ਪਟਾਕਿਆਂ ਦੇ ਗੋਦਾਮ ਵਿੱਚ ਧਮਾਕਾ; ਤਿੰਨ ਹਲਾਕ, ਦਰਜਨ ਜ਼ਖ਼ਮੀ

04

November

2020

ਗੋਰਖਪੁਰ(ਉੱਤਰ ਪ੍ਰਦੇਸ਼): 4 ਨਵੰਬਰ- ਕੁਸ਼ੀਨਗਰ ਜ਼ਿਲ੍ਹੇ ਦੇ ਕਪਤਾਨਗੰਜ ਇਲਾਕੇ ਵਿੱਚ ਗੈਰਕਾਨੂੰਨੀ ਪਟਾਕਾ ਗੋਦਾਮ ਵਿੱਚ ਹੋਏ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ। ਪੁਲੀਸ ਅਨੁਸਾਰ ਕੁਸ਼ੀਨਗਰ ਵਿੱਚ ਕਪਤਾਨਗੰਜ ਥਾਣੇ ਅਧੀਨ ਆਉਂਦਾ ਵਾਰਡ ਨੰ.11 ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਜਾਵੇਦ ਨੇ ਆਪਣੇ ਘਰ ਵਿੱਚ ਪਟਾਕਿਆਂ ਦਾ ਗੈਰਕਾਨੂੰਨੀ ਗੋਦਾਮ ਬਣਾਇਆ ਹੋਇਆ ਸੀ। ਅੱਜ ਸਵੇਰੇ ਘਰ ਵਿਚ ਪਏ ਐਲਪੀਜੀ ਸਿਲੰਡਰ ਵਿੱਚ ਅੱਗ ਲਗ ਗਈ, ਜਿਸ ਨਾਲ ਧਮਾਕਾ ਹੋਇਆ ਤੇ ਜਾਵੇਦ ਦੇ ਘਰ ਸਮੇਤ ਆਲੇ ਦੁਆਲੇ ਦੇ ਘਰਾਂ ਵਿੱਚ ਅੱਗ ਲਗ ਗਈ। ਪੁਲੀਸ ਅਨੁਸਾਰ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਪਛਾਣ ਨਾਜੀਆ(14), ਜਾਵੇਦ(35) ਅਤੇ ਜਾਵੇਦ ਦੀ ਮਾਂ ਫਾਤਿਮਾ(65)ਵਜੋਂ ਹੋਈ ਹੈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।