ਪੈਦਲ ਯਾਤਰੀਆਂ ਲਈ ਬਣਿਆ ਪੁਲ ‘ਸਕਾਈਵਾਕ’ ਲੋਕਾਂ ਨੂੰ ਸਮਰਪਿਤ

16

October

2018

ਨਵੀਂ ਦਿੱਲੀ, ਦਿੱਲੀ ਦੇ ਸਭ ਤੋਂ ਵਿਅਸਤ ਮੰਨੇ ਜਾਂਦੇ ਇਲਾਕੇ ਆਈਟੀਓ ਵਿੱਚ ਪੈਦਲ ਯਾਤਰੀਆਂ ਲਈ ਨਵੇਂ ਬਣੇ ਫਲਾਈਓਵਰ ‘ਸਕਾਈਵਾਕ’ ਦਾ ਉਦਘਾਟਨ ਅੱਜ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਉਪ ਰਜਾਪਾਲ ਅਨਿਲ ਬੈਜਲ, ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਦਿੱਲੀ ਸਰਕਾਰ ਵੱਲੋਂ ਕੋਈ ਵੀ ਮੰਤਰੀ ਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਇਸ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਨਹੀਂ ਸੀ। ਇਹ ਪੁਲ ਸਿਕੰਦਰ ਰੋਡ, ਮਥੁਰਾ ਰੋਡ, ਤਿਲਕ ਮਾਰਗ ਤੇ ਬਹਾਦੁਰ ਸ਼ਾਹ ਜ਼ਫ਼ਰ ਮਾਰਗਾਂ ਦੇ ਮਿਲਣ ਵਾਲੇ ਬਿੰਦੂ, ਜਿਸ ਨੂੰ ਡਬਲਿਊ ਪੁਆਇੰਟ ਵਜੋਂ ਵੀ ਜਾਣਿਆ ਜਾਂਦਾ ਹੈ, ਵਿਖੇ ਪੈਦਲ ਯਾਤਰੀਆਂ ਦੀ ਸੌਖ ਲਈ ਬਣਾਇਆ ਗਿਆ ਹੈ। ਇਹ ਪੁਲ ਦੋ ਹਿੱਸਿਆਂ ਵਿੱਚ ਬਣਿਆ ਹੋਇਆ ਹੈ। ਇੱਕ ਹਿੱਸਾ ਸੁਪਰੀਮ ਕੋਰਟ ਵਾਲੇ ਪਾਸੇ ਪ੍ਰਗਤੀ ਮੈਦਾਨ ਤੇ ਆਰਟ ਕਾਲਜ ਨੂੰ ਅਤੇ ਦੂਜੇ ਪਾਸੇ ਮੈਟਰੋ ਰੇਲ ਦੀ ਪਟੜੀ ਹੇਠਿਓਂ ਭਾਰਤੀ ਰੇਲਵੇ ਦੇ ਪੁਲ ਨਾਲ ਜੋੜਦਾ ਹੈ। ਦੂਜਾ ਹਿੱਸਾ ਹੰਸ ਭਵਨ ਤੋਂ ਸੀਵਰੇਜ ਵਾਲੇ ਪਾਸੇ (ਆਂਧਰਾ ਐਜੂਕੇਸ਼ਨ ਸੁਸਾਇਟੀ ਵੱਲ) ਦੀਆਂ ਸੜਕਾਂ ਉੱਪਰੋਂ ਬਣਾਇਆ ਗਿਆ ਹੈ। ਇਸ ਪੁਲ ਨਾਲ ਪੰਜ ਲਿਫ਼ਟਾਂ ਵੀ ਲਗਾਈਆਂ ਗਈਆਂ ਹਨ। ਇਸ ਇਲਾਕੇ ਵਿੱਚ 25 ਮੁੱਖ ਸਰਕਾਰੀ ਦਫ਼ਤਰ ਹਨ ਤੇ ਦਿੱਲੀ ਦੇ ਚਾਰ ਖੇਤਰਾਂ ਤੋਂ ਆਵਾਜਾਈ ਯਮੁਨਾ ਪਾਰ ਨੂੰ ਦਿੱਲੀ ਦੇ ਅੰਦਰਲੇ ਹਿੱਸੇ ਨਾਲ ਜੋੜਦੀ ਹੈ। ਸਕਾਈਵਾਕ ਜੋ ਡਬਲਿਊ ਪੁਆਇੰਟ ਵਿੱਚ ਬਣਿਆ ਹੈ, ਦੀ ਲੰਬਾਈ 485 ਮੀਟਰ ਤੇ ਚੌੜਾਈ ਪੰਜ ਮੀਟਰ ਹੈ। ਰੈਂਪ ਤੇ ਲੂਪ 130 ਮੀਟਰ ਲੰਬੇ ਤੇ ਪੰਜ ਮੀਟਰ ਚੌੜੇ ਹਨ। ਹੰਸ ਭਵਨ ਵਿੱਚ ਪੁਲ ਦੀ ਲੰਬਾਈ 54 ਮੀਟਰ ਹੈ। ਸਾਰਾ ਪੁਲ ਪਾਈਪਾਂ ਨਾਲ ਸੁੰਦਰ ਡਿਜ਼ਾਈਨ ਨਾਲ ਬਣਿਆ ਹੈ।