ਪਾਕਿਸਤਾਨ 'ਚ ਹਿੰਦੂ ਮੰਦਰਾਂ 'ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ : ਨਾਇਬ ਸ਼ਾਹੀ ਇਮਾਮ

05

November

2020

ਲੁਧਿਆਣਾ, 5 ਨਵੰਬਰ (ਬਿਕਰਮਪ੍ਰੀਤ) : ਪਾਕਿਸਤਾਨ 'ਚ ਆਏ ਦਿਨ ਹਿੰਦੂ ਸਮਾਜ ਦੇ ਮੰਦਰਾਂ 'ਤੇ ਹੋ ਰਹੇ ਹਮਲੀਆਂ 'ਤੇ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਖੇਦ ਜਤਾਉਂਦੇ ਹੋਏ ਕਿਹਾ ਹੈ ਕਿ ਗੁਆਂਢੀ ਮੁਸਲਮਾਨ ਦੇਸ਼ 'ਚ ਮੰਦਰਾਂ 'ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ ਹੈ, ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਆਪਣੇ ਦੇਸ਼ ਦੇ ਘੱਟਗਿਣਤੀਆਂ ਦੀ ਰੱਖਿਆ ਕਰਨ 'ਚ ਨਾਕਾਮ ਸਾਬਤ ਹੋਈ ਹੈ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਇੱਕ ਵਰਗ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਹਾਸਿਲ ਕਰ ਪਾਈ। ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਆਪਣੇ ਆਪ ਨੂੰ ਇਸਲਾਮੀ ਦੇਸ਼ ਕਹਿਣ ਵਾਲੇ ਪਾਕਿਸਤਾਨ ਨੂੰ ਇਹ ਵੀ ਯਾਦ ਨਹੀਂ ਕਿ ਇਸਲਾਮ ਧਰਮ 'ਚ ਸਾਰੇ ਇਨਸਾਨਾਂ ਨੂੰ ਉਨ੍ਹਾਂ ਦੇ ਧਰਮ ਅਤੇ ਜਾਤ ਦੇ ਨਾਲ ਬਰਾਬਰ ਦਾ ਸਨਮਾਨ ਦੇਣ ਦਾ ਹੁਕਮ ਦਿੱਤਾ ਗਿਆ ਹੈ । ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਸਾਰੇ ਨਾਗਰਿਕਾਂ ਦੇ ਨਾਲ ਇੱਕੋ ਜਿਹਾ ਵਤੀਰਾ ਰੱਖਣਾ ਹੋਵੇਗਾ । ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਮੀਡਿਆ ਰਾਹੀਂ ਪਾਕਿਸਤਾਨ ਦੇ ਸਾਰੇ ਨਾਗਰਿਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੇ ਦੇਸ਼ ਦੇ ਘੱਟਗਿਣਤੀਆਂ ਦੇ ਨਾਲ ਮਜਬੂਤ ਸਮਾਜਿਕ ਸੰਬੰਧ ਬਣਾ ਕੇ ਰੱਖਣ ਅਤੇ ਆਪਣੇ ਧਰਮ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਨੂੰ ਸਨਮਾਨ ਦੇਣਾ ਸਿਖਣ । ਉਨ੍ਹਾਂ ਕਿਹਾ ਕਿ ਇਸਲਾਮੀ ਦੇਸ਼ਾਂ 'ਚ ਸਰਵਧਰਮ ਸਦਭਾਵ ਦੀ ਸਿੱਖਿਆ ਪਾਕਿਸਤਾਨ ਨੂੰ ਦੁਬਈ ਤੋਂ ਲੈਣੀ ਚਾਹੀਦੀ ਹੈ ਜਿੱਥੇ ਸਾਰੇ ਧਰਮਾਂ ਦੀ ਇਬਾਦਤ ਗਾਹ ਬਣਾਈਆਂ ਗਈਆਂ ਹਨ । ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਉੱਥੇ ਦੇ ਦਿੱਗਜ ਇਸ ਗੱਲ ਨੂੰ ਸੱਮਝ ਲੈਣ ਕਿ ਧਰਮ ਹਰ ਇਨਸਾਨ ਦੀ ਅਕੀਦਤ ਦਾ ਨਿਜੀ ਮਾਮਲਾ ਹੈ ਕਿਸੇ ਦੀ ਗੁੰਡਾਗਰਦੀ ਕਿਸੇ ਨੂੰ ਉਸਦੇ ਧਰਮ ਤੋਂ ਹਟਾ ਨਹੀਂ ਸਕਦੀ । ਇਸ ਮੌਕੇ 'ਤੇ ਕਾਰੀ ਮੁਹੰਮਦ ਮੋਹਤਰਮ, ਕਾਰੀ ਇਬਰਾਹਿਮ, ਸ਼ਾਹਨਵਾਜ ਅਹਿਮਦ, ਬਾਬੁਲ ਖਾਨ, ਤਨਵੀਰ ਆਲਮ, ਸ਼ੇਖ ਅਸ਼ਰਫ ਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ।