ਸਿੱਖ ਕੌਸਲ ਆਫ ਸਕਾਟਲੈਂਡ ਤੇ ਸਾਰਾਗੜ੍ਹੀ ਫਾਊਂਡੇਸ਼ਨ ਨੇ ਸ਼ਹੀਦ ਗੁਰਤੇਜ ਸਿੰਘ ਦੇ ਮਾਤਾ ਪਿਤਾ ਨੂੰ ਕੀਤਾ ਸਨਮਾਨਿਤ

05

November

2020

ਲੁਧਿਆਣਾ 5 ਨਵੰਬਰ (ਜੱਗੀ) ਭਾਰਤ-ਚੀਨ ਸਰਹੱਦ ਤੇ ਸਥਿਤ ਲਦਾਖ਼ ਖੇਤਰ ਦੀ ਗਲਵਾਨ ਘਾਟੀ ਅੰਦਰ ਆਪਣੀ ਸੂਰਬੀਰਤਾ ਦੇ ਜੋਹਰ ਦਿਖਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਅਣਖੀ ਨੌਜਵਾਨ ਸ਼ਹੀਦ ਗੁਰਤੇਜ ਸਿੰਘ ਨੂੰ ਪਹਿਲ ਦੇ ਆਦਾਰ ਤੇ ਭਾਰਤ ਸਰਕਾਰ ਵੱਲੋਂ ਵੀਰਤਾ ਐਵਾਰਡ (ਬਹਾਦਰੀ ਪੁਰਸਕਾਰ ) ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬ੍ਰਿਗੇਡੀਅਰ ਰਿਟਾ.ਕੁਲਦੀਪ ਸਿੰਘ ਕਾਹਲੋਂ ਨੇ ਅੱਜ ਸਿੱਖ ਕੌਂਸਲ ਆਫ ਸਕਾਟਲੈਂਡ ਅਤੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋ ਸਾਂਝੇ ਤੌਰ ਤੇ ਸ਼ਹੀਦ ਗੁਰਤੇਜ ਸਿੰਘ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕਰਨ ਹਿੱਤ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਆਪਣੀ ਗੱਲਬਾਤ ਦੌਰਾਨ ਬ੍ਰਿਗੇਡੀਅਰ ਕਾਹਲੋਂ ਨੇ ਦੱਸਿਆ ਕਿ ਲੰਘੇ ਜੂਨ ਮਹੀਨੇ ਦੌਰਾਨ ਗਲਵਾਨ ਘਾਟੀ ਅੰਦਰ ਚੀਨੀ ਸੈਨਿਕਾਂ ਦੇ ਨਾਲ ਹੋਈ ਗਹਿਗੱਚ ਲੜਾਈ ਅੰਦਰ “ਨਿਸ਼ਚੇ ਕਰ ਅਪਨੀ ਜੀਤ ਕਰੂ“ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਭਾਰਤੀ ਫੌਜ ਦੇ ਬਹਾਦਰ ਯੋਧੇ ਸ਼ਹੀਦ ਗੁਰਤੇਜ ਸਿੰਘ ਨੇ ਆਪਣੀ ਸੂਰਬੀਰਤਾ ਦੇ ਜੋਹਰ ਦਿਖਾਉਦਿਆ ਹੋਇਆ ਇੱਕਲੇ ਤੌਰ ਤੇ 12ਚੀਨੀ ਸੈਨਿਕਾਂ ਨੂੰ ਮਾਰ ਮੁਕਾਣਾ ਆਪਣੇ ਆਪ ਵਿੱਚ ਇੱਕ ਇਤਿਹਾਸਕ ਘਟਨਾ ਸੀ। ਜਿਸ ਨੇ ਮੁੜ ਸਾਰਾਗੜ੍ਹੀ ਜੰਗ ਦੀ ਯਾਦ ਨੂੰ ਤਾਜ਼ਾ ਕਰਵਾਇਆ।ਇਸ ਮੌਕੇ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਤਰਨਦੀਪ ਸਿੰਘ ਸੰਧਰ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ। ਇਸ ਲਈ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਤੇ ਬੱਚੇ ਸ਼ਹੀਦਾਂ ਦੀ ਕੁਰਬਾਨੀ ਤੋ ਪ੍ਰੋਣਾ ਲੈ ਸਕਣ।ਉਨ੍ਹਾਂ ਨੇ ਕਿਹਾ ਕਿ ਇਸੇ ਮਿਸ਼ਨ ਦੀ ਪ੍ਰਾਪਤੀ ਲਈ ਅੱਜ ਸਾਡੀ ਸੰਸਥਾ ਵੱਲੋਂ ਸ਼ਹੀਦ ਗੁਰਤੇਜ ਸਿੰਘ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਅਹੁਦੇਦਾਰਾਂ ਤਰਨਦੀਪ ਸਿੰਘ ਸੰਧਰ,ਰਣਜੀਤ ਸਿੰਘ ਖਾਲਸਾ, ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸਨ, ਪ੍ਰਧਾਨ ਬ੍ਰਿਗੇਡੀਅਰ ਰਿਟਾ ਸ.ਕੁਲਦੀਪ ਸਿੰਘ ਕਾਹਲੋਂ, ਜਨ. ਸੈਕਟਰੀ ਗੁਰਜੀਤ ਸਿੰਘ ਚੀਮਾ, ਗੁਰਭੇਜ ਸਿੰਘ ਟਿੱਬੀ ,ਮੈਡਮ ਕਮਲਜੀਤ ਕੌਰ ਗਿੱਲ ਵੱਲੋ ਜੈਕਾਰਿਆਂ ਦੀ ਗੂੰਜ ਵਿੱਚ ਸ਼ਹੀਦ ਗੁਰਤੇਜ ਸਿੰਘ ਦੀ ਮਾਤਾ ਪ੍ਰਕਾਸ਼ ਕੌਰ ਤੇ ਪਿਤਾ ਵਿਰਸਾ ਸਿੰਘ ਨੂੰ ਦੋਸ਼ਾਲੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।