ਫਰੀਦਕੇਰਾ ਦਾ ਮਿਹਨਤੀ ਕਿਸਾਨ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਲਈ ਹੋਰਨਾਂ ਲਈ ਬਣਿਆਂ ਰਾਹ ਬਸੇਰਾ

05

November

2020

ਮਲੋਟ, 5 ਨਵੰਬਰ (ਪ.ਪ)- ਖੇਤੀਬਾੜੀ ਵਿਭਾਗ ਦੀਆ ਪ੍ਰੇਰਣਾ ਸਦਕਾ ਲੰਬੀ ਬਲਾਕ ਦੇ ਪਿੰਡ ਫਰੀਦਕੇਰਾ ਦਾ ਅਗਾਹਵਧੂ ਕਿਸਾਨ ਸ¡.ਚਾਨਣ ਸਿੰਘ ਪੁੱਤਰ ਸ.ਹਰਭਜਨ ਸਿੰਘ ਇੱਕ ਮਿਹਨਤਕਸ਼ ਕਿਸਾਨ ਹੈ ਅਤੇ ਇੱਕ ਛੋਟਾ ਜਿੰਮੀਦਾਰ ਹੈ, ਇਸ ਕੋਲ ਸਿਰਫ ਆਪਣੀ 2.5 ਏਕੜ ਜ਼ਮੀਨ ਹੈ ਅਤੇ 8 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ । ਇਹਨਾਂ ਕੋਲ ਆਪਣਾ ਟਰੈਕਟਰ ਹੈ, ਜਿਸ ਦਾ ਉਪਯੋਗ ਇਹ ਆਪਣੀ ਖੇਤੀ ਦੇ ਨਾਲ ਨਾਲ ਕਿਰਾਇਆ ਕਰ ਕੇ ਕਮਾਈ ਦੇ ਸਾਧਨ ਵਜੋਂ ਵੀ ਕਰਦੇ ਹਨ। ਸਬੰਧਿਤ ਕਿਸਾਨ ਅਨੁਸਾਰ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ 2.5 ਏਕੜ ਰਕਬੇ ਵਿੱਚ ਪਰਾਲ਼ੀ ਨੂੰ ਬਿਨਾਂ ਅੱਗ ਲਗਾਏ ਪ੍ਰਬੰਧਨ ਕਰ ਰਿਹਾ ਹੈ । ਪਿਛਲੇ ਸਾਲ ਇਹਨਾਂ ਨੇ ਖੇਤੀ-ਬਾੜੀ ਵਿਭਾਗ ਦੇ ਸਹਿਯੋਗ ਨਾਲ ਸੁਪਰਸੀਡਰ ਲੈ ਕੇ ਕਣਕ ਦੀ ਬਿਜਾਈ ਦਾ ਟ੍ਰਾਇਲ ਲਗਵਾਇਆ ਸੀ, ਇਸ ਤਜਰਬੇ ਤੋਂ ਇਹ ਕਾਫ਼ੀ ਸੰਤੁਸ਼ਟ ਰਹੇ, ਕਿਉਂਕਿ ਇਹਨਾਂ ਦਾ ਕਣਕ ਦਾ ਝਾੜ ਵਧੀਆ ਰਿਹਾ ਅਤੇ ਕਿਸੇ ਦਿੱਕਤ ਦਾ ਸਾਹਮਣਾ ਵੀ ਨਹੀਂ ਕਰਨਾ ਪਿਆ । ਕਿਸਾਨ ਦੇ ਦੱਸਣ ਮੁਤਾਬਿਕ ਕਣਕ ਦਾ ਝਾੜ 64 ਮਣ ਪ੍ਰਤੀ ਏਕੜ ਰਿਹਾ ਅਤੇ ਤੂੜੀ ਵੀ ਜੀਰੋ ਡਰਿੱਲ ਵਾਲੀ ਕਣਕ ਦੇ ਮੁਕਾਬਲੇ ਵੱਧ ਬਣਦੀ ਹੈ। ਇਸ ਸਾਲ ਇਸ ਕਿਸਾਨ ਨੇ ਖੇਤੀ-ਬਾੜੀ ਵਿਭਾਗ ਦੇ ਸਹਿਯੋਗ ਨਾਲ 50 ਫੀਸਦੀ ਸਬਸਿਡੀ ਤੇ ਆਪਣਾ ਸੁਪਰਸੀਡਰ ਲਿਆ ਹੈ ਜਿਸ ਨਾਲ ਆਪਣੀ ਸਾਰੀ ਕਣਕ ਦੀ ਬਿਜਾਈ ਕਰਨ ਦੇ ਨਾਲ ਨਾਲ ਕਿਰਾਏ ਤੇ ਵੀ ਚਲਾਉਣ ਦਾ ਮਨ ਬਣਾਇਆ ਹੈ । ਹੁਣ ਇਹ ਹੋਰ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਪਰਾਲ਼ੀ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਣ ਨੂੰ ਦੂਸਿਤ ਹੋਣ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਸਕੀਏ । ਹੋਰ ਕਿਸਾਨ ਭਰਾਵਾਂ ਨੂੰ ਵੀ ਸੂਚਨਾ ਹਿੱਤ ਅਪੀਲ ਹੈ ਕਿ ਜੇ ਲੰਬੀ ਬਲਾਕ ਦੇ ਕਿਸੇ ਵੀ ਪਿੰਡ ਵਿੱਚ ਕੋਈ ਕਿਸਾਨ ਭਰਾ ਸੁਪਰਸੀਡਰ ਨਾਲ ਕਣਕ ਦੀ ਬਜਾਈ ਕਰਵਾਉਣਾ ਚਾਹੁੰਦਾ ਹੈ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ, ਇਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਕਿਰਾਇਆ ਲੈਣਗੇ ਅਤੇ ਆਪਣੇ ਤਜਰਬੇ ਨਾਲ ਕਣਕ ਦੀ ਬਿਜਾਈ ਸੁਚੱਜੇ ਢੰਗ ਨਾਲ ਖ਼ੁਦ ਕਰਣਾਉਗੇ ।