Arash Info Corporation

ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਦਾ ਕੀਤਾ ਐਲਾਨ

05

November

2020

ਮਲੋਟ/ਮੁਕਤਸਰ, 5 ਨਵੰਬਰ (ਪ.ਪ)- ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਮੁਲਾਂਕਣ 18 ਨਵੰਬਰ ਤੋਂ 21 ਨਵੰਬਰ 2020 ਤੱਕ ਕੀਤਾ ਜਾਵੇਗਾ। ਇਸ ਸਬੰਧੀ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੁਖਦਰਸ਼ਨ ਸਿੰਘ ਬੇਦੀ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ-1 ਅਤੇ 2 ਕਲਾਸਾਂ ਦੇ ਬੱਚਿਆਂ ਦੇ ਵਿਕਾਸ ਨੂੰ ਜਾਣਨ ਅਤੇ ਸਮਝਣ ਲਈ ਸਾਲ ਵਿੱਚ ਤਿੰਨ ਵਾਰ ਬੱਚਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਵਾਰ ਕੋਵਿਡ-19 ਦੇ ਕਾਰਨ ਅਧਿਆਪਕਾਂ ਨੂੰ ਇਸ ਸਬੰਧ ਵਿੱਚ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਅਧਿਆਪਿਕਾਂ ਨੂੰ ਬੱਚਿਆਂ ਦਾ ਮੁਲਾਂਕਣ ਕਰਨ ਵੇਲੇ ਉਨਾਂ ਨੂੰ ਸਕੂਲ ਨਾ ਸੱਦਣ, ਟੈਲੀਫੋਨ, ਵੀਡੀਓ ਕਾਲ ਰਾਹੀਂ ਤਾਲਮੇਲ ਕਰਨ ਅਤੇ ਇੱਕ ਦਿਨ ਵਿੱਚ 15 ਬੱਚਿਆਂ ਤੋਂ ਵੱਧ ਦਾ ਮੁਲਾਂਕਣ ਨਾ ਕਰ ਲਈ ਕਿਹਾ ਗਿਆ ਹੈ । ਜਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਫ ਮੁੱਖ ਦਫਤਰ ਵੱਲੋਂ ਭੇਜੇ ਗਏ ਪ੍ਰਸ਼ਨ ਬੱਚਿਆਂ ਨੂੰ ਪੁੱਛਣ, ਨਿਰਧਾਰਤ ਪ੍ਰੋਫਾਰਮੇ ਵਿੱਚ ਸਾਰੇ ਬੱਚਿਆਂ ਦਾ ਮੁਲਾਂਕਣ ਰਿਕਾਰਡ ਕਰਨ ਅਤੇ ਬੱਚਿਆਂ ਸਬੰਧੀ ਜਾਣਕਾਰੀ ਉਨਾਂ ਦੇ ਮਾਪਿਆਂ ਨਾਲ ਸਾਕਾਰਤਮਿਕ ਤਰੀਕੇ ਨਾਲ ਸਾਂਝੀ ਕਰਨ ਦੇ ਵੀ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ । ਵਰਣਨਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਬਾਕੀ ਜਮਾਤਾਂ ਦੀ ਤਰਾਂ ਪ੍ਰੀ-ਪ੍ਰਾਇਮਰੀ ਜਮਾਤਾ ਦੇ ਬੱਚਿਆਂ ਲਈ ਵੀ ਰੋਜ਼ਮਰਾ ਦੇ ਆਧਾਰ 'ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆ ਸਲਾਈਡਾਂ ਰਾਹੀਂ ਅਤੇ ਛੋਟੀਆਂ ਵੀਡੀਓ ਤਿਆਰ ਕਰ ਕੇ ਭੇਜੀਆਂ ਜਾ ਰਹੀਆਂ ਹਨ ।