ਅਮਰੀਕਾ ’ਚ ਭਾਈਚਾਰਕ ਸਾਂਝ ’ਤੇ ਸਿਆਸਤ ਭਾਰੂ: ਰਾਸ਼ਟਰਪਤੀ ਚੋਣਾਂ ਦੌਰਾਨ ਵਿਆਪਕ ਹਿੰਸਾ ਦਾ ਖਦਸ਼ਾ; ਵ੍ਹਾਈਟ ਹਾਊਸ ਕਿਲ੍ਹੇ ਵਿੱਚ ਤਬਦੀਲ

03

November

2020

ਵਾਸ਼ਿੰਗਟਨ, 3 ਨਵੰਬਰ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਾਲੇ ਦਿਨ ਹਿੰਸਾ ਦੇ ਖਦਸ਼ੇ ਦੇ ਮੱਦੇਨਜ਼ਰ ਵ੍ਹਾਈਟ ਹਾਊਸ, ਪ੍ਰਮੁੱਖ ਵਪਾਰਕ ਖੇਤਰਾਂ ਅਤੇ ਬਾਜ਼ਾਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਗਲਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਮਹੱਤਵਪੂਰਨ ਸਰਕਾਰੀ ਅਦਾਰੇ ਹਾਈ ਅਲਰਟ ’ਤੇ ਹਨ। ਖੁਫ਼ੀਆ ਏਜੰਸੀਆਂ ਨੇ ਵ੍ਹਾਈਟ ਹਾਊਸ ਨੂੰ ਕਿਲ੍ਹੇ ਵਿੱਚ ਬਦਲ ਦਿੱਤਾ ਹੈ। ਰਾਸ਼ਟਰਪਤੀ ਦੀ ਰਿਹਾਇਸ਼ ਦੇ ਅਹਾਤੇ ਦੇ ਦੁਆਲੇ ਅਸਥਾਈ ਉੱਚੀ ਕੰਧ ਖੜ੍ਹੀ ਕਰ ਦਿੱਤੀ ਗਈ। ਚੋਣਾਂ ਤੋਂ ਪਹਿਲਾਂ ਹਿੰਸਾ ਦੇ ਡਰ ਦੇ ਮੱਦੇਨਜ਼ਰ ਵੱਡੀਆਂ ਦੁਕਾਨਾਂ ਅਤੇ ਸਟੋਰਾਂ 'ਤੇ ਸੁਰੱਖਿਆ ਲਈ ਲੱਕੜ ਦੇ ਫਰੇਮ ਲਗਾ ਦਿੱਤੇ ਗਏ ਹਨ। ਇਹ ਸਥਿਤੀ ਨਿਊ ਯਾਰਕ ਤੋਂ ਬੋਸਟਨ ਅਤੇ ਹਿਊੁਸਨ ਤੋਂ ਵਾਸ਼ਿੰਗਟਨ ਅਤੇ ਸ਼ਿਕਾਗੋ ਤੱਕ ਵੇਖੀ ਗਈ। ਅਮਰੀਕਾ ਦੀਆਂ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਭਾਈਚਾਰਕ ਵੰਡੀਆਂ ਪਾਉਣ ਵਾਲੀਆਂ ਮੰਨਿਆ ਜਾ ਰਿਹਾ ਹੈ।