ਲੋਕ ਇਨਸਾਫ਼ ਪਾਰਟੀ ਮਨਾਏਗੀ ‘ਕਾਲੀ’ ਦੀਵਾਲੀ

16

October

2018

ਲੁਧਿਆਣਾ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਮੈਂਬਰ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਜਦ ਤੱਕ ਫੜੇ ਨਹੀਂ ਜਾਣਗੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਹ ਅੱਜ ਪਾਰਟੀ ਵਰਕਰਾਂ ਦੇ ਨਾਲ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਮਾਰੇ ਗਏ ਦੋਵਾਂ ਨੌਜਵਾਨਾਂ ਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਦਾ, ਬਰਗਾੜੀ ਵਿੱਚ ਸਿੱਖ ਸੰਗਤ ਵੱਲੋਂ ਦਿੱਤਾ ਜਾ ਰਿਹਾ ਧਰਨਾ ਉਸੇ ਤਰ੍ਹਾਂ ਜਾਰੀ ਰਹੇਗਾ। ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਸ ਵਾਰ ਕਾਲੀ ਦੀਵਾਲੀ ਮਨਾਏਗੀ ਅਤੇ ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਇਸ ਵਾਰ ਕਾਲੀ ਦੀਵਾਲੀ ਮਨਾ ਕੇ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਦੋਸ਼ੀਆਂ ਨਾਲ ਮਿਲੀ ਹੋਈ ਹੈ। ਇਸ ਦੌਰਾਨ ਉਨ੍ਹਾਂ ਸੂਬੇ ਭਰ ਤੋਂ ਆਏ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਸਮੇਤ ਵਰਕਰਾਂ ਨਾਲ ਮੀਟਿੰਗ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਲਾਹ ਮਸ਼ਵਰਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਤੇ ਸਮਾਂ ਆਉਣ ’ਤੇ ਪਾਰਟੀ ਆਪਣੀ ਯੋਜਨਾ ਬਾਰੇ ਖੁਲਾਸਾ ਕਰੇਗੀ। ਇਸ ਦੌਰਾਨ ਸੀਨੀਅਰ ਆਗੂ ਜਸਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਚੱਕ, ਜਤਿੰਦਰ ਪਾਲ ਸਿੰਘ ਸਲੂਜਾ, ਜਸਵਿੰਦਰ ਸਿੰਘ ਲਾਟੀ, ਪ੍ਰਧਾਨ ਬਲਦੇਵ ਸਿੰਘ, ਕੁਲਦੀਪ ਸਿੰਘ ਪੱਡਾ, ਜਗਦੀਪ ਸਿੰਘ ਕਾਲਾ ਘਟੱਦੀ, ਜਸਵੰਤ ਸਿੰਘ ਗੱਜਣਮਾਜਰਾ, ਰਣਜੀਤ ਸਿੰਘ ਬਿੱਟੂ ਘਟੌੜੇ, ਪ੍ਰਦੀਪ ਸ਼ਰਮਾ, ਹਰਵਿੰਦਰ ਸਿੰਘ ਕਲੇਰ, ਕੁਲਦੀਪ ਸਿੰਘ ਬਿੱਟਾ, ਸਵਰਨਦੀਪ ਸਿੰਘ ਚਾਹਲ, ਹਰਜੋਤ ਸਿੰਘ ਖਾਲਸਾ ਆਦਿ ਮੌਜੂਦ ਸਨ।