ਅਸਫਲਤਾ ਤੇ ਨਿਰਾਸ਼ ਨਾ ਹੋਵੋ

07

November

2020

ਇਸ ਦੁਨੀਆਂ ਵਿੱਚ ਹਰ ਸਿੱਕੇ ਦੇ ਦੋ ਪਹਿਲੂ ਹਨ।ਜੇ ਸਾਹ ਚੱਲ ਰਹੇ ਨੇ ਤਾਂ ਮੋਤ ਨੇ ਵੀ ਦਹਿਲੀਜ਼ ਤੇ ਦਸਤਕ ਦੇਣੀ ਹੈ। ਜੇ ਚਾਨਣ ਹੈ ਤਾਂ ਹਨੇਰਾ ਵੀ ਹੈ, ਜੇਕਰ ਦੁੱਖ ਹੈ ਤਾਂ ਸੁੱਖ ਵੀ ਹੈ। ਜੇਕਰ ਕਿਤੇ ਰੁੱਖ ਦੀ ਸੰਘਣੀ ਛਾਂ ਹੈ ਤਾਂ ਅੱਗ ਵਾਂਗ ਭੱਖਦਾ ਦਿਨ ਵੀ ਹੈ। ਇਸੇ ਲੜੀ ਵਿੱਚ ਜੇਕਰ ਜਿੱਤ ਹੈ ਤਾਂ ਹਾਰ ਵੀ ਹੈ। ਇਸ ਜੀਵਨ ਦਾ ਮੂਲ ਹੀ ਦੋ ਪਾਸੜ ਹੈ। ਜੇਕਰ ਅੱਜ ਦੇ ਵਿਸ਼ੇ ਵਿੱਚ ਇਕੱਲਾ ਜਿੱਤ ਅਤੇ ਹਾਰ ਨੂੰ ਵਿਚਾਰਿਆ ਜਾਵੇ ਤਾਂ ਜਿੱਥੇ ਜਿੱਤ ਚੰਗੀ ਕਾਬਲੀਅਤ ਦਾ ਸਬੂਤ ਦਿੰਦੀ ਹੈ, ਉੱਥੇ ਹਾਰ ਹੋਰ ਵਧੀਆ ਪ੍ਦਰਸ਼ਨ ਕਰਨ ਲਈ ਪੇ੍ਰਿਤ ਕਰਦੀ ਹੈ। ਪਰ ਅਸਲ ਵਿੱਚ ਹੁੰਦਾ ਇਹ ਹੈ ਕਿ ਜਦੋਂ ਕੋਈ ਕੰਮ ਕਰਨਾ ਚਾਹੋ ਪਰ ਕਾਰਜ ਦੇ ਵਿੱਚ ਸਫ਼ਲ ਨਾ ਹੋਵੋ ਤਾਂ ਆਸ਼ਾ ਵਿੱਚ ਨਿਰਾਸ਼ਾ ਪਸਰ ਜਾਂਦੀ ਹੈ। ਜਦੋਂ ਅਸਫ਼ਲਤਾ ਸਾਡਾ ਰਾਹ ਖਲੋਵੇ ਤਾਂ, ਇਹ ਸੋਚਣਾ ਪਵੇਗਾ ਕਿ ਫਿਰ ਕੀ ਕੀਤਾ ਜਾਵੇ? ਬੰਦਾ ਅਸਫ਼ਲਤਾ ਦੀ ਘੁੰਮਣਘੇਰੀ ਵਿਚੋਂ ਕਿਵੇਂ ਨਿਕਲੇ? ਚਿੰਤਾਵਾਂ ਤੋ ਕਿਵੇਂ ਮੁਕਤ ਹੋਵੇ? ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਅਜਿਹੀ ਸਥਿਤੀ ਵਿੱਚ ਸਮਝਦਾਰ ਵਿਅਕਤੀ ਨਿੰਮੋਝੂਣਾ ਨਹੀਂ ਹੁੰਦਾ । ਉਹ ਫਿਰ ਯਤਨ ਕਰਨ ਲਈ ਤੱਤਪਰ ਰਹਿੰਦਾ ਹੈ। ਇਸ ਬਿਪਤਾ ਵਿੱਚ ਵੀ ਉਹ ਕਦਮਵਕਦਮ ਸੋਚ ਕੇ ਰੱਖਦਾ ਹੈ। ਉਸਦੀ ਚਾਹ ਹੁੰਦੀ ਹੈ ਕਿ ਉਹ ਆਪਣੀ ਮੰਜ਼ਿਲ ਤੇ ਮਿਹਨਤ ਕਰਕੇ ਜਾ ਖਲੋਵੇ। ਇੱਕ ਗੱਲ ਨੂੰ ਬਹੁਤ ਹੀ ਧਿਆਨ ਨਾਲ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਸਫਲਤਾ ਦੇ ਨਸ਼ੇ ਵਿੱਚ ਝੂਰ ਨਹੀਂ ਹੋਣਾ। ਜਿਹੜੀ ਵੀ ਕਿਰਿਆ ਅਸੀਂ ਕਰਦੇ ਹਾਂ ਉਸਦੀ ਪ੍ਤੀਕਿਰਿਆ ਜਰੂਰ ਹੁੰਦੀ ਹੈ। ਸਫਲਤਾ ਵਿੱਚ ਜਿਆਦਾ ਖੁਸ਼ ਹੋਣਾ ਤੇ ਅਸਫ਼ਲਤਾ ਵਿੱਚ ਨਿਰਾਸ਼ ਹੋਣਾ ਕਮਜ਼ੋਰ ਲੋਕਾਂ ਦੀ ਪਹਿਚਾਣ ਹੁੰਦੀ ਹੈ। ਜੋ ਇੱਕ ਵਧੀਆ ਖਿਡਾਰੀ ਜਾਂ ਜਾਂਬਾਜ਼ ਹੋਵੇਗਾ ਉਹ ਆਪਣੀ ਤੇ ਸਫਲਤਾ ਤੇ ਹੱਦੋਂ ਵੱਧ ਕੇ ਖੁਸ਼ ਹੋਣ ਦੀ ਬਜਾਇ ਉਸਤੋਂ ਅਗਲਾ ਟੀਚਾ ਮਿੱਥਣ ਵੱਲ ਆਪਣਾ ਧਿਆਨ ਕੇਂਦਰਿਤ ਕਰ ਲਵੇਗਾ ਅਤੇ ਇਸ ਦੇ ਉੱਲਟ ਜੇਕਰ ਕਿਸੇ ਨੇ ਹਾਰ ਦਾ ਮੂੰਹ ਦੇਖਿਆ ਹੈ ਤਾਂ ਉਹ ਨਿਰਾਸ਼ ਹੋਣ ਦੀ ਬਜਾਇ ਆਪਣੇ ਆਪ ਵਿੱਚ ਹੋਰ ਸੁਧਾਰ ਕਰਨ ਤਰੀਕੇ ਲੱਭਣ ਲੱਗ ਜਾਂਦਾ ਹੈ। ਮੈਨੂੰ ਲੱਗਦਾ ਹੈ ਅਸਲ ਜੇਤੂ ਉਹ ਹੁੰਦਾ ਜੋ ਇੱਕ ਵਾਰ ਹਾਰਨ ਤੋਂ ਬਾਅਦ ਫਿਰ ਉਸੇ ਮੈਦਾਨ ਵਿੱਚ ਮੁੜ ਵਾਪਿਸ ਆਵੇ । ਜਿਵੇਂ ਰਾਤ ਦਿਨ ਦਾ ਚੱਕਰ ਚੱਲਦਾ ਹੈ ਇੰਝ ਹੀ ਸਫਲਤਾ ਲਈ ਬੰਦਾ ਹਰ ਪਿੜ ਮੱਲਦਾ ਹੈ। ਸਫਲਤਾ ਅਤੇ ਅਸਫ਼ਲਤਾ ਦੀ ਪੱਬ ਪਹੁੰਚੇ ਵਾਲਾ ਰਿਸ਼ਤਾ ਹੈ। ਸਰੀਰ ਅਤੇ ਰੂਹ ਦਾ ਰਿਸ਼ਤਾ ਹੈ।ਬੁੱਧੀਮਾਨ ਵਿਅਕਤੀ ਸਫਲਤਾ ਦੇ ਨਾਲ ਨਾਲ ਅਸਫ਼ਲਤਾ ਦੀ ਵੀ ਆਸ ਰੱਖਦੇ ਹਨ। ਜਿਹੜੇ ਵਿਅਕਤੀ ਸੂਝ ਦੇ ਰਸਤੇ ਤੇ ਚੱਲਦੇ ਹਨ, ਉਹ ਸਫਲਤਾ ਤੇ ਹੀ ਛਾਲਾਂ ਨਹੀ ਮਾਰਦੇ ਬਲਕਿ ਅਸਫ਼ਲਤਾ ਨੂੰ ਵੀ ਖਿੜੇ ਮੱਥੇ ਝੱਲਦੇ ਹਨ। ਉਹ ਅਸਫ਼ਲਤਾ ਦਾ ਵੀ ਸਵਾਗਤ ਕਰਦੇ ਹਨ। ਉਹ ਅਸਫ਼ਲਤਾ ਨੂੰ ਇੱਕ ਦਵਾਈ ਸਮਝਦੇ ਹਨ, ਜਿਸ ਨਾਲ ਜੀਵਨ ਵਿੱਚ ਨਿਖਾਰ ਆਉਂਦਾ ਰਹਿੰਦਾ ਹੈ। ਇਸ ਨਾਲ ਜੀਵਨ ਦੀ ਪ੍ਤੀਤੀ ਵੀ ਸੁਧਰ ਜਾਂਦੀ ਹੈ ਜਿਸਨੂੰ ਸਹਾਰਨ ਨਾਲ ਧੀਰਜ ਮਿਲਦੀ ਹੈ। ਪਰ ਇਸਦੇ ਉੱਲਟ ਸਫਲਤਾ ਦਾ ਨਸ਼ਾ ਬੰਦੇ ਨੂੰ ਹੋਸ਼ ਨਹੀ ਆਉਣ ਦਿੰਦਾ। ਅਸਲ ਵਿੱਚ ਜਿੰਦਗੀ ਦਾ ਮੂਲ ਇਹ ਹੈ ਕਿ ਸਫਲਤਾ ਦੀ ਇੱਛਾ ਕਰੋ ਅਤੇ ਅਸਫ਼ਲਤਾ ਨੂੰ ਸਹਾਰਨ ਲਈ ਸਦਾ ਤਿਆਰ ਰਹੋ। ਸੋ ਸਾਨੂੰ ਅਸਫ਼ਲਤਾ ਤੇ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਬਲਕਿ ਆਪਣੇ ਆਪ ਨੂੰ ਬਹਿਤਰ ਬਣਾਉਂਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਹਰਕੀਰਤ ਕੌਰ ਸਭਰਾ 9779118066