ਮੁਸਕਰਾਹਟ

10

November

2020

ਅਸ਼ੋਕ ਜੀ ਆਪਣੀ ਹੀ ਮਸਤੀ ਵਿੱਚ ਕੁਝ ਸੋਚ ਰਹੇ ਸਨ। ਉਦੋਂ ਹੀ ਉਨ੍ਹਾਂ ਦੀ ਪਤਨੀ ਨੇ ਕਮਰੇ ਵਿੱਚ ਆ ਕੇ ਪੁੱਛਿਆ, “ਜੀ, ਤੁਸੀਂ ਇੱਥੇ ਇਕੱਲੇ ਕਿਉਂ ਬੈਠੇ ਹੋ?“ ਤਾਂ ਉਨ੍ਹਾਂ ਨੇ ਪਤਨੀ ਵੱਲ ਵੇਖਦਿਆਂ ਕਿਹਾ, “ਤੈਨੂੰ ਕੀ ਲੱਗ ਰਿਹੈ! ਅੱਜ, ਜੋ ਬੇਟੀ ਦੇ ਹੋਣ ਵਾਲੇ ਸਹੁਰੇ ਪਰਿਵਾਰ ਵਾਲੇ ਆ ਕੇ ਕਹਿ ਕੇ ਗਏ ਨੇ, ਉਹ ਕਿੱਥੋਂ ਤੱਕ ਸਹੀ ਹੈ?“ ਪਤਨੀ ਨੇ ਉਨ੍ਹਾਂ ਦੇ ਹੱਥ ਤੇ ਹੱਥ ਰੱਖਦਿਆਂ ਕਿਹਾ, “ਤੁਸੀਂ ਠੀਕ ਕਹਿ ਰਹੇ ਹੋ। ਮੈਨੂੰ ਤਾਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਹੀ ਸਹੀ ਨਹੀਂ ਲੱਗੀਆਂ। ਬੇਟੀ ਨੂੰ ਇੱਕ ਸਾੜ੍ਹੀ ਦੇ ਕੇ ਸਾਡੇ ਹੱਥ ਵਿੱਚ ਆਪਣੀਆਂ ਫਰਮਾਇਸ਼ਾਂ ਦੀ ਲੰਮੀ ਲਿਸਟ ਫੜਾ ਗਏ ਹਨ। ਤੁਸੀਂ ਹੀ ਦੱਸੋ, ਕਿਵੇਂ ਕਰਾਂਗੇ ਇਹ ਸਭ ਕੁਝ!“ “ਮੈਂ ਵੀ ਇਹੋ ਸੋਚ ਰਿਹਾ ਹਾਂ। ਇਉਂ ਕਰਦੇ ਹਾਂ ਕਿ ਕੱਲ੍ਹ ਮੈਂ ਉਨ੍ਹਾਂ ਨੂੰ ਫੋਨ ਕਰਕੇ ਕਹਿ ਦਿੰਦਾ ਹਾਂ ਕਿ ਮੇਰੇ ਲਈ ਇਹ ਸਭ ਸੰਭਵ ਨਹੀਂ ਹੈ।“ ਇੰਨਾ ਕਹਿਣਾ ਸੀ ਕਿ ਦਰਵਾਜ਼ੇ ਤੇ ਦਸਤਕ ਹੋਈ। ਸਾਹਮਣੇ ਵੇਖਿਆ ਤਾਂ ਅਸ਼ੋਕ ਦੀ ਬੇਟੀ, ਹੋਣ ਵਾਲੇ ਸਹੁਰੇ- ਘਰ ਦਿਆਂ ਦੀ ਦਿੱਤੀ ਸਾੜੀ ਵਿੱਚ ਸੀ। ਉਹਨੇ ਮਾਂ ਵੱਲ ਵੇਖ ਕੇ ਕਿਹਾ, “ਮੈਨੂੰ ਅੱਜ ਤੱਕ ਇੰਨੀ ਖ਼ੁਸ਼ੀ ਨਹੀਂ ਮਿਲੀ। ਕਿੰਨੀ ਸੋਹਣੀ ਸਾੜੀ ਹੈ ਮਾਂ!“ ਉਸ ਮੁਸਕਰਾਹਟ ਨੂੰ ਵੇਖ ਕੇ ਅਸ਼ੋਕ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਖਾਮੋਸ਼ੀ ਨਾਲ ਆਪਣੀ ਬੇਟੀ ਦੀ ਖ਼ੁਸ਼ੀ ਲਈ ਸਹਿਮਤੀ ਭਰੀ ਮੁਸਕਰਾਹਟ ਦਿੱਤੀ ਅਤੇ ਲਿਸਟ ਨੂੰ ਵੇਖ ਕੇ ਖਰਚੇ ਦਾ ਅਨੁਮਾਨ ਲਾਉਣ ਲੱਗੇ। ਮੂਲ : ਅਦਿਤੀ ਸਿੰਘ ਭਦੌਰੀਆ, ਇੰਦੌਰ. 8959361111. ਅਨੁ : ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ). 9417692015