ਤਿਉਹਾਰਾਂ ਤੇ ਮਿਲਾਵਟੀ ਚੀਜਾਂ ਦਾ ਬੋਲਬਾਲਾ

09

November

2020

ਜਿਵੇਂ ਹੀ ਅੱਸੂ ਦੇ ਨੌਰਾਤੇ ਸ਼ੁਰੂ ਹੁੰਦੇ ਹਨ, ਤਾਂ ਲੋਕਾਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ। ਬਜ਼ਾਰਾਂ ਵਿੱਚ ਚਹਿਲ-ਪਹਿਲ ਹੋ ਜਾਂਦੀ ਹੈ। ਲੋਕ ਤਿਉਹਾਰਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦਦੇ ਹਨ।ਪਰ ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਵਧ ਗਈ ਹੈ।ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਕਰੋਨਾ ਮਹਾਮਾਰੀ ਕਾਰਨ ਆਰਥਿਕਤਾ ਡਗਮਗਾ ਗਈ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟੀ ਸਮਾਨ ਬਹੁਤ ਵਿਕਦਾ ਹੈ। ਅੱਜ ਕੱਲ ਤਾਂ ਕੱਪੜੇ ਵੀ ਬਹੁਤ ਸਮਾਂ ਨਹੀਂ ਕੱਢਦੇ। ਤੁਸੀਂ ਮਾਲ ਵਿੱਚ ਚਲੇ ਜਾਓ,ਇੱਕ ਕਮੀਜ ਨਾਲ ਦੋ ਕਮੀਜ਼ ਮੁਫ਼ਤ ਦੀ ਆਫਰ ਹੁੰਦੀ ਹੈ । ਅਜਿਹੇ ਕੱਪੜੇ ਤਾਂ ਦੋ ਮਹੀਨੇ ਵੀ ਨਹੀਂ ਕੱਢਦੇ।ਦੁਕਾਨਦਾਰ ਤਿਉਹਾਰਾਂ ਦੇ ਸੀਜ਼ਨ ਵਿੱਚ ਆਪਣਾ ਘਟੀਆ ਅਤੇ ਪੁਰਾਣਾ ਮਾਲ ਕਢਦੇ ਹਨ। ਤੇ ਉਸ ਸਾਮਾਨ ਤੇ ਛੂਟ ਦਿੰਦੇ ਹਨ। ਲੋਕ ਸਸਤਾ ਦੇਖ ਕੇ ਉਹ ਨਕਲੀ ਸਮਾਨ ਖਰੀਦ ਲੈਂਦੇ ਹਨ।ਜੋ ਕਿ ਕੁਝ ਮਹੀਨਿਆਂ ਵਿੱਚ ਹੀ ਖਰਾਬ ਹੋ ਜਾਂਦਾ ਹੈ।ਚਾਹੇ ਉਹ ਸਟੀਲ, ਮਿਠਾਈ, ਕੱਪੜਾ, ਫਰਨੀਚਰ ਆਦਿ।ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟ ਦਾ ਬਹੁਤ ਜ਼ਿਆਦਾ ਬੋਲਬਾਲਾ ਹੁੰਦਾ ਹੈ।ਆਮ ਤਿਉਹਾਰਾਂ ਦੇ ਸੀਜ਼ਨ ਵਿੱਚ ਸਿਹਤ ਮੰਤਰਾਲਾ ਮਿਠਾਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦਾ ਹੈ। ਕੁਇੰਟਲਾਂ ਦੇ ਹਿਸਾਬ ਨਾਲ ਖੋਆ ਫੜਿਆ ਜਾਂਦਾ ਹੈ।ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਹਲਵਾਈ ਨਕਲੀ ਦੁੱਧ ਨਾਲ ਮਿਠਾਈ ਬਣਾਉਣੀ ਸ਼ੁਰੂ ਕਰ ਦਿੰਦੇ ਹਨ ।ਜਿੱਥੇ ਹਲਵਾਈ ਮਿਠਾਈਆਂ ਬਣਾਉਂਦੇ ਹਨ, ਇਥੇ ਸਾਫ-ਸਫਾਈ ਨਾ ਬਰਾਬਰ ਹੁੰਦੀ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਹਲਵਾਈ ਦੂਜੇ ਸੂਬਿਆਂ ਤੋਂ ਨਕਲੀ ਦੁੱਧ, ਖੋਆ ਪਨੀਰ ਲਿਆ ਕੇ ਮਿਠਾਈਆਂ ਤਿਆਰ ਕਰਦੇ ਹਨ। ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਜਦੋਂ ਕੋਈ ਹਲਵਾਈ ਸਿੰਥੈਟਿਕ ਦੁੱਧ, ਨਕਲੀ ਖੋਆ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਹੁੰਦਾ ਹੈ। ਸਿਹਤ ਮੰਤਰਾਲੇ ਨੂੰ ਸਿਰਫ ਤਿਉਹਾਰਾਂ ਵਿੱਚ ਹੀ ਨਹੀਂ, ਸਾਲ ਵਿੱਚ ਕਦੇ ਵੀ ਮਿਠਾਈਆਂ ਦੀ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ। ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।ਸਾਨੂੰ ਆਪਣੇ ਘਰ ਦੇ ਬਣੇ ਮਿੱਠੇ ਚੌਲ, ਦੇਸੀ ਘਿਉ ਦੀ ਦੇਗ ਖਾਣੀ ਚਾਹੀਦੀ ਹੈ। ਹੋ ਸਕੇ ਤਾਂ ਜਲੇਬੀ ਜਾਂ ਅਮਰਤੀ ਖਾਓ। ਰਿਸ਼ਤੇਦਾਰ ਕਰੀਬੀ ਮਿੱਤਰਾਂ ਨੂੰ ਮਹਿੰਗੇ ਤੋਹਫੇ, ਡਰਾਈ ਫਰੂਟ ਦੇਣ ਤੋਂ ਗੁਰੇਜ਼ ਕਰੋ। ਅਸੀਂ ਕਰੀਬੀ ਮਿੱਤਰ, ਦੋਸਤ ਨੂੰ ਵਧੀਆ ਰਸਾਲਾ , ਕਿਤਾਬ ਦੇ ਸਕਦੇ ਹਨ ,ਜਿਸ ਨਾਲ ਉਸਦੇ ਗਿਆਨ ਵਿੱਚ ਵਾਧਾ ਹੋਵੇਗਾ। * ਸੰਜੀਵ ਸਿੰਘ ਸੈਣੀ, ਮੋਹਾਲੀ