Arash Info Corporation

ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਕੀਤੀ ਜਾਵੇਗੀ ਰਾਖੀ-ਚੇਅਰਮੈਨ

07

November

2020

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕਮਿਸ਼ਨ ਦਾ ਮੁੱਖ ਕੰਮ ਹੈ ਅਤੇ ਹਰੇਕ ਕੀਮਤ ਤੇ ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਉਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ। ਇਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ: ਇੰਮਾਨੂੰਏਲ ਨਾਹਰ ਨੇ ਬੱਚਤ ਭਵਨ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨਾਂ ਕਿਹਾ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਲੋਕਾਂ ਵੱਲੋਂ ਵਕਫ ਬੋਰਡ ਅਤੇ ਕਬਰਿਸਤਾਨਾਂ ਦੀ ਜਮੀਨਾਂ 'ਤੇ ਨਜਾਇਜ ਕਬਜਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਹ ਇਸ ਮਸਲੇ ਸਬੰਧੀ ਉਹ ਦੀਵਾਲੀ ਤੋਂ ਬਾਅਦ ਡੀ:ਜੀ:ਪੀ ਪੰਜਾਬ ਨਾਲ ਗੱਲਬਾਤ ਕਰਨਗੇ। ਉਨਾਂ ਦੱਸਿਆ ਕਿ ਵਕਫ ਬੋਰਡ ਅਤੇ ਕਬਰਿਸਤਾਨਾਂ ਦੀਆਂ ਜਮੀਨਾਂ ਦੀ ਸੁਰੱਖਿਆ ਕੀਤੀ ਜਾਵੇਗੀ ਅਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਨਾਲ ਵੀ ਵਿਚਾਰ ਵਟਾਂਦਰਾ ਕਰਨਗੇ। ਪ੍ਰੋ: ਨਾਹਰ ਨੇ ਕਿਹਾ ਕਿ ਚਰਚ ਦੀਆਂ ਜਮੀਨਾਂ ਤੇ ਕਬਜਾ ਕਰਨ ਵਾਲਿਆਂ ਤੇ ਐਫ:ਆਈ:ਆਰ ਦਰਜ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਚਰਚ ਦੀਆਂ ਜਮੀਨਾਂ ਨੂੰ ਵੇਚਣਾ ਤੇ ਖਰੀਦਣਾ ਅਪਰਾਧ ਦੀ ਸ੍ਰੇਣੀ ਵਿੱਚ ਆਉਂਦਾ ਹੈ। ਉਨਾਂ ਨੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਚਰਚਾਂ ਦੀਆਂ ਜਮੀਨਾਂ ਦੀ ਰਜਿਸਟਰੀਆਂ ਨਾ ਕਰਨ। ਚੇਅਰਮੈਨ ਨੇ ਦੱਸਿਆ ਕਿ ਘੱਟ ਗਿਣਤੀ ਦੇ ਲੋਕਾਂ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪ੍ਰੰਤੂ ਹੇਠਲੇ ਪੱਧਰ ਤੱਕ ਲੋਕਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ। ਉਨਾਂ ਕਿਹਾ ਕਿ ਇਸ ਲਈ ਸਕੂਲਾਂ, ਕਾਲਜਾਂ ਅਤੇ ਹੋਰ ਢੁੱਕਵੀਆਂ ਥਾਂਵਾਂ ਤੇ ਕੇਂਦਰ ਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦੇ ਬੋਰਡ ਲਗਾਏ ਜਾਣਗੇ ਤਾਂ ਜੋ ਇਨਾਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚ ਸਕੇ। ਚੇਅਰਮੈਨ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਘੱਟ ਗਿਣਤੀ ਭਾਈਚਾਰੇ ਲਈ ਸਕਾਲਰਸ਼ਿਪ ਰਾਜ ਸਰਕਾਰ ਆਪਣੇ ਪੱਧਰ ਤੇ ਦੇ ਰਹੀ ਹੈ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟ ਗਿਣਤੀ ਭਾਈਚਾਰੇ ਦੇ ਬੈਕਵਰਡ ਕਲਾਸ ਦੇ ਸਰਟੀਫਿਕੇਟ ਬਣਾਏ ਜਾਣ। ਉਨਾਂ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਵੀ ਬੈਕਵਰਡ ਕਲਾਸ ਦੇ ਸਰਟੀਫਿਕੇਟ ਬਣਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਪ੍ਰੋ: ਨਾਹਰ ਨੇ ਨਗਰ ਨਿਗਮ ਅੰਮ੍ਰਿਤਸਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਭਰਾੜੀਵਾਲ ਵਿਖੇ ਕਬਰਿਸਤਾਨ ਲਈ ਜਮੀਨ ਦੇ ਦਿੱਤੀ ਗਈ ਹੈ। ਚੇਅਰਮੈਨ ਵੱਲੋਂ ਸਬੰਧਤ ਪੁਲਿਸ ਅਧਿਕਾਰੀਆਂਨੂੰ ਹਦਾਇਤ ਕੀਤੀ ਗਈ ਕਿ ਪਿੰਡ ਸ਼ੁਕਰਚੱਕ ਵਿਖੇ ਪੰਚਾਇਤੀ ਜਮੀਨ ਤੇ ਬਣੇ ਗਿਰਜਾਘਰ ਦੇਕਬਜੇ ਸਬੰਧੀ ਜਲਦੀ ਤੋਂ ਜਲਦੀ ਸਟੇਟਸ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ । ਉਨਾਂ ਨੇ ਐਸ:ਡੀ:ਐਮ ਮਜੀਠਾ ਨੂੰ ਮਸੀਹੀ ਭਾਈਚਾਰੇ ਦੇ ਕਬਰਿਸਤਾਨਾਂ ਦੀਆਂ ਦੀਵਾਰਾਂ ਢਾਹੁਣ ਅਤੇ ਕੂੜੇ ਦੇ ਡੰਪ ਬਣਾਉਣ ਸਬੰਧੀ ਵੀ ਰਿਪੋਰਟ ਵੀ ਕਮਿਸ਼ਨ ਨੂੰ ਦੇਣ ਲਈ ਕਿਹਾ। ਇਸ ਮੌਕੇ ਕਮਿਸ਼ਨ ਵੱਲੋਂ ਘੱਟ ਗਿਣਤੀ ਭਾਈਚਾਰੇ ਵੱਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਉਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਮੁੱਧਲ, ਏ:ਡੀ:ਸੀ:ਪੀ ਸ੍ਰੀ ਸੰਦੀਪ ਮਲਿਕ, ਐਸ:ਡੀ:ਐਮਜ਼ ਮਜੀਠਾ ਤੇ ਅੰਮ੍ਰਿਤਸਰ ਸ੍ਰੀਮਤੀ ਅਲਕਾ ਕਾਲੀਆ ਅਤੇ ਸ੍ਰੀ ਸ਼ਿਵਰਾਜ ਸਿੰਘ ਬੱਲ, ਤਹਿਸੀਲਦਾਰ ਅੰਮ੍ਰਿਤਸਰ ਮਨਜੀਤ ਸਿੰਘ, ਤਹਿਸੀਲਦਾਰ ਅਜਨਾਲਾ ਸ੍ਰੀ ਹਰਫੂਲਸਿੰਘ, ਜਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਜਿਲਾ ਭਲਾਈ ਅਫਸਰ ਸ੍ਰ ਸੁਖਵਿੰਦਰ ਸਿੰਘ ਘੁੰਮਣ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇਅਧਿਕਾਰੀ ਹਾਜਰ ਸਨ।