ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਤੇ 10 ਨਵੰਬਰ ਨੂੰ ਸਭ ਪੰਜਾਬੀ ਹੁਸੈਨੀਵਾਲਾ ਸਰਹੱਦ 'ਤੇ ਪਹੁੰਚਣ : ਜੋਧਾ ਸਿੰਘ

09

November

2020

ਮਿਲਾਨ, 9 ਨਵੰਬਰ (ਦਲਜੀਤ ਮੱਕੜ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ 10 ਨਵੰਬਰ ਨੂੰ 'ਬਾਰਡਰ ਖੁੱਲਵਾਓ, ਕਿਸਾਨ ਬਚਾਓ' ਰੈਲੀ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਉਪਰ ਉੱਠਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਇਟਲੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਸਕੱਤਰ ਜੋਧਾ ਸਿੰਘ ਖਾਲਸਾ ਨੇ ਕਿਹਾ ਕਿ “ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀ ਵਪਾਰੀਆਂ ਨੂੰ ਆਪਣੇ ਉਤਪਾਦਾਂ ਅਤੇ ਵਸਤਾਂ ਨੂੰ ਸਹੀ ਕੀਮਤ ਤੇ ਵੇਚਣ ਅਤੇ ਉਨ੍ਹਾਂ ਦੀ ਖੁੱਲ੍ਹੀ ਮੰਡੀ ਸੰਬੰਧੀ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਉਸ ਸਮੇਂ ਤੱਕ ਸਹੀ ਢੰਗ ਨਾਲ ਹੱਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਉਪਰੋਕਤ ਪੰਜਾਬ ਦੀਆਂ ਸਰਹੱਦਾਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਨੂੰ ਕਿਸਾਨੀ ਤੇ ਵਪਾਰੀ ਫਸਲਾਂ ਦੀ ਖਰੀਦੋ-ਫਰੋਖਤ ਲਈ ਪੂਰਨ ਰੂਪ ਵਿੱਚ ਨਹੀੰ ਖੋਲ ਦਿੱਤਾ ਜਾਂਦਾ। ਇਸ ਲਈ ਸਮੁੱਚੀਆਂ ਕਿਸਾਨ ਯੂਨੀਅਨਾਂ, ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਾਲੀਆ ਸਖਸ਼ੀਅਤਾਂ ਤੇ ਸੰਗਠਨਾਂ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 10 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ਉਤੇ ਰੱਖੀ ਗਈ 'ਬਾਰਡਰ ਖੁੱਲ੍ਹਵਾਓ, ਕਿਸਾਨ ਬਚਾਓ' ਰੈਲੀ ਵਿਚ ਪਹੁੰਚਕੇ ਯੋਗਦਾਨ ਪਾਉਣ ਦੇ ਫਰਜ ਨਿਭਾਉਣ । “ਜਦੋਂ ਇਹ ਸਰਹੱਦਾਂ ਵਪਾਰ ਲਈ ਖੁੱਲ੍ਹ ਜਾਣਗੀਆਂ ਤਾਂ ਕਿਸਾਨੀ ਤੇ ਵਪਾਰੀ ਫ਼ਸਲਾਂ ਦਾ ਅਦਾਨ-ਪ੍ਰਦਾਨ ਖੁੱਲ੍ਹੇ ਰੂਪ ਵਿਚ ਸੁਰੂ ਹੋ ਜਾਵੇਗਾ । ਖੇਤੀ ਉਤਪਾਦਾਂ ਦੀ ਢੋਆ-ਢੁਆਈ ਲਈ ਟਰਾਸਪੋਰਟ ਕਿੱਤਾ ਪ੍ਰਫੁੱਲਿਤ ਹੋਵੇਗਾ । ਇਨ੍ਹਾਂ ਦੋਵੇ ਕਿੱਤਿਆ ਵਿਚ ਪੰਜਾਬ ਦੀ ਬਹੁਤ ਵੱਡੀ ਬੇਰੁਜਗਾਰਾਂ ਦੀ ਫ਼ੌਜ ਨੂੰ ਰੁਜਗਾਰ ਮਿਲਣ ਵਿਚ ਵੱਡੀ ਸਹਾਇਤਾ ਮਿਲੇਗੀ ਅਤੇ ਪੰਜਾਬ ਸੂਬੇ ਤੇ ਪੰਜਾਬੀ ਮਾਲੀ ਤੌਰ ਤੇ ਮਜ਼ਬੂਤ ਹੋ ਸਕਣਗੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮਕਸਦ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸਾਨ ਵਰਗ ਨੂੰ ਦਰਪੇਸ਼ ਆਉਣ ਵਾਲੀਆ ਮੁਸ਼ਕਿਲਾਂ ਨੂੰ ਪੂਰੀ ਮਜਬੂਤੀ ਨਾਲ ਅਤੇ ਦੂਰਅੰਦੇਸ਼ੀ ਨਾਲ ਹੱਲ ਕਰਨਾ ਹੈ।