ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਕੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਕਿਸਾਨ ਸਰਵਣ ਸਿੰਘ- ਡਾ.ਵਾਲੀਆ

05

November

2020

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮੁਖਤਿਆਰ ਸਿੰਘ) ਡਾ.ਸੁਰਜੀਤ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨ ਸ੍ਰੀ ਸਰਵਣ ਸਿੰਘ, ਪਿੰਡ ਖਨਿਆਣ, ਬਲਾਕ ਅਮਲੋਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫਸਲਾਂ ਦੀ ਰਹਿੰਦ-ਖੂਹੰਦ ਦੀ ਸੁਚੱਜੀ ਸਾਂਭ-ਸੰਭਾਲ ਕਰ ਰਿਹਾ ਹੈ। ਇਸ ਕਿਸਾਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾਈ ਗਈ। ਇਹ ਕਿਸਾਨ 5 ਏਕੜ ਜਮੀਂਨ ਦਾ ਮਾਲਕ ਹੈ ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਕਿਸਾਨਾਂ ਕੋਲ ਖੇਤੀ ਮਸ਼ੀਨਰੀ ਨਹੀਂ ਹੈ ਉਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਕਿਰਾਏ ਉੱਤੇ ਬਿਜਾਈ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਿਸਾਨ ਵੱਲੋਂ ਪਹਿਲਾਂ ਰੋਟਾਵੇਟਰ ਨਾਲ ਖੇਤ ਵਿੱਚ ਪਰਾਲੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਂਦਾ ਸੀ ਪ੍ਰੰਤੂ ਇਸ ਸਾਲ ਸਰਵਣ ਸਿੰਘ ਨੇ ਸੁਪਰ ਸੀਡਰ ਲਿਆ ਹੈ ਜਿਸ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਦਿੱਤੀ ਗਈ ਹੈ। ਡਾ. ਵਾਲੀਆ ਨੇ ਦੱਸਿਆ ਕਿ ਸ੍ਰੀ ਮਨੀਸ਼ ਕੁਮਾਰ, ਖੇਤੀਬਾੜੀ ਉੱਪ ਨਿਰੀਖਕ ਬਲਾਕ ਅਮਲੋਹ ਵੱਲੋਂ ਕਿਸਾਨ ਦੇ ਖੇਤ ਦੌਰਾ ਕੀਤਾ ਗਿਆ।ਜਿਸ ਦੌਰਾਨ ਉਨ੍ਹਾਂ ਵੱਲੋਂ ਸੁਪਰ ਸੀਡਰ ਨਾਲ ਬੀਜੇ ਜਾ ਰਹੇ ਖੇਤ ਦਾ ਨਿਰੀਖਣ ਕੀਤਾ ਗਿਆ। ਸ੍ਰੀ ਮਨੀਸ਼ ਕੁਮਾਰ ਨੇ ਦੱਸਿਆ ਕਿ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੇ ਨਾਲ ਨਾਲ ਲਗਭਗ ਹਰ ਰੋਜ 8 ਤੋਂ10 ਏਕੜ ਰਕਬੇ ਵਿੱਚ ਕਿਰਾਏ ਤੇ ਬਿਜਾਈ ਦਾ ਕੰਮ ਕਰ ਰਿਹਾ ਹੈ। ਜਿਸ ਨਾਲ ਉਸਦੀ ਆਮਦਨ ਵਿੱਚ ਵਾਧਾ ਹੋਇਆ ਹੈ।ਸ੍ਰੀ ਮਨੀਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਸੁਪਰ ਸੀਡਰ ਨਾਲ ਬਿਜਾਈ ਕਰਵਾਉਣ ਲਈ ਕਿਸਾਨਾਂ ਦੇ ਰੁਝਾਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਜਮੀਨ ਵਿੱਚ ਰਲਾਉਣ ਨਾਲ ਜਮੀਨ ਦੇ ਲਘੂ ਤੱਤ ਬਰਕਰਾਰ, ਉਪਜਾਊ ਸ਼ਕਤੀ, ਜਮੀਨ ਵਿੱਚ ਆਰਗੈਨਿਕ ਮਾਦੇ ਦੀ ਮਾਤਰਾ, ਜਮੀਨ ਦੀ ਪਾਣੀ ਜਜਬ ਕਰਨ ਦੀ ਸਮਰੱਥਾ ਵਿੱਚ ਵਾਧਾ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ।ਸ ਕਿਸਾਨ ਸਰਵਣ ਸਿੰਘ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਪਰਾਲੀ ਨੂੰ ਖੇਤਾਂ ਵਿੱਚ ਰਲ੍ਹਾ ਕੇ ਬਿਜਾਈ ਕਰਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਅਤੇ ਮਨੁੱਖੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।