Arash Info Corporation

ਕੰਮ ਹੀ ਜੀਵਨ ਹੈ

10

November

2020

ਕਿਹਾ ਜਾਂਦਾ ਹੈ ਕਿ ਨਿਆਮਤ ਤੇ ਵਿਹਲ ਕਿਆਮਤ ਜਾਂ ਇਹ ਕਹਿ ਲਓ ਕਿ ਕੰਮ ਕਰਨਾ ਹੀ ਸੌ ਦੁੱਖਾਂ ਦਾ ਦਾਰੂ ਹੈ। ਵਿਹਲ ਰੋਗ ਦੇ ਤੁਲ ਹੋ ਨਿਬੜਦਾ ਹੈ। ਕੰਮ ਕਰਨਾ ਕੁਦਰਤ ਵੱਲੋਂ ਸਾਡੇ ਤੇ ਪਾਈ ਗਈ ਇੱਕ ਵੱਡੀ ਜਿੰਮੇਵਾਰੀ ਹੈ ਕਿਉਂਕਿ ਮਨੁੱਖ ਨੂੰ ਉਸਨੇ ਦੋ ਹੱਥ ਦੇ ਕੇ ਪੈਦਾ ਕੀਤਾ ਹੈ। ਕੰਮ ਬੁਲੰਦੀ, ਹੌਸਲਾ, ਸਰੀਰਕ ਤੇ ਮਾਨਸਿਕ ਅਰੋਗਤਾ ਦੀ ਨਿਸ਼ਾਨੀ ਮੰਨਿਆ ਗਿਆ ਹੈ। ਇਸ ਕਰਕੇ ਬਹਾਦੁਰ ਤੇ ਯੋਧੇ ਹਮੇਸ਼ਾ ਕਾਮਾ ਜਮਾਤ ਵਿਚੋਂ ਹੀ ਪੈਦਾ ਹੋਏ। ਸਾਰੇ ਬੰਦੇ ਵਿਹਲੇ ਨਹੀਂ, ਕੰਮ ਵੀ ਸਾਰੇ ਨਹੀਂ ਕਰਦੇ। ਜੇਕਰ ਅਜਿਹਾ ਹੁੰਦਾ ਤਾਂ ਹਿੰਸਾ, ਲੜਾਈ - ਝਗੜੇ, ਈਰਖਾ ਆਦਿ ਨਾਂ ਦੀ ਕੋਈ ਚੀਜ਼ ਸ਼ਾਇਦ ਨਾ ਹੁੰਦੀ। ਬਹੁਤਾ ਕਰਕੇ ਇਹ ਵਿਹਲ ਦੀ ਹੀ ਦੇਣ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਸਾਡੀ ਭਟਕਣਾ, ਸ਼ਾਂਤੀ ਵਧੇਰੇ ਕਰਕੇ ਕੰਮ ਨਾ ਮਿਲਣ ਜਾਂ ਨਾ ਕਰਨ ਕਰਕੇ ਹੁੰਦੀ ਹੈ। ਅਸਲ ਵਿੱਚ ਅਸੀਂ ਸਭ ਕੁਝ ਜਾਣਦੇ ਹੋਏ ਵੀ ਹੱਥੀ ਕੰਮ ਕਰਨ ਲਈ ਤਿਆਰ ਨਹੀਂ ਹਾਂ। ਸਾਡੀ ਕਾਮਾ ਜਾਮਾਤ ਦੇ ਰਾਜਸੀ ਤੇ ਸੰਘ ਦੇ ਨੁਮਾਇਂਦੇ ਕੰਮ ਦੀਆਂ ਗੱਲਾਂ ਕਰਕੇ ਵੀ ਕੰਮ ਨਹੀਂ ਕਰਦੇ। ਉਹਨਾਂ ਨੂੰ ਦੇਖਕੇ ਮੈਨੂੰ ਲੱਗਦਾ ਹੁੰਦਾ ਹੈ ਕਿ ਉਨ੍ਹਾਂ ਕਾਮੇ ਨੂੰ ਹੀ ਅਪਣਾਇਆ ਹੈ, ਕੰਮ ਨੂੰ ਨਹੀਂ। ਕੰਮ ਕੋਈ ਵੀ ਮਾੜਾ ਨਹੀਂ। ਮਾੜਾ ਤਾਂ ਸਾਡਾ ਮਨ ਹੀ ਹੋ ਬਹਿੰਦਾ ਹੈ। ' ਮਨ ਹਰਾਮੀ ਹੁੱਜਤਾ ਢੇਰ ' ਹਰਾਮੀ ਮਨ ਜਾਂ ਤਾਂ ਢੇਰੀ ਢਾਹ ਬਹਿੰਦਾ ਜਾਂ ਫਿਰ ਗਲਤ ਕੰਮ, ਧੰਦਾ ਜਾਂ ਗੱਲਾਂ ਨੂੰ ਹੱਥ ਪਾਉਂਦਾ ਹੈ। ਇਹ ਇੱਕ ਕੰਮ ਤੇ ਟਿਕ ਕੇ ਨਹੀਂ ਬਹਿੰਦਾ। ਭਾਈ ਗੁਰਦਾਸ ਜੀ ਕੰਮ ਦੀ ਮਹਾਨਤਾ ਤੇ ਢੰਗ ਤਰੀਕੇ ਦਾ ਸੰਦੇਸ਼ਾ ਦਿੰਦੇ ਹੋਏ ਫੁਰਮਾਉਂਦੇ ਹਨ ਕਿ “ ਕਿਰਤ ਵਿਰਤ ਕਰ ਧਰਮ ਦੀ “ ਕੰਮ ਅਨੁਸਾਰ ਫਲ ਮਿਲਣਾ ਹੀ ਨਿਆਂ ਹੁੰਦਾ ਹੈ। ਪਰ ਸਾਡੇ ਇੱਥੇ ਉਲਟ ਹੈ। ਜੇਕਰ ਮਜਦੂਰ ਵਰਗ ਵੱਲ ਝਾਤ ਮਾਰੀ ਜਾਵੇ ਤਾਂ ਕੰਮ ਵੱਧ ਅਤੇ ਖਾਣ ਨੂੰ ਘੱਟ ਹੈ। ਜਾਂ ' ਕੋਹਲੂ ਦੇ ਬੈਲ ' ਵਾਲੀ ਗੱਲ ਹੋ ਨਿਬੜਦੀ ਹੈ। ਇਹੋ ਹੀ ਮਨੁੱਖ ਦੁਆਰਾ ਲੁੱਟ ਤੇ ਅਸਮਾਨਤਾ ਹੁੰਦੀ ਹੈ। ਕੰਮ ਵਿੱਚ ਮਾਹਿਰ ਹੋ ਕੇ ਕੰਮ ਕਰਨਾ ਹੀ ਕਾਰੀਗਰੀ ਅਖਵਾਉਂਦਾ ਹੈ। ਇਸ ਤੋਂ ਬਿਨਾ ਤਾਂ ਕੰਮ ਸਿਰਫ਼ ਡੰਗ ਟਪਾਉਣਾ ਜਾਂ ਖਾਨਾ ਪੂਰਤੀ ਵਾਲੀ ਗੱਲ ਬਣ ਬਹਿੰਦੀ ਹੈ। ਕੰਮ ਪੂਜਾ ਵੀ ਹੈ, ਕਿਉਂਕਿ ਇਹ ਮਨ ਨੂੰ ਕਾਬੂ ਵਿੱਚ ਰੱਖਦਾ ਹੈ। ਚੰਗਾ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਦੀ ਬਹੁਤੀ ਕਾਮਨਾ ਜਾਂ ਸਾਧਾਂ ਸੰਤਾਂ ਪਿੱਛੇ ਭੱਜਣ ਦੀ ਚਾਲ ਮੱਠੀ ਪੈ ਜਾਂਦੀ ਹੈ।ਜੇਕਰ ਕੰਮ ਨੂੰ ਸੋਚ ਸਮਝ ਕੇ ਕੀਤਾ ਜਾਵੇ ਤਾਂ ਕੰਮ ਇੱਕ ਕਲਾ ਵੀ ਹੈ। ਜੇਕਰ ਇਸਨੂੰ ਇੱਕ ਤਰਤੀਬ ਤਹਿਤ ਨਾ ਕੀਤਾ ਜਾਵੇ ਤਾਂ ਗਲ ਪਏ ਢੋਲ ਵਜਾਉਣ ਵਾਲੀ ਗੱਲ ਹੁੰਦੀ ਹੈ। ਇਸ ਲਈ ਕਈ ਸੋਚ ਕੇ ਕਰਦੇ ਹਨ ਅਤੇ ਕਈ ਬਿਨਾ ਸੋਚੇ। ਇਹ ਮੇਰਾ ਨਿੱਜੀ ਤਜੁਰਬਾ ਵੀ ਹੈ ਕਿ ਸੋਚਣ ਤੋਂ ਬਿਨਾ ਕੀਤਾ ਜਾਣ ਵਾਲੇ ਕੰਮ ਨਾਲ ਹਮੇਸ਼ਾ ਭਟਕਣ, ਘੁੰਮਣਘੇਰੀ, ਅਸਫਲਤਾ ਤੇ ਵਕਤ ਦੀ ਖਰਾਬੀ ਹੀ ਪੱਲੇ ਪੈਂਦੀ ਹੈ। ਅਜਿਹੀ ਅਵਸਥਾ ਵਿੱਚ ਤਾਂ ਕਲਮ ਵੀ ਲਿਖਣ ਦੀ ਬਜਾਇ ਝਰੀਟਣ ਲੱਗ ਪੈਂਦੀ ਹੈ। ਕੰਮ ਕਰਨ ਨਾਲ ਅਸੀਂ ਬਹੁਤ ਕੁਝ ਸਿਖਦੇ ਹਾਂ, ਪਰ ਗਵਾਉਦੇਂ ਕੁਝ ਵੀ ਨਹੀਂ। ਕੰਮ ਵਿੱਚ ਰੁੱਝੇ ਰਹਿਣਾ ਕਿਰਿਆਸ਼ੀਲਤਾ ਅਤੇ ਵਿਕਾਸ ਦੀ ਨਿਸ਼ਾਨੀ ਹੈ। ਜਦੋਂ ਕਿ ਵਿਹਲ ਨਕਾਰਾ ਹੋਣ ਅਤੇ ਵਿਨਾਸ਼ ਹੋਣ ਦੀ ਨਿਸ਼ਾਨੀ ਹੈ। ਮਨ ਦਾ ਵਿਕਾਸ ਕੁਝ ਕਰਨ ਅਤੇ ਕਰਾਉਣ ਦੇ ਨਾਲ ਵੀ ਜੁੜਿਆ ਹੁੰਦਾ ਹੈ। ਕੰਮ ਚਾਅ ਨਾਲ ਹੁੰਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਚਾਅ ਨਾਲ ਅਸੀਂ ਖਾਣ ਤੇ ਵਹਿਲ ਦਾ ਆਨੰਦ ਲੈਂਦੇ ਹਾਂ ਉਨੇ ਚਾਅ ਨਾਲ ਕੰਮ ਨਹੀਂ ਕਰਦੇ। ਜੇ ਅਜਿਹਾ ਹੋਵੇ ਤਾਂ ਸਾਡਾ ਚੁਫੇਰਾ ਹੀ ਬਦਲ ਜਾਵੇਂ। ਹਰ ਕੰਮ ਸਮੇਂ ਸਿਰ ਹੀ ਸੋਭਦਾ ਹੈ ਨਹੀਂ ਤਾਂ ਤਾਲੋਂ ਖੂੰਝੀ ਡੂੰਮਣੀ ਵਾਲੀ ਗੱਲ ਹੋ ਨਿਬੜਦੀ ਹੈ। ਕੰਮ ਕਦੇ ਵੀ ਮੁੱਕਦਾ ਨਹੀਂ ਹੈ। ਇੱਕ ਕੰਮ ਦੂਸਰੇ ਕੰਮ ਦਾ ਜਨਮਦਾਤਾ ਹੈ । ਕੰਮ ਕਰਨ ਨਾਲ ਕਈ ਵਾਰ ਸਰੀਰਕ ਕਸ਼ਟ ਤਾਂ ਮਿਲਦਾ ਹੈ ਪਰ ਵਿਹਲੇ ਰਹਿਣ ਨਾਲ ਮਾਨਸਿਕ ਰੋਗ ਮਿਲਦੇ ਹਨ। ਜਿੱਥੋਂ ਤੱਕ ਮੇਰਾ ਅਨੁਭਵ ਹੈ ਕਿ ਸਰੀਰਕ ਰੋਗ ਦੀ ਸੌ ਦਵਾ ਹੈ ਪਰ ਮਾਨਸਿਕ ਰੋਗ ਦਾ ਕੋਈ ਇਲਾਜ ਨਹੀਂ ਹੈ। ਉੱਚ ਕੋਟੀ ਦੇ ਡਾਕਟਰ ਵੀ ਅੱਜ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਕਾਰਣ ਮਾਨਸਿਕ ਤਨਾਵ ਨੂੰ ਦੱਸਦੇ ਹਨ। ਚਾਹੁਣ ਤੋਂ ਬਿਨਾ ਕੰਮ ਦਾ ਮਿਲਣਾ ਜਾਂ ਕਰਨਾ ਤੇ ਚਾਹੁੰਦਿਆ ਹੋਇਆ ਵੀ ਕੰਮ ਦਾ ਨਾ ਮਿਲਣਾ ਦੋਵੇਂ ਹੀ ਮਾੜੇ ਹਨ ਅਸਲ ਵਿੱਚ ਕੰਮ ਹੀ ਜੀਵਨ ਹੈ, ਕੰਮ ਤੋਂ ਅਵੇਸਲੇ ਬਣ ਬੈਠਣਾ ਆਪਣੀ ਕਬਰ ਪੁੱਟਣ ਦੇ ਤੁੱਲ ਹੁੰਦਾ ਹੈ। ਕਹਿੰਦੇ ਹਨ ਕਿ ਮਾਇਆ ਵੀ ਉਦਮ ਦੀ ਦਾਸੀ ਹੈ। ਉੱਦਮ ਅੱਗੇ ਲਛਮੀ ਪੱਖੇ ਅੱਗੇ ਪੌਣ। ਪਰ ਅੱਜ ਕੱਲ ਮੈਨੂੰ ਇਹ ਬੋਲ ਦਰੁੱਸਤ ਨਹੀਂ ਲੱਗਦੇ। ਚੁਫੇਰਾ ਦੱਸ ਰਿਹਾ ਹੈ ਕਿ ਮਾਇਆ ਤਾਂ ਵਿਹਲੜਾਂ ਕੋਲ ਇਕੱਠੀ ਹੁੰਦੀ ਜਾਂ ਰਹੀ ਹੈ ਤੇ ਉੱਦਮ ਕਰਨ ਵਾਲੇ ਜਾਂ ਤਾਂ ਭੁੱਖੇ ਮਰ ਰਹੇ ਨੇ ਜਾਂ ਫਿਰ ਸੜਕਾਂ ਤੇ ਆਪਣੇ ਹੱਕਾਂ ਲਈ ਧੱਕੇ ਖਾ ਰਹੇ ਹਨ। ਜਰੂਰਤ ਹੈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਿਰੜੀ ਤੇ ਉੱਦਮੀ ਬਣਾਉਣ ਦੀ। ਜਰੂਰਤ ਹੈ ਬਹਾਨੇ ਬਣਾਉਣ ਦੀ ਬਜਾਇ ਕੰਮ ਦੇ ਮੌਕੇ ਲੱਭਣ ਦੀ। ਕਿਉਂਕਿ ਕੰਮ ਹੀ ਜੀਵਨ ਹੈ ਅਤੇ ਜੇਕਰ ਅਸੀਂ ਜੀਵਨ ਵਿੱਚੋਂ ਕੰਮ ਕੱਡ ਦਿੱਤਾ ਤਾਂ ਸਾਡੇ ਹਿੱਸੇ ਕੇਵਲ ਦੁਖਾਂਤ ਰਹਿ ਜਾਵੇਗਾ। ਮੈਨੂੰ ਲੱਗਦਾ ਹੈ ਕਿ ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਸਭ ਤੋਂ ਅਹਿਮ ਅਤੇ ਮਹੱਤਵਪੂਰਣ ਗੱਲ ਕਿ ਸਾਡੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਹੱਥੀ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ। ਸੋ ਜਰੂਰਤ ਹੈ ਅਵੇਸਲੇਪਣ ਨੂੰ ਛੱਡ ਕੇ ਕਿਰਤੀ ਬਨਣ ਦੀ। ਹਰਕੀਰਤ ਕੌਰ ਸਭਰਾ 9779118066