ਭਾਰਤ ਤੇ ਨੇਪਾਲ ਵਿਚਾਲੇ ਸ਼ੁਰੂ ਤੋਂ ਹੀ ਧਰਮ ਤੇ ਸੰਸਕਾਰਾਂ ਦੀ ਸਾਂਝ: ਡਾ. ਮਿਨਹਾਸ

16

October

2018

ਨਵੀਂ ਦਿੱਲੀ, ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਪ੍ਰਿੰਸੀਪਲ ਅਤੇ ਨੇਪਾਲ ਤੇ ਭਾਰਤ ਦੇ ਸਬੰਧਾਂ ਬਾਰੇ ਪ੍ਰਚਾਰ ਕਰਨ ਵਾਲੇ ਸਮਰਸਤਾ ਮਿਸ਼ਨ ਦੇ ਮੁੱਖ ਸਲਾਹਕਾਰ ਡਾ. ਐੱਸ.ਐੱਸ. ਮਿਨਹਾਸ ਦੀ ਨਿਗਰਾਨੀ ਹੇਠ ਸਕੂਲ ਦੇ ਬੇਬੇ ਨਾਨਕੀ ਹਾਲ ਵਿੱਚ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨੇਪਾਲ ਦੇ ਉਪ ਰਾਸ਼ਟਰਪਤੀ ਦੇ ਮੁੱਖ ਸਲਾਹਕਾਰ ਮਹਾਂਵੀਰ ਪ੍ਰਸਾਦ ਤੋੜੀ ਮੁੱਖ ਮਹਿਮਾਨ ਵਜੋਂ ਅਤੇ ਨੇਪਾਲ ਦੇ ਈਸਟ-ਵੈਸਟ ਲਾਅ ਫਰਮ ਸੁਪਰੀਮ ਕੋਰਟ ਦੇ ਐਡਵੋਕੇਟ ਕੁਲਦੀਪ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਉਪਰੰਤ ਡਾ. ਮਿਨਹਾਸ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਵਿਚਕਾਰ ਸ਼ੁਰੂ ਤੋਂ ਹੀ ਧਰਮ, ਸਭਿਆਚਾਰ, ਸ਼ਾਂਤੀ, ਸੰਸਕਾਰਾਂ ਪ੍ਰਤੀ ਆਪਸੀ ਸਾਂਝ ਰਹੀ ਹੈ। ਸ੍ਰੀ ਪ੍ਰਸਾਦ ਨੇ ਨੇਪਾਲੀ ਟੋਪੀ ਨਾਲ ਡਾ. ਮਿਨਹਾਸ ਦਾ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਸਭਿਆਚਾਰਕ ਵਿਸ਼ਵ ਏਕਤਾ ਯਾਤਰਾ ਦਾ ਸ਼ੁਭ ਆਰੰਭ ਗੁਰੂ ਨਾਨਕ ਪਬਲਿਕ ਸਕੂਲ ਤੋਂ ਹੀ ਕੀਤਾ ਹੈ। ਸ੍ਰੀ ਪ੍ਰਸਾਦ ਨੇ ਮੁੱਖ ਉਦੇਸ਼ਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਸਮਰਸਤਾ ਮਿਸ਼ਨ ਨੂੰ 22 ਰਾਸ਼ਟਰਾਂ ਦਾ ਨੈਤਿਕ ਸਮਰਥਨ ਪ੍ਰਾਪਤ ਹੈ। ਸੰਸਥਾ ਦਾ ਉਦੇਸ਼ ਭਾਰਤ ਅਤੇ ਨੇਪਾਲ ਦੀ ਵੈਦਿਕ ਕਾਲੀਨ ਸੰਸਕ੍ਰਿਤੀ ਨੂੰ ਪੁਨਰ ਸਥਾਪਿਤ ਕਰਨਾ ਅਤੇ ਭਾਰਤ ਨੂੰ ਦੁਬਾਰਾ ਵੈਦਿਕ ਕਾਲੀਨ ਜਗਤ ਗੁਰੂ ਦੇ ਆਸਨ ’ਤੇ ਸਥਾਪਤ ਕਰਨਾ ਹੈ। ਉਨ੍ਹਾਂ ਭਾਰਤ ਨੂੰ ਦੁਨੀਆਂ ਦਾ ਅੱਠਵਾਂ ਸਭ ਤੋਂ ਤਾਕਤਵਰ ਦੇਸ਼ ਬਣਾਉਣ ਲਈ ਭਾਰਤ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਪਾਵਰ ਬਣਾਉਣਾ ਹੈ। ਸ੍ਰੀ ਪ੍ਰਸਾਦ ਨੇ ਡਾ. ਮਿਨਹਾਸ ਦੇ ਸਾਹਮਣੇ ਇਹ ਪ੍ਰਸਤਾਵ ਵੀ ਰੱਖਿਆ ਕਿ ਵਿਸ਼ਵ ਏਕਤਾ ਸਿਖਾਉਣ ਲਈ ਭਾਰਤੀ ਅਤੇ ਨੇਪਾਲੀ ਅਧਿਆਪਕਾਂ ਦਾ ਆਪਸੀ ਰੂ-ਬ-ਰੂ ਹੋਣਾ ਵੀ ਬੇਹੱਦ ਜ਼ਰੂਰੀ ਹੈ। ਵਿਸ਼ਵ ਏਕਤਾ ਸਿੱਖਣ ਲਈ ਨੇਪਾਲ ਦੇ 45 ਬੱਚੇ ਭਾਰਤ ਅਤੇ ਭਾਰਤ ਦੇ 45 ਬੱਚੇ ਨੇਪਾਲ ਵਿੱਚ ਸਿੱਖਿਆ ਪ੍ਰਾਪਤ ਕਰ ਕੇ ਉੱਥੋਂ ਦੇ ਸਭਿਆਚਾਰ ਤੋਂ ਜਾਣੂ ਹੋਣ। ਉਨ੍ਹਾਂ ਭਾਰਤੀ ਪ੍ਰਾਚੀਨ ਸੰਸਕ੍ਰਿਤੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਰਤ ਤੇ ਨੇਪਾਲ ਦਾ ਸਬੰਧ ਵੈਦਿਕ ਕਾਲ ਤੋਂ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇਪਾਲ ਦੇ ਮਾੜੇ ਸਮੇਂ ਵਿੱਚ ਭਾਰਤ ਵੱਲੋਂ ਦਿੱਤੇ ਜਾਂਦੇ ਸਹਿਯੋਗ ਦਾ ਵੀ ਉਨ੍ਹਾਂ ਜ਼ਿਕਰ ਕੀਤਾ। ਅੰਤ ਵਿੱਚ ਸ੍ਰੀ ਪ੍ਰਸਾਦ ਨੇ ਦੱਸਿਆ ਕਿ 25 ਨਵੰਬਰ ਨੂੰ ਭਾਰਤ ਵਿੱਚ 136 ਦੇਸ਼ਾਂ ਨੂੰ ਸੱਦਿਆ ਗਿਆ ਹੈ। ਇਸ ਸਮਾਗਮ ਦੌਰਾਨ ਡਾ. ਮਿਨਹਾਸ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਏਗਾ। ਕੁਲਦੀਪ ਸ਼ਰਮਾ ਨੇ ਡਾ. ਮਿਨਹਾਸ ਨੂੰ 350 ਤੋਂ ਵੀ ਜ਼ਿਆਦਾ ਐਵਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ।