Arash Info Corporation

ਕੀ ਸਿੱਟੇ ਨਿਕਲਦੇ ਹਨ ਜੰਗਾਂ ਯੁੱਧਾਂ ਦੇ?

10

November

2020

ਇਸ ਦੁਨੀਆਂ ਦੀ ਸਿਰਜਣਾ ਕੁਦਰਤ ਨੇ ਬੜੀ ਹੀ ਸ਼ਿੱਦਤ ਨਾਲ ਕੀਤੀ ਹੈ, ਇਸ ਦੁਨੀਆਂ ਦੇ ਨਜਾਰਿਆ ਨੂੰ ਦੇਖ ਮਨ ਅਸ਼ ਅਸ਼ ਕਰ ਉੱਠਦਾ ਹੈ। ਆਦਿ ਮਾਨਵ ਦੀਆਂ ਸਿਰਫ ਦੋ ਤਿੰਨ ਹੀ ਮੁੱਖ ਲੋੜਾਂ ਸਨ, ਰੋਟੀ, ਤਨ ਢੱਕਣ ਲਈ ਕੱਪੜਾ ਅਤੇ ਰਹਿਣ ਲਈ ਛੱਤ, ਉਸ ਵਿੱਚ ਕੋਈ ਈਰਖਾ, ਕੋਈ ਵੈਰ ਵਿਰੋਧ ਨਹੀਂ, ਬਸ ਨਿੱਜੀ ਲੋੜਾਂ ਨੂੰ ਪੂਰਿਆਂ ਕਰਦਿਆਂ ਉਹ ਲੋਕ ਆਪਣਾ ਜੀਵਨ ਜੀਅ ਲੈਂਦੇ ਸਨ। ਪਰ ਜਿਉਂ ਜਿਉਂ ਆਦਿ ਮਾਨਵ ਤੋਂ ਮਨੁੱਖੀ ਵਿਕਾਸ ਦਾ ਸਫ਼ਰ ਸ਼ੁਰੂ ਹੋਇਆ ਤਾਂ ਲੋੜਾਂ ਵੱਧਦੀਆਂ ਗਈਆਂ, ਦੂਰੀਆਂ ਬਣਦੀਆਂ ਗਈਆਂ ਅਤੇ ਇਸ ਵਿਕਾਸ ਨੇ ਅਜਿਹੇ ਰੂਪ ਅਖਤਿਆਰ ਕੀਤੇ ਕਿ ਸਿੱਟਾ ਜੰਗਾਂ, ਯੁੱਧਾਂ ਤੱਕ ਪਹੁੰਚ ਗਏ। ਅੱਜ ਤੱਕ ਇਸ ਦੁਨੀਆਂ ਵਿੱਚ ਦੋ ਵਿਸ਼ਵ ਯੁੱਧ ਹੋ ਚੁੱਕੇ ਹਨ ਅਤੇ ਤੀਸਰੇ ਦੀ ਸ਼ਾਇਦ ਤਿਆਰੀ ਚੱਲ ਰਹੀ ਹੈ। ਪਹਿਲਾਂ ਵਿਸ਼ਵ ਯੁੱਧ 1914 ਤੋ 1918 ਵਿੱਚ ਹੋਇਆ, ਜੋ ਕਿ ਜਰਮਨੀ, ਹੰਗਰੀ ਅਤੇ ਬਿ?ਟਿਸ਼, ਰਸ਼ੀਆ ਤੇ ਫਰਾਸ਼ ਰਾਜ ਵਿਚਕਾਰ ਹੋਇਆ। ਆਪਣੀ ਕੂਟਨੀਤਕ ਸੋਚ ਤੇ ਪਹਿਰਾ ਦਿੰਦੇ ਹੋਏ ਏਨਾ ਦੇਸ਼ਾਂ ਦੇ ਪ੍ਰਤੀਨਿਧਾ ਨੇ ਇੱਕ ਕਰੋੜ ਤੋਂ ਵੱਧ ਨਿਰਦੋਸ਼ ਅਮਰੀਕਨਾਂ ਦੀਆਂ ਜਾਨਾਂ ਲਈਆਂ। ਦੂਸਰਾ ਵਿਸ਼ਵ ਯੁੱਧ 1939 ਤੋਂ 1945 ਦੌਰਾਨ ਚੱਲਿਆ। ਨਾਗਾਸਾਕੀ ਵਿੱਚ ਫੈਲੀ ਦਹਿਸ਼ਤ ਕਿਸਨੂੰ ਭੁੱਲ ਸਕਦੀ ਹੈ। 2,50,000 ਤੋਂ ਵੱਧ ਲੋਕ ਮੌਤ ਦੇ ਖੂਹ ਵਿੱਚ ਡਿੱਗੇ ਅਤੇ ਇਸੇ ਦੌਰਾਨ ਅਮਰੀਕਾ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਬਣ ਕੇ ਸਾਹਮਣੇ ਆਇਆ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅਰਮੀਨੀਆ ਅਤੇ ਅਜ਼ਰਬੈਜਾਨ ਵਿਚਕਾਰ ਜਬਰਦਸਤ ਜੰਗ ਛਿੜੀ ਹੋਈ ਹੈ। ਸਥਿਤੀ ਏਨੀ ਗੰਭੀਰ ਹੋਈ ਪਈ ਹੈ ਕਿ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਇੱਕ ਦੂਸਰੇ ਦੇ ਰਿਹਾਇਸ਼ੀ ਇਲਾਕਿਆਂ ਉੱਤੇ ਹਮਲੇ ਕਰ ਰਹੀਆਂ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਕਿਧਰੇ ਤੀਸਰੇ ਵਿਸ਼ਵ ਯੁੱਧ ਦੇ ਸੰਕੇਤ ਤਾਂ ਨਹੀ? ਇਸ ਸਾਰੇ ਖੇਡ ਵਿੱਚ ਤੁਰਕੀ ਨੇ ਅਜਰਬੈਜਾਨ ਅਤੇ ਰੂਸ, ਫ਼ਰਾਸ ਨੇ ਅਰਮੀਨੀਆ ਦਾ ਸਮਰਥਨ ਕੀਤਾ ਹੈ। ਇਹਨਾਂ ਦੋਨਾਂ ਦੇਸ਼ਾਂ ਵਿੱਚ ਜਿੱਧਰ ਵੀ ਨਜ਼ਰ ਪੈਂਦੀ ਹੈ, ਉਧਰ ਹੀ ਬਾਰੂਦ ਦਾ ਧੂੰਆਂ, ਰੋਂਦੇ ਕਰਲਾਉਂਦੇ ਤੇ ਵਿਲਕਦੇ ਲੋਕ, ਲਹੂ ਲੁਹਾਨ ਇਨਸਾਨੀਅਤ ਨਜ਼ਰੀ ਪੈ ਰਹੀ ਹੈ। ਨੋਗਰਨੋਕਾਰਾਬਾਖ ਉੱਪਰ ਕਬਜ਼ੇ ਨੂੰ ਲੈ ਕੇ ਸ਼ੁਰੂ ਹੋਈ ਇਹ ਜੰਗ ਹੁਣ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਚੁੱਕੀ ਹੈ। ਦੋਨਾਂ ਮੁਲਕਾਂ ਦੀ ਸੈਨਾ ਦੇ ਸਿਰ ਤੇ ਸਵਾਰ ਹੋਏ ਖੂਨ ਵਿੱਚ ਲੋਕ ਬੇਵਕਤੀ ਮੌਤ ਮਾਰੇ ਜਾ ਰਹੇ ਹਨ। ਜਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਲੈਕੇ ਹੋ ਰਹੇ ਇਸ ਯੁੱਧ ਦਾ ਆਖਰਕਾਰ ਕੀ ਸਿੱਟੇ ਨਿਕਲਣਗੇ...... ਕੇਵਲ ਤੇ ਕੇਵਲ ਇਨਸਾਨੀਅਤ ਦਾ ਪਤਨ। ਅੱਜ ਤੱਕ ਜੰਗਾਂ ਯੁੱਧਾਂ ਦੇ ਨਤੀਜੇ ਕਦੇ ਵੀ ਸੁਖਾਵੇਂ ਨਹੀਂ ਨਿਕਲੇ। ਮੈਂ ਹਮੇਸ਼ਾ ਇਹ ਸਭ ਦੇਖ ਕੇ ਹੈਰਾਨ ਹੁੰਦੀ ਹਾਂ ਕਿ ਅਤੇ ਸੋਚਦੀ ਹਾਂ ਕਿ ਅਸੀਂ ਇਹ ਸਰਕਾਰਾਂ ਕਿਉਂ ਬਣਾਉਂਦੇ ਹਾਂ? ਤਾਂ ਜੋ ਸਾਡੀਆਂ ਸਰਕਾਰਾਂ ਸਾਨੂੰ ਸੁਵਿਧਾਵਾਂ ਦੇ ਸਕਣ, ਹਰ ਦੇਸ਼ ਦੇ ਨਾਗਰਿਕ ਇੱਕ ਸੁਰੱਖਿਅਤ ਜੀਵਨ ਜੀਅ ਸਕਣ। ਪਰ ਹਾਲਾਤ ਬਿਲਕੁਲ ਹੀ ਉੱਲਟ ਹਨ, ਜਿਸ ਵੀ ਦੇਸ਼ ਵੱਲ ਨਜ਼ਰ ਮਾਰ ਲਵੋ, ਹਰ ਜਗ਼੍ਹਾ ਆਮ ਨਾਗਰਿਕ ਜੁਲਮ ਦਾ ਸ਼ਿਕਾਰ ਹੋ ਰਿਹਾ ਹੈ। ਸਰਕਾਰਾਂ ਦੀਆਂ ਅੜੀਆਂ ਅੱਗੇ ਲੋਕ ਵਿਲਕਦੇ ਹਨ ਅਤੇ ਖਮਿਆਜਾ ਭੁਗਤ ਰਹੇ ਹਨ। ਇੱਕ ਗੱਲ ਸੋਚਣ ਵਾਲੀ ਹੈ ਕਿ ਇਹਨਾਂ ਜੰਗਾਂ ਦਾ ਹਮੇਸ਼ਾ ਮਕਸਦ ਜਮੀਨਾਂ ਹੀ ਰਹੀਆਂ ਹਨ, ਕਿਉਂਕਿ ਕਿਤੇ ਨਾ ਕਿਤੇ ਇਹ ਸਭ ਦੇਸ਼ ਦੀ ਅਰਥ ਵਿਵਸਥਾ ਨੂੰ ਮਜਬੂਤ ਕਰਨ ਦੇ ਸਾਧਨਾਂ ਵਿਚੋਂ ਇੱਕ ਹੈ, ਪਰ ਅਚੰਭੇ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਜੰਗਾਂ ਦੌਰਾਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ , ਅਰਥ ਵਿਵਸਥਾ ਨੂੰ ਪੁੰਹਚਣ ਵਾਲੇ ਝਟਕੇ ਬਾਰੇ ਸਰਕਾਰਾਂ ਕਿਉਂ ਨਹੀਂ ਸੋਚਦੀਆਂ? ਅਜਿਹੇ ਮਸਲਿਆਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਨੀਤੀਆਂ ਬਣਾਈਆਂ ਜਾਣ ਤਾਂ ਜੋ ਭਾਵੇਂ ਕਿੰਨਾ ਵੀ ਗੁੰਝਲਦਾਰ ਮਸਲਾ ਹੋਵੇ, ਉਸਦਾ ਹੱਲ ਸ਼ਾਂਤੀ ਨਾਲ ਕੀਤਾ ਜਾਵੇ। ਸਰਕਾਰਾਂ ਲੋਕਾਂ ਦੀ ਹਿਫ਼ਾਜ਼ਤ ਲਈ ਬਣਾਈਆਂ ਜਾਂਦੀਆਂ ਹਨ, ਇਹਨਾਂ ਦਾ ਮੰਤਵ ਵਿਸ਼ਵ ਸ਼ਾਂਤੀ ਹੋਣਾ ਚਾਹੀਦਾ ਹੈ ਨਾ ਕਿ ਹਿੰਸਾ, ਜੰਗ ਅਤੇ ਯੁੱਧ। ਹਰ ਦੇਸ਼ ਨੂੰ ਇਹ ਸਮਝਣਾਂ ਚਾਹੀਦਾ ਹੈ ਕਿ ਜੇਕਰ ਵਿਗਿਆਨ ਦੀਆਂ ਕਾਢ?ਾ ਦੀ ਦੁਰਵਰਤੋਂ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਅਸੀਂ ਦੂਸਰਿਆਂ ਦੇ ਨਾਲ ਨਾਲ ਆਪਣੇ ਆਪ ਲਈ ਵੀ ਕਬਰ ਪੁੱਟ ਰਹੇ ਹਾਂ। ਸੋ ਕਿਸੇ ਵੀ ਮਸਲੇ ਨੂੰ ਸੁਲਝਾਉਣ ਲਈ ਜੰਗ ਕੋਈ ਵਾਜਿਬ ਹੱਲ ਨਹੀਂ ਹੈ, ਜਰੂਰਤ ਹੈ ਵਿਸ਼ਵ ਸ਼ਾਂਤੀ ਦੇ ਨਾਅਰੇ ਨੂੰ ਬੁਲੰਦ ਕਰਨ ਦੀ। ਕਿਉਂਕਿ ਲੋਕ ਅਮਨ, ਸ਼ਾਂਤੀ ਚਹੁੰਦੇ ਹਨ... ਜੰਗ, ਯੁੱਧ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀ ਹੁੰਦੇ। ਹਰਕੀਰਤ ਕੌਰ ਸਭਰਾ 9779118066