ਪੰਛੀਆਂ ਦੇ ਲੁਪਤ ਹੋਣ ਤੋ ਬਚਾਉਣ ਲਈ ਕੋਸ਼ਿਸ਼ ਕਰਨ ਚਾਹੀਦਾ

12

November

2020

ਕੁਦਰਤ ਵਿੱਚ ਆਏ ਦਿਨ ਹੁੰਦੇ ਬਦਲਾਉ ਕਾਰਨ ਸਾਡੇ ਜਨਜੀਵਨ ਤੇ ਤਾਂ ਪ੍ਰਭਾਵ ਪੈਂਦਾ ਹੀ ਹੈ ਨਾਲ ਹੀ ਸਾਡੇ ਪੰਛੀਆਂ ਤੇ ਵੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਅਚਾਨਕ ਮੌਸਮ ਦੀ ਤਬਦੀਲੀ ਕਾਰਣ ਸਾਡੇ ਪੰਛੀ ਵਿਲੁਪਤ ਹੋ ਰਹੇ ਹਨ। ਮੌਸਮ ਦੇ ਵਿਗੜਦੇ ਮਿਜਾਜ ਨੂੰ ਦੇਖਦੇ ਹੋਏ ਸਾਨੂੰ ਇਹਨਾਂ ਪੰਛੀਆਂ ਦੇ ਬਚਾਉ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ। ਇਹਨਾਂ ਦੇ ਲੁਪਤ ਹੋਣ ਕਾਰਣ ਸਾਨੂੰ ਵੱਡਾ ਧੱਕਾ ਲੱਗੇਗਾ। ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਵਰਤੋਂ ਕਾਰਨ ਵੀ ਇਹਨਾਂ ਪੰਛੀਆਂ ਦੀ ਹੋਂਦ ਲਈ ਵੱਡਾ ਖਤਰਾ ਪੈਦਾ ਹੋਣ ਲੱਗਾ। ਇਹਨਾਂ ਪੰਛੀਆਂ ਦੀ ਘੱਟ ਰਹੀ ਗਿਣਤੀ ਨੂੰ ਵਧਾਉਣ ਲਈ ਯੋਗ ਉਪਰਾਲਿਆ ਦੀ ਲੋੜ ਹੈ। ਇਹਨਾਂ ਪ੍ਰਜਾਤੀਆਂ ਨੂੰ ਅਸੀਂ ਕਿਵੇਂ ਸੁਰੱਖਿਆ ਪ੍ਰਦਾਨ ਕਰਵਾਉਣੀ ਹੈ ਇਸ ਲਈ ਵਿਚਾਰ ਵਟਾਂਦਰਾ ਕੀਤਾ ਜਾਣਾ ਬਹੁਤ ਜਰੂਰੀ ਹੈ। ਕੁਦਰਤ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਦੇ ਸਹਿਯੋਗ ਸਦਕਾ ਇਹਨਾਂ ਪ੍ਰਜਾਤੀਆਂ ਦੀ ਹੋਂਦ ਕਾਇਮ ਹੋ ਸਕਦੀ ਹੈ। ਸਾਡੇ ਸਮਾਜ ਵਿੱਚ ਇਹਨਾਂ ਪੰਛੀਆਂ ਦਾ ਹੋਣਾ ਲਾਜ਼ਮੀ ਹੈ। ਪੰਛੀਆਂ ਦੇ ਲੁਪਤ ਹੋਣ ਦਾ ਕਾਰਣ ਆਲ੍ਹਣੇ ਵੀ ਹਨ ਜਦੋਂ ਇਹਨਾਂ ਦੇ ਆਲ੍ਹਣੇ ਬਰਸਾਤਾਂ ਜਾਂ ਹਨ੍ਹੇਰੀ ਤੂਫਾਨ ਜਾਂ ਹੋਰ ਕਾਰਣਾਂ ਕਰਕੇ ਟੁੱਟ ਜਾਂਦੇ ਹਨ ਤਦ ਇਹਨਾਂ ਨੂੰ ਲੁੱਕਣ ਜਾਂ ਸੁਰੱਖਿਅਤ ਥਾਂ ਨਾ ਮਿਲਣ ਕਾਰਨ ਇਹਨਾਂ ਦੀ ਜੀਵਨ ਲੀਲਾ ਖਤਮ ਹੋ ਜਾਂਦੀ ਹੈ। ਸਾਨੂੰ ਇਹਨਾਂ ਪੰਛੀਆਂ ਦੇ ਆਲ੍ਹਣਿਆਂ ਦੇ ਬਚਾਉ ਲਈ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਹਨਾਂ ਪੰਛੀਆਂ ਦੀ ਹੋਂਦ ਕਾਇਮ ਰਹਿ ਸਕੇ। ਅੱਜ ਕੱਲ੍ਹ ਤਾਂ ਸਾਡੇ ਆਮ ਹੀ ਲੱਕੜੀ, ਲੋਹੇ, ਤੇ ਮਿੱਟੀ ਦੇ ਵਧੀਆ ਢੰਗ ਨਾਲ ਬਣੇ ਆਲ੍ਹਣੇ ਮਿਲ ਜਾਂਦੇ ਹਨ। ਇਹ ਆਲ੍ਹਣੇ ਵਾਜਬ ਕੀਮਤ ਤੇ ਮਿਲ ਜਾਂਦੇ ਹਨ। ਜੇਕਰ ਅੱਜ ਲੋੜ ਹੈ ਤਾਂ ਇਹਨਾਂ ਪੰਛੀਆਂ ਦੀ ਹੋਂਦ ਬਰਕਰਾਰ ਰੱਖਣ ਦੀ ਤਾਂ ਹਰ ਵਿਅਕਤੀ ਨੂੰ ਇਹਨਾਂ ਆਲ੍ਹਣਿਆਂ ਨੂੰ ਰੁੱਖਾਂ ਉੱਤੇ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇਹਨਾਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਖਤਮ ਨਾ ਹੋਣ ਦੇਈਏ। ਸਾਡੇ ਕਿਸਾਨ ਭਰਾਵਾਂ ਲਈ ਤਾਂ ਇਹ ਹੋਰ ਵੀ ਆਸਾਨ ਹੈ। ਖੇਤਾਂ ਵਿੱਚ ਫਾਲਤੂ ਸੁੱਕਾ ਘਾਹ ਫੂਸ ਇਕੱਠਾ ਕਰ ਦਰਖਤਾਂ ਉਤੇ ਰੱਖ ਆਲ੍ਹਣਾ ਤਿਆਰ ਕੀਤਾ ਜਾ ਸਕਦਾ ਹੈ। ਵਿਜੈ ਗਰਗ, ਮਲੋਟ