ਅਹਿਸਾਸ

09

November

2020

ਅੱਜ ਅਸੀਂ ਮੁੰਡੇ ਸੁੱਖ ਲਈ ਲੜਕੀ ਦੇਖਣ ਜਾਣਾ ਸੀ, ਹਰ ਵਾਰ ਮਾਂ ਲੜਕੀ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦੀ ਜਿਸ ਕਰਕੇ ਰਿਸ਼ਤਾ ਹੁੰਦਾ-ਹੁੰਦਾ ਰਹਿ ਜਾਂਦਾ। ਅਚਾਨਕ ਚਾਚੀ ਮੇਰੀ ਭੈਣ ਲਈ ਲੜਕੇ ਦੀ ਦੱਸ ਲੈ ਕੇ ਆਈ, ਕਹਿੰਦੀ ਆਹ ਹੁਸ਼ਿਆਰਪੁਰ ਦਾ ਕੁੜੇ ਮੁੰਡਾ ਤੇਰੀ ਲੜਕੀ ਲਈ ਮੈਂ ਦੇਖਿਆ ਏ, ਆਹ ਫੋਟੋ ਏ, ਜੇ ਕਹੇ ਤਾਂ ਗੱਲ ਕਰਾਂ, ਫੋਟੋ ਦੇਖਦਿਆਂ ਸਾਰ ਹੀ ਮਾਂ ਨੇ ਹਾਂ ਕਰ ਦਿੱਤੀ। ਚਾਚੀ ਨੇ ਵੀ ਮੁਬਾਇਲ ਤੋਂ ਫੂਨ ਕਰਕੇ ਲੜਕਾ ਅਤੇ ਉਸ ਦੇ ਮਾਤਾ ਪਿਤਾ ਨੂੰ ਬੁਲਾ ਲਿਆ, ਲੜਕੀ ਤਾਂ ਪਹਿਲਾ ਹੀ ਆਪਣੇ ਭਰਾ ਲਈ ਲੜਕੀ ਦੇਖਣ ਜਾਣ ਕਰਕੇ, ਤਿਆਰ ਹੋ ਕੇ ਬੈਠੀ ਸੀ, ਸਮਾਂ ਨਾ ਗਵਾਉਂਦਿਆ ਲੜਕੀ ਚਾਹ ਲੈ ਕੇ ਆ ਗਈ।ਉਸਨੇ ਕਿਸੇ ਨੂੰ ਵੀ ਸਤਿ ਸ੍ਰੀ ਅਕਾਲ ਨਾ ਬੁਲਾਈ ਪਰ ਸਤਿ ਸ੍ਰੀ ਅਕਾਲ ਨਾ ਬੁਲਾਉਣਾ ਲੜਕੀ ਦੇ ਘਰ ਵਾਲਿਆ ਨੂੰ ਖੁੱਦ ਹੀ ਬੁਰਾ ਲੱਗਾ, ਇਸ ਕਰਕੇ ਲੜਕੀ ਦੀ ਮਾਂ ਨੇ ਸਾਰਿਆ ਵਿੱਚ ਕਹਿ ਦਿੱਤਾ ਸ਼ਾਇਦ ਸਾਡੇ ਕੋਲੋ ਲੜਕੀ ਨੂੰ ਸੰਸਕਾਰ ਨਹੀਂ ਸਿਖਾ ਹੋਏ,ਪਰ ਇਹ ਕੋਈ ਐਨੀ ਵੱਡੀ ਗੱਲ ਨਹੀਂ ਲੜਕੇ ਦੀ ਮਾਂ ਨੇ ਇੱਕ ਦਮ ਕਿਹਾ, ਤੁਹਾਡੀ ਲੜਕੀ ਬੜੀ ਸ਼ੁਸੀਲ ਅਤੇ ਸੁੰਦਰ ਹੈ ਅਸੀਂ ਹਮੇਸ਼ਾ ਹੀ ਹਰ ਇੱਕ ਵਿੱਚ ਅੋਗਣ ਕੱਢਣ ਜਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਸ ਦੇ ਗੁਣਾ ਨੂੰ ਹਮੇਸ਼ਾ ਹੀ ਦਰਕਿਨਾਰ ਕਰ ਦਿੰਦੇ ਹਾਂ,ਸਾਨੂੰ ਤੁਹਾਡੀ ਬੇਟੀ ਪਸੰਦ ਹੈ।ਉਸ ਨੇ ਘਬਰਾਹਟ ਵਿੱਚ ਕਿਸੇ ਨੂੰ ਸਤਿ ਸ੍ਰੀ ਨਹੀਂ ਬੁਲਾਈ ,ਇਹ ਸੁਣ ਕੇ ਲੜਕੀ ਦੀ ਮਾਂ ਸ਼ਰਮ ਮਹਿਸੂਸ ਕਰਦੀ ਆਪਣੇ ਪੁੱਤਰ ਵੱਲ ਇਉਂ ਦੇਖ ਰਹੀ ਸੀ ਜਿਵੇਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ,ਹੁਣ ਸੁੱਖ ਨੂੰ ਵੀ ਕਿਤੇ ਆਪਣੇ ਰਿਸ਼ਤੇ ਦੀ ਆਸ ਬੱਝਦੀ ਨਜ਼ਰ ਆ ਰਹੀ ਸੀ। * ਕੰਵਰਦੀਪ ਸਿੰਘ ਭੱਲਾ (ਪਿੱਪਲਾ ਵਾਲਾ)