ਕਰਵਾਚੌਥ ਵਾਲੇ ਦਿਨ ਕਿਵੇਂ ਕਰੋ ਸਮਾਂ ਬਤੀਤ

03

November

2020

ਸੂਰਜ ਚੜ੍ਹਨ ਤੋਂ ਲੈ ਕੇ ਚੰਦਰਮਾ ਚੜ੍ਹਨ ਤੱਕ ਮਨਾਏ ਜਾਣ ਵਾਲੇ ਤਿਉਹਾਰ ਦਾ ਨਾਂਅ ਹੈ ਕਰਵਾਚੌਥ, ਜਿਸ ਨੂੰ ਸਭ ਤੋਂ ਲੰਮਾ ਤਿਉਹਾਰ ਵੀ ਕਿਹਾ ਜਾਂਦਾ ਹੈ । ਇਸ ਦਿਨ ਹਰ ਔਰਤ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੈ । ਬਦਲਦੇ ਸਮੇਂ ਨਾਲ ਅਤੇ ਆਧੁਨਿਕਤਾ ਦੀ ਹੋੜ ਵਿਚ ਤਿਉਹਾਰਾਂ ਦੇ ਮਨਾਉਣ ਦੇ ਤਰੀਕਿਆਂ ਵਿਚ ਭਾਰੀ ਤਬਦੀਲੀ ਆਈ ਹੈ । ਪਹਿਲਾਂ ਜਿਥੇ ਇਹ ਰਸਮ-ਰਿਵਾਜ ਦੇ ਤੌਰ 'ਤੇ ਮਨਾਏ ਜਾਂਦੇ ਸਨ, ਹੁਣ ਇਹ ਉਤਸਵ ਦੀ ਤਰ੍ਹਾਂ ਮਨਾਇਆ ਜਾਂਦਾ ਹੈ । ਬਾਜ਼ਾਰ ਖੂਬ ਸਜੇ ਹੁੰਦੇ ਹਨ, ਰੌਣਕ ਦੇਖਣ ਵਾਲੀ ਹੁੰਦੀ ਹੈ ਅਤੇ ਹਰ ਕੋਈ ਆਪਣੀ ਦੁਨੀਆ ਵਿਚ ਖੋਇਆ ਹੁੰਦਾ ਹੈ । ਜਿਨ੍ਹਾਂ ਔਰਤਾਂ ਦਾ ਪਹਿਲਾ ਕਰਵਾਚੌਥ ਹੁੰਦਾ ਹੈ, ਉਨ੍ਹਾਂ ਵਿਚ ਹੋਰ ਵੀ ਜ਼ਿਆਦਾ ਉਤਸ਼ਾਹ ਹੁੰਦਾ ਹੈ । ਹੁਣ ਔਰਤਾਂ ਅਲੱਗ-ਅਲੱਗ ਤਰੀਕਿਆਂ ਨਾਲ ਆਪਣਾ ਸਮਾਂ ਬਿਤਾਉਂਦੀਆਂ ਹਨ । ਨਵੀਆਂ ਵਿਆਹੀਆਂ ਦੁਲਹਨਾਂ ਤਾਂ ਸਾਰਾ ਦਿਨ ਬਿਊਟੀ ਪਾਰਲਰ ਵਿਚ ਬਿਤਾ ਦਿੰਦੀਆਂ ਹਨ । ਪਾਰਲਰ ਦਾ ਵੀ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ, ਹਰ ਕੋਈ ਇਕ-ਦੂਜੇ ਤੋਂ ਸੁੰਦਰ ਦਿਸਣਾ ਚਾਹੁੰਦੀ ਹੈ । ਇਸ ਹੋੜ ਵਿਚ ਵੱਧ ਤੋਂ ਵੱਧ ਖਰਚ ਕੀਤਾ ਜਾਂਦਾ ਹੈ । ਇਸ ਦਿਨ ਕਰਵਾਚੌਥ ਈਵੈਂਟ ਵੀ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਐਾਟਰੀ ਫੀਸ ਰੱਖੀ ਜਾਂਦੀ ਹੈ । ਅਲੱਗ-ਅਲੱਗ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਵੇਂ ਬੈਸਟ ਡ੍ਰੈੱਸ, ਹੇਅਰ ਸਟਾਈਲ, ਮਹਿੰਦੀ, ਮੇਕਅੱਪ ਅਤੇ ਜਿਊਲਰੀ ਆਦਿ,ੂ ਜਿਸ ਦਾ ਫੈਸਲਾ ਚੁਣੇ ਹੋਏ ਜੱਜ ਕਰਦੇ ਹਨ । ਸਭ ਤੋਂ ਬਾਅਦ ਮਿਸਿਜ਼ ਕਰਵਾਚੌਥ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਅਤੇ ਜਿੱਤਣ ਵਾਲੀ ਔਰਤ ਨੂੰ ਤਾਜ ਪਹਿਨਾਇਆ ਜਾਂਦਾ ਹੈ । ਬਾਕੀ ਸਭ ਜਿੱਤਣ ਵਾਲੀਆਂ ਔਰਤਾਂ ਨੂੰ ਗਿਫਟ ਦਿੱਤੇ ਜਾਂਦੇ ਹਨ । ਇਸ ਤਰ੍ਹਾਂ ਦੇ ਈਵੈਂਟ ਵਿਚ ਸਮਾਂ ਬੀਤਣ ਦਾ ਪਤਾ ਹੀ ਨਹੀਂ ਚਲਦਾ । ਅੱਜਕਲ੍ਹ ਕਿੱਟੀ ਪਾਰਟੀ ਦਾ ਵੀ ਬਹੁਤ ਚਲਣ ਹੈ, ਬਹੁਤ ਜਗ੍ਹਾ 'ਤੇ ਇਸ ਦਿਨ ਕਰਵਾਚੌਥ ਕਿੱਟੀ ਰੱਖੀ ਜਾਂਦੀ ਹੈ, ਤੰਬੋਲਾ ਖੇਡਿਆ ਜਾਂਦਾ ਹੈ, ਖੇਡ ਜਿੱਤਣ ਵਾਲਿਆਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ । ਇਹ ਵੀ ਮਨੋਰੰਜਨ ਦਾ ਸਸਤਾ ਅਤੇ ਸਾਂਝਾ ਸਾਧਨ ਹੈ । ਕਈ ਔਰਤਾਂ ਇਸ ਦਿਨ ਆਪਣੇ ਪਰਿਵਾਰ ਨਾਲ ਧਾਰਮਿਕ ਸਥਾਨ 'ਤੇ ਜਾ ਕੇ ਅਸ਼ੀਰਵਾਦ ਲੈਣਾ ਪਸੰਦ ਕਰਦੀਆਂ ਹਨ, ਜਦੋਂ ਕਿ ਫਿਲਮ ਦੀਆਂ ਸ਼ੌਕੀਨ ਹਰ ਸਾਲ ਇਸ ਦਿਨ ਸਿਨੇਮਾ ਘਰ ਦੀ ਸ਼ੋਭਾ ਵਧਾਉਂਦੀਆਂ ਹਨ । ਇਹ ਵੀ ਸਮਾਂ ਪਾਸ ਕਰਨ ਦਾ ਵਧੀਆ ਸਾਧਨ ਹੈ, ਖਰੀਦਦਾਰੀ ਵੀ ਇਸ ਤਿਉਹਾਰ ਦਾ ਅਹਿਮ ਹਿੱਸਾ ਹੁੰਦਾ ਹੈ । ਹਰ ਕੋਈ ਵੱਧ ਤੋਂ ਵੱਧ ਖਰੀਦਦਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ । ਕੋਈ ਆਪਣੇ ਲਈ ਅਤੇ ਕੋਈ ਆਪਣੀ ਸੱਸ-ਮਾਂ ਲਈ ਤੋਹਫੇ ਖਰੀਦਦੀਆਂ ਹਨ । ਦੁਕਾਨਦਾਰ ਵੀ ਇਨ੍ਹਾਂ ਦਿਨਾਂ ਵਿਚ ਖੂਬ ਕਮਾਈ ਕਰਦੇ ਹਨ । ਸ਼ਾਮ ਨੂੰ ਕਿਸੇ ਘਰ, ਆਸ਼ਰਮ ਜਾਂ ਧਾਰਮਿਕ ਸਥਾਨ 'ਤੇ ਔਰਤਾਂ ਸਜ-ਧਜ ਕੇ ਇਕੱਠੀਆਂ ਹੁੰਦੀਆਂ ਹਨ ਅਤੇ ਰਲ ਕੇ ਕਥਾ ਸੁਣਦੀਆਂ ਹਨ । ਨੂੰ ਹਾਂ ਆਪਣੀਆਂ ਸੱਸਾਂ ਨੂੰ ਕਈ ਤਰ੍ਹਾਂ ਦੇ ਤੋਹਫ਼ੇ ਦਿੰਦੀਆਂ ਹਨ ਅਤੇ ਇਸ ਦੇ ਬਦਲੇ ਵਿਚ ਢੇਰ ਸਾਰਾ ਅਸ਼ੀਰਵਾਦ ਲੈਂਦੀਆਂ ਹਨ । ਔਰਤਾਂ ਨੂੰ ਵੀ ਇਸ ਦਿਨ ਫੇਸਬੁੱਕ, ਨੈਟ, ਵਟਸਐਪ ਆਦਿ ਚਲਾਉਣ ਦੀ ਬਜਾਏ ਆਪਣੇ ਪਰਿਵਾਰ ਨਾਲ ਮਿਲ ਕੇ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ, ਜਿਸ ਨਾਲ ਸਾਡੇ ਰਿਸ਼ਤਿਆਂ ਦੀ ਗਰਮਾਹਟ ਵਧੇਗੀ, ਅਸੀਂ ਇਕ-ਦੂਜੇ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਦੀ ਸਾਡੇ ਪਰਿਵਾਰ ਨੂੰ ਅਤੇ ਸਮਾਜ ਨੂੰ ਸਖਤ ਲੋੜ ਹੈ । ਇਸ ਕਰਕੇ ਸਾਡਾ ਵਿਰਸਾ ਸਭ ਨਾਲੋਂ ਅਮੀਰ ਹੈ । ਇਥੇ ਹਰ ਤਿਉਹਾਰ ਬੜੇ ਪਿਆਰ, ਚਾਅ, ਅਦਬ ਅਤੇ ਆਸਥਾ ਨਾਲ ਮਨਾਇਆ ਜਾਂਦਾ ਹੈ, ਜਿਸ ਦੇ ਪਿੱਛੇ ਇਕ ਪਰੰਪਰਾ ਹੈ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਅਤੇ ਇਕ ਡੋਰ ਵਿਚ ਬੰਨ੍ਹਣ ਦੀ ।