤਾਂ, ਸੂਫ਼ੀ ਕਵੀਆਂ, ਫ਼ਕੀਰਾਂ ਤੇ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਰਚਨਾ ਕੀਤੀ।ਜਿਸ ਭਾਸ਼ਾ ਵਿੱਚ ਇੰਨੀ ਪਵਿੱਤਰ ਗੁਰਬਾਣੀ ਰਚੀ ਗਈ ਹੈ, ਕੀ ਉਸ ਭਾਸ਼ਾ ਨੂੰ ਗਾਹਲ ਲਈ ਵਰਤਣਾ ਜਾਇਜ ਹੈ। ਹੁਣ ਮਸਲਾ ਇਹ ਹੈ ਕਿ ਗਾਹਲਾਂ ਦੀ ਵਰਤੋਂ ਤਾਂ ਬਹੁਤ ਜਿਆਦਾ ਹੋ ਰਹੀ ਹੈ।ਨਿੱਕੇ ਨਿੱਕੇ ਬੱਚੇ ਬੋਲਣਾ ਬਾਅਦ ਵਿੱਚ ਸਿੱਖਦੇ ਹਨ, ਗਾਹਲਾਂ ਕੱਢਣੀਆਂ ਪਹਿਲਾਂ ਸਿੱਖ ਜਾਂਦੇ ਹਨ। ਮੈ ਤਾਂ ਕੁਝ ਅਜਿਹੇ ਲੋਕਾਂ ਨੂੰ ਦੇਖਿਆ ਜੋ ਆਪਣੇ ਨਿੱਕੇ ਜਿਹੇ ਬੱਚੇ ਦੇ ਮੂੰਹ ਵਿਚੋਂ ਗਾਹਲ ਸੁਣਕੇ ਹੱਸਦੇ ਹਨ, ਜਿਵੇਂ ਬੜੇ ਮਾਣ ਵਾਲੀ ਗੱਲ ਹੋਵੇ। ਇਸ ਸਭ ਦੇ ਪਿੱਛੇ ਇੱਕੋ ਘਾਟ ਹੈ, ਉਹ ਹੈ ਜਾਗਰੂਕਤਾ ਦੀ ਕਮੀ। ਕਿਉਂਕਿ ਇਸ ਬਾਰੇ ਲੋਕਾਂ ਨੂੰ ਕੁਝ ਦਸਿਆ ਹੀ ਨਹੀਂ ਜਾ ਰਿਹਾ।ਲੋਕਾਂ ਵਿੱਚ ਮਾਂ ਬੋਲੀ ਲਈ ਚੇਤਨਤਾ ਦੀ ਕਮੀ ਪਿੱਛੇ ਬਹੁਤ ਸਾਰੀਆਂ ਸਾਜਿਸ਼ਾਂ ਵੀ ਕੰਮ ਕਰ ਰਹੀਆਂ ਹਨ। ਜਿਨ੍ਹਾਂ ਦਾ ਮਕਸਦ ਹੀ ਪੰਜਾਬ,ਪੰਜਾਬੀਅਤ ਤੇ ਪੰਜਾਬੀ ਬੋਲੀ ਨੂੰ ਨੇਸਤਾ ਨਾਬੂਦ ਕਰਨਾ ਹੈ।ਹੁਣ ਜਦ ਕਿ ਅਸੀਂ ਖ਼ੁਦ ਪੰਜਾਬੀ ਹੀ ਆਪਣੀ ਭਾਸ਼ਾ ਦੀ ਬੇਅਦਬੀ ਤੇ ਉੱਤਰ ਆਏ ਹਾਂ ਤਾਂ ਫਿਰ ਸਾਨੂੰ ਦੁਸ਼ਮਣਾਂ ਦੀ ਕੀ ਲੋੜ ਹੈ। ਅਸੀਂ ਤਾਂ ਖੁਦ ਇਸਦੇ ਦੁਸ਼ਮਣ ਬਣ ਗਏ ਹਾਂ। ਇੱਕ ਤਾਂ ਅੰਗਰੇਜ਼ੀ ਸਕੂਲਾਂ ਦੇ ਨਾਂ ਹੇਠ ਸਕੂਲ ਵੀ ਪੰਜਾਬੀ ਨੂੰ ਖਤਮ ਕਰਨ ਦੀ ਬਹੁਤ ਵੱਡੀ ਚਾਲ ਹੈ,ਜਿਸ ਵਿੱਚ ਅਸੀ ਬੜੀ ਸ਼ਾਨ ਨਾਲ ਫਸੇ ਹੋਏ ਹਾਂ। ਉੱਪਰੋਂ ਸਾਡੇ ਬੱਚਿਆਂ ਨੂੰ ਪੰਜਾਬੀ ਬੇਸ਼ਕ ਹੁਣ ਬਹੁਤ ਘਟ ਆਉਂਦੀ ਹੈ, ਪਰ ਗਾਹਲਾਂ ਦੀ ਜਾਣਕਾਰੀ ਖੂਬ ਹੋ ਗਈ ਹੈ। ਇਸਦੇ ਲਈ ਹੁਣ ਤੋਂ ਕੁਝ ਨਾ ਕੀਤਾ ਗਿਆ ਤਾਂ ਨਤੀਜੇ ਬਹੁਤ ਭਿਆਨਕ ਹੋਣਗੇ।ਮੇਰੀ ਪਹਿਚਾਣ ਵਿੱਚੋ ਇਕ ਬੀਬੀ ਦੱਖਣੀ ਭਾਰਤ ਤੋਂ ਆਕੇ ਪੰਜਾਬ ਵਿੱਚ ਆਪਣੇ ਕੌਨਵੈਂਟ ਸਕੂਲਾਂ ਦੀ ਲੜੀ ਚਲਾ ਰਹੀ ਹੈ।ਉਸਦੇ ਸਕੂਲ ਵਿੱਚ ਤਾਂ ਪੰਜਾਬੀ ਬੋਲਣ ਤੇ ਜੁਰਮਾਨਾ ਹੈ ਹੀ, ਉਹ ਆਪਣੇ ਘਰ ਵਿੱਚ ਕੰਮ ਕਰਦੇ ਨੌਕਰਾਂ ਨੂੰ ਵੀ ਪੰਜਾਬੀ ਬੋਲਦੇ ਦੇਖਕੇ ਖੂਬ ਖਰੀ ਖੋਟੀ ਸੁਣਾਉਂਦੀ ਹੈ। ਕਾਰਨ ਪੁੱਛਿਆ ਤਾਂ ਕਹਿਣ ਲੱਗੀ,ਕਿੰਨੀ ਗੰਦੀ ਐ ਇਹ ਭਾਸ਼ਾ, ਕਿੰਨੀਆਂ ਗਾਹਲਾਂ ਹਨ ਇਸ ਵਿੱਚ, ਉਹ ਵੀ ਔਰਤਾਂ ਲਈ।ਸੋਚੋ ਇਹ ਗੱਲ ਸੁਣ ਰਹੇ ਪੰਜਾਬੀ ਦੀ ਕੀ ਹਾਲਤ ਹੋਈ ਹੋਵੇਗੀ। ਉਹਨਾਂ ਦੀ ਗੱਲ ਦਾ ਨਿਰਾਪੁਰਾ ਵਿਰੋਧ ਕਰਨ ਤੋਂ ਪਹਿਲਾਂ ,ਸਾਨੂੰ ਆਵਦੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ।ਦੱਖਣੀ ਭਾਰਤੀ ਆਵਦੀਆਂ ਭਾਸ਼ਾਵਾਂ ਲਈ ਬੇਹੱਦ ਚੇਤੰਨ ਹਨ। ਉਹ ਆਪਣੇ ਸੱਭਿਆਚਾਰ ਤੇ ਭਾਸ਼ਾ ਦੀ ਬਹੁਤ ਇੱਜ਼ਤ ਕਰਦੇ ਹਨ। ਹੁਣ ਸਾਨੂੰ ਵੀ ਇਸ ਪਾਸੇ ਜਾਗਰੂਕ ਹੋਣਾ ਪਵੇਗਾ।ਪੰਜਾਬੀ ਬੋਲੀ ਵਿੱਚ ਗਾਹਲ ਕੱਢ ਕੇ ਬੋਲਣ ਵਾਲਿਆਂ ਲਈ ਸਖਤੀ ਕਰਨੀ ਪਵੇਗੀ ।ਪੰਜਾਬੀ ਸੱਭਿਆਚਾਰ ਤੇ ਬੋਲੀ ਨਾਲ ਜੁੜੀਆਂ ਸੰਸਥਾਵਾਂ ਇਸ ਬਾਰੇ ਉੱਦਮ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕਰਨ ਤਾਂ ਜ਼ਰੂਰ ਹੀ ਫਰਕ ਪੈਣਾ ਸ਼ੁਰੂ ਹੋ ਜਾਏਗਾ। ਕਿਉਂਕਿ ਲੋਕ ਅਣਜਾਣੇ ਵਿੱਚ ਹੀ ਇਸ ਬਾਰੇ ਧਿਆਨ ਨਹੀਂ ਦੇ ਰਹੇ ਹਨ।ਖ਼ਾਸ ਕਰਕੇ ਪਿੰਡਾਂ ਵਿੱਚ ਬਹੁਤ ਹੀ ਘੱਟ ਚੇਤਨਤਾ ਹੈ ਕਿ ਮਾਂ ਬੋਲੀ ਵਿੱਚ ਗਾਹਲ ਦਾ ਕਿੰਨਾ ਗਲਤ ਚਲਣ ਹੈ।ਇਸ ਨੂੰ ਹੁਣ ਹੋਰ ਅਣਦੇਖਿਆ ਕਰਨਾ ਬਹੁਤ ਨੁਕਸਾਨਦਾਇਕ ਸਾਬਿਤ ਹੋਵੇਗਾ। ਕਿਉਂਕਿ ਪੰਜਾਬੀ ਹੈ ਤਾਂ ਪੰਜਾਬ ਹੈ।ਸਾਡਾ ਫ਼ਰਜ਼ ਹੈ ਗੁਰੂਆਂ ਦੀ ਭਾਸ਼ਾ ਦੀ ਪਵਿੱਤਰਤਾ ਕਾਇਮ ਰੱਖਣ ਲਈ ਉੱਦਮ ਕਰੀਏ। ਰਾਜਨਦੀਪ ਕੌਰ ਮਾਨ 6239326166