ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਵਿਉਪਾਰਕ ਪ੍ਰਾਜੈਕਟ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਲਾਜਮੀ ਹੋਵੇ

07

November

2020

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗੁਰਦੁਆਰਾ ਕਰਤਾਰਪੁਰ ਸਬੰਧੀ ਛਿੜੇ ਵਿਵਾਦ ਪ੍ਰਤੀ ਬੋਲਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਪ੍ਰਾਜੈਕਟ ਗੈਰ ਸਿੱਖਾਂ ਨੂੰ ਦੇਣਾ ਸਿੱਖ ਜਗਤ ਨੂੰ ਪ੍ਰਵਾਨ ਨਹੀਂ ਹੈ।ਪ੍ਰਾਜੈਕਟ ਲਈ ਬਣੀ ਕਮੇਟੀ ਵਿੱਚ ਸਿੱਖਾਂ ਦੀ ਸ਼ਮੂਲੀਅਤ ਲਾਜਮੀ ਹੋਣੀ ਚਾਹੀਦੀ ਹੈ।ਇਹ ਸਰਾਸਰ ਮੂਲੋਂ ਸਿਖ ਸਿਧਾਤਾਂ ਦੀ ਉਲੰਘਣਾ ਹੈ ਅਤੇ ਸਿੱਖਾਂ ਨਾਲ ਵੱਡੀ ਬੇਇਨਸਾਫੀ ਅਤੇ ਧਰਮ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ।ਪਹਿਲਾਂ ਪ੍ਰਾਜੈਕਟ ਬਿਜਨੈਸ ਪਲਾਨ ਤੇ ਹੁਣ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ, ਪਿਛੇ ਜਿਹੜੀ ਨੀਤੀ ਕੰਮ ਕਰ ਰਹੀ ਹੈ ਉਹ ਮੰਦਭਾਗੀ ਹੈ।ਜੇ ਸਿਖ ਗੁਰਧਾਮਾਂ ਨਾਲ ਜੋੜ ਕੇ ਪ੍ਰਾਜੈਕਟ ਬਨਾਉਣੇ ਹਨ ਤਾਂ ਸਿੱਖਾਂ ਦੀ ਸ਼ਮੂਲੀਅਤ ਲਾਜਮੀ ਹੈ। ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਪ੍ਰਬੰਧ ਸਿਖ ਸਿਧਾਤਾਂ ਦੇ ਉਲਟ ਜਾ ਕੇ ਗੈਰ ਸਿਖ ਮੁਸਲਿਮ ਭਾਈਚਾਰੇ ਨੂੰ ਸੌਪਣਾ ਅਤੇ ਸਿੱਖਾਂ ਨੂੰ ਉਸ ਤੋਂ ਦੂਰ ਰੱਖਣਾ ਵੱਡੀ ਬੇਇਨਸਾਫੀ, ਧੱਕਾਜੋਰੀ ਤੇ ਧਰਮ ਕਾਰਜਾਂ ਵਿੱਚ ਜਬਰੀ ਦਖਲ ਅੰਦਾਜ਼ੀ ਹੈ।ਜੋ ਕਿਸੇ ਤਰਾਂ ਵੀ ਵਾਜਬ ਨਹੀਂ ਹੈ।ਪਾਕਿਸਤਾਨ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਤੇ ਗੁਰਦੁਆਰਾ ਸਾਹਿਬ ਦੇ ਕੋਰੀਡੋਰ ਦਾ ਪ੍ਰਬੰਧ ਪਾਕਿਸਤਾਨ 'ਚ ਵੱਸਦੇ ਸਿੱਖਾਂ ਹਵਾਲੇ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਬਹੁਤ ਸਾਰੇ ਐਸੇ ਗੁਰਧਾਮ ਪਾਕਿਸਤਾਨ ਵਿਚ ਹਨ।ਜਿਨਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ ਸਗੋਂ ਵਿਰਾਨ ਪਏ ਹਨ।ਦੂਜਾ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਹੋ ਰਹੇ ਧੱਕਿਆਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਸਿੱਖਾਂ, ਹਿੰਦੂਆਂ ਦੀਆਂ ਬੱਚੀਆਂ ਅਸੁਰੱਖਿਅਤ ਹਨ, ਉਨ੍ਹਾਂ ਨੂੰ ਅਗਵਾ ਕਰਨ, ਜਬਰੀ ਧਰਮ ਤਬਦੀਲ ਕਰਾਉਣ ਦੀਆਂ ਘਟਨਾਵਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ।ਇਮਰਾਨ ਖਾਨ ਸਰਕਾਰ ਨੂੰ ਤੁਰੰਤ ਅਜਿਹੇ ਕਾਰਕੁੰਨਾਂ ਤੇ ਸਿਕੰਜਾ ਕੱਸਣਾ ਅਤੇ ਸਜਾ ਲਈ ਵਿਸ਼ੇਸ਼ ਕਾਨੂੰਨ ਬਨਾਉਣਾ ਚਾਹੀਦਾ ਹੈ।ਘੱਟ ਗਿਣਤੀਆਂ ਦੇ ਜਾਨ ਮਾਲ ਤੇ ਸੁਰੱਖਿਆ ਦੀ ਜਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ।ਜੋ ਸਰਕਾਰ ਘੱਟ ਗਿਣਤੀਆਂ ਨੂੰ ਸੁਰੱਖਿਅਤ ਨਹੀਂ ਰੱਖਦੀ ਉਸ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ।