ਜਰੂਰੀ ਹੈ ਪਿੰਡਾਂ ਵਿੱਚ ਖੇਡ ਦੇ ਖੁੱਲ੍ਹੇ ਮੈਦਾਨ ਹੋਣੇ

04

November

2020

ਅਸੀਂ ਸਾਰੇ ਇੱਕ ਗੱਲ ਆਮ ਹੀ ਸੁਣਦੇ ਹਾਂ ਕਿ ਬਹੁਤਾਂਤ ਲੜਕੇ ਪੜਾਈ ਲਿਖਾਈ ਵਿੱਚ ਲੜਕੀਆਂ ਦੇ ਮੁਕਾਬਲੇ ਘੱਟ ਹੀ ਦਿਲਚਸਪੀ ਰੱਖਦੇ ਹਨ । ਸ਼ਾਇਦ ਇਹੀ ਕਾਰਣ ਹੈ ਕਿ ਲੜਕਿਆਂ ਦੀ ਜਿਆਦਾ ਦਿਲਚਸਪੀ ਖੇਡਾਂ ਵਿੱਚ ਹੁੰਦੀ ਹੈ । ਜਿਥੋਂ ਤੱਕ ਮੈਨੂੰ ਲੱਗਦਾ ਹੈ ਪਰਮਾਤਮਾ ਨੇ ਹਰ ਇੱਕ ਵਿਅਕਤੀ ਵਿੱਚ ਕੋਈ ਨਾ ਕੋਈ ਖਾਸ ਗੁਣ ਜਰੂਰ ਪਾਇਆ ਹੁੰਦਾ ਹੈ। ਬਤੌਰ ਅਧਿਆਪਕਾਂ ਮੈ ਅਜਿਹੇ ਬਹੁਤ ਸਾਰੇ ਵਿਦਿਆਰਥੀ ਦੇਖੇ ਹਨ ਜੋ ਪੜਾਈ ਵਿੱਚ ਤਾਂ ਭਾਵੇਂ ਕਮਜ਼ੋਰ ਹੋਣ ਪਰ ਵੱਖਰੀਆਂ ਵੱਖਰੀਆਂ ਖੇਡਾਂ ਵਿੱਚ ਉਹਨਾਂ ਦਾ ਪ੍ਰਦਰਸ਼ਨ ਕਾਬਿਲੇਤਾਰੀਫ ਹੁੰਦਾ ਹੈ । ਅੱਜ ਦੇ ਸਮੇਂ ਵਿੱਚ ਖੇਡਾਂ ਦਾ ਪੱਧਰ ਬਹੁਤ ਉੱਚਾ ਹੋ ਚੁਕਿਆ ਹੈ । ਬਹੁਤ ਸਾਰੇ ਨਿੱਜੀ ਸਕੂਲਾਂ ਵਿੱਚ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਵਿਦਿਆਰਥੀਆਂ ਲਈ ਅਧੁਨਿਕ ਤਕਨੀਕਾਂ ਨਾਲ ਲੈਸ ਖੇਡ ਮੈਦਾਨ ਆਦਿ ਮੁਹਈਆ ਕਰਵਾਏ ਗਏ ਹਨ। ਪਰ ਜੇਕਰ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਵੱਲ ਦੇਖਿਆ ਜਾਵੇ ਤਾਂ ਉਹਨਾਂ ਕੋਲ ਨਾ ਤਾਂ ਵਧੀਆ ਕੋਚ, ਨਾ ਖੇਡ ਸਮਾਨ , ਨਾ ਵਧੀਆ ਖੇਡ ਮੈਦਾਨ ਹੁੰਦੇ ਹਨ। ਇਹਨਾਂ ਕੁਝ ਕਾਰਣਾ ਕਰਕੇ ਬਹੁਤ ਸਾਰੇ ਹੋਣਹਾਰ ਖਿਡਾਰੀਆਂ ਦਾ ਹੁਨਰ ਦੱਬਿਆ ਹੀ ਰਹਿ ਜਾਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸਦਾ ਕੀ ਹੱਲ ਹੋ ਸਕਦਾ ਹੈ? ਮੌਜੂਦਾ ਹਲਾਤਾਂ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਸਾਡੀਆਂ ਸਰਕਾਰਾਂ ਕੋਲੋ ਵੈਸੇ ਤਾਂ ਕੋਈ ਵੀ ਆਸ ਰੱਖਣੀ ਬੇਅਰਥ ਹੈ, ਪਰ ਫਿਰ ਵੀ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਕੀ ਹਰ ਇੱਕ ਪਿੰਡ ਵਿੱਚ ਖੇਡ ਮੈਦਾਨ ਹੈ? ਕੀ ਪਿੰਡ ਦੀ ਨੋਜਵਾਨ ਪੀੜੀ ਕੋਲ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਉਹ ਆਪਣੀ ਸਰੀਰਕ ਕਸਰਤ ਕਰ ਸਕਣ। ਭਾਵੇਂ ਅੱਜਕੱਲ ਹਰ ਪਿੰਡ ਦੇ ਵਿੱਚ ਜਾਂ ਨਜ਼ਦੀਕ ਜਿੰਮ ਖੁੱਲੇ ਹੋਏ ਹਨ, ਪਰ ਮੈਨੂੰ ਨਹੀਂ ਲੱਗਦਾ ਕਿ ਹਰ ਕਿਸਾਨ ਦੇ ਪੁੱਤ ਕੋਲ ਏਨੇ ਪੈਸੇ ਹਨ ਕਿ ਉਹ ਸਰੀਰਕ ਕਸਰਤ ਲਈ ਜਿਮ ਜਾ ਸਕਣ। ਇਸ ਲਈ ਸਰਕਾਰਾਂ ਨੂੰ ਜਾਂ ਖੇਡ ਵਿਭਾਗਾਂ ਨੂੰ ਹਰ ਪਿੰਡ ਵਿੱਚ ਖੇਡ ਮੈਦਾਨ ਦੀ ਹੋਂਦ ਨੂੰ ਯਕੀਨੀ ਬਣਾਉਣਾ ਪਵੇਗਾ। ਜੇਕਰ ਹਰ ਪਿੰਡ ਵਿੱਚ ਖੇਡ ਮੈਦਾਨ ਮੋਜੂਦ ਹੋਵੇਗਾ ਤਾਂ ਇਸ ਦੇ ਬਹੁਤ ਸਾਰੇ ਲਾਭ ਹੋ ਸਕਦੇ ਹਨ, ਜਿਵੇਂ ਕਿ ਨੋਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਹੋਵੇਗੀ, ਨੌਜਵਾਨ ਵਿਹਲਾ ਸਮਾਂ ਬਿਤਾਉਣ ਜਾਂ ਮੋਬਾਇਲ ਉੱਤੇ ਸਮਾਂ ਬਿਤਾਉਣ ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹਨ। ਨੋਜਵਾਨ ਵਰਗ ਮਾੜੀ ਸੰਗਤ ਤੋਂ ਦੂਰ ਰਹਿਣਗੇ ਅਤੇ ਖੇਡ ਦੇ ਮੈਦਾਨ ਵਿੱਚ ਇੱਕ ਦੂਸਰੇ ਨਾਲ ਮਿਲ ਕੇ ਰਹਿਣ ਨਾਲ ਭਾਈਚਾਰੇ ਦੀ ਸਾਂਝ ਵੀ ਵਧੇਗੀ। ਨੋਜਵਾਨ ਖਿਡਾਰੀਆਂ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਉਤਪੰਨ ਹੋਵੇਗੀ, ਜਿਸ ਨਾਲ ਉਹ ਮਿਹਨਤ ਕਰਨਗੇ ਅਤੇ ਇੱਕ ਚੰਗੇ ਖਿਡਾਰੀ ਉੱਭਰ ਕੇ ਬਾਹਰ ਆਉਣਗੇ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਲਾਭਾਂ ਨੂੰ ਮੱਦੇਨਜ਼ਰ ਰੱਖਦੇ ਹੋਏ , ਸਰਕਾਰਾਂ ਨੂੰ ਹਰ ਪਿੰਡ ਵਿੱਚ ਇੱਕ ਖੇਡ ਮੈਦਾਨ ਯਕੀਨੀ ਬਣਾਇਆ ਜਾਵੇ। ਇਸ ਗੱਲ ਨੂੰ ਰੱਖਣ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗੀ ਕਿ ਬਹੁਤ ਵਾਰ ਕਈ ਮੰਤਰੀਆਂ ਜਾਂ ਖੇਡ ਵਿਭਾਗਾਂ ਦੁਆਰਾ ਪਿੰਡਾਂ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕਈ ਗਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਉਹ ਖੇਡਾਂ ਦੇ ਵਿਕਾਸ ਕਾਰਜਾਂ ਉੱਤੇ ਲੱਗਣ ਦੀ ਬਜਾਇ ਉਥੋਂ ਦੇ ਪੰਚਾਂ ਸਰਪੰਚਾਂ ਦੀਆਂ ਜੇਬਾਂ ਵਿੱਚ ਹੀ ਚਲੀਆਂ ਜਾਂਦੀਆਂ ਹਨ। ਜੇਕਰ ਪੰਜਾਬ ਦੇ ਹਰ ਪਿੰਡ ਵਿੱਚ ਸਾਰੀਆਂ ਖੇਡ ਸੁਵਿਧਾਵਾਂ ਨਾਲ ਭਰਪੂਰ ਖੇਡ ਮੈਦਾਨ ਹੋਣ ਤਾਂ ਬਹੁਤ ਸਾਰੇ ਹੋਣਹਾਰ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੌਕਾ ਮਿਲ ਸਕਦਾ ਹੈ। ਸੋ ਇਸ ਲਈ ਪਿੰਡਾਂ ਦੇ ਖਿਡਾਰੀਆਂ ਨੂੰ ਇੱਕ ਵਧੀਆ ਮੁਕਾਮ ਤੇ ਪਹੁੰਚਾਉਣ ਲਈ ਜਰੂਰੀ ਹੈ ਕਿ ਸਭ ਤੋਂ ਪਹਿਲਾਂ ਪਿੰਡਾਂ ਵਿੱਚ ਵਧੀਆ ਖੇਡ ਮੈਦਾਨ ਬਣਾਏ ਜਾਣ । ਸਰਕਾਰਾਂ , ਖੇਡ ਸੰਸਥਾਵਾਂ ਅਤੇ ਖੇਡ ਵਿਭਾਗਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਲਈ ਦਿੱਤੀ ਗਈ ਰਾਸ਼ੀ ਜਾਂ ਹੋਰ ਸਹੂਲਤਾਂ ਕੇਵਲ ਖੇਡਾਂ ਦੇ ਵਿਕਾਸ ਲਈ ਹੀ ਵਰਤੀਆਂ ਜਾਣ। ਹਰਕੀਰਤ ਕੌਰ ਸਭਰਾ, 9779118066