ਜੇਕਰ ਤੇਜਸਵੀ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ- ਸੰਜੇ ਰਾਓਤ

31

October

2020

ਮੁੰਬਈ, 31 ਅਕਤੂਬਰ- ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ। ਦੂਜੇ ਪੜਾਅ ਦੀ ਵੋਟਿੰਗ ਨੂੰ ਲੈ ਕੇ ਸੂਬੇ 'ਚ ਚੋਣ ਪ੍ਰਚਾਰ ਜ਼ੋਰਾਂ ਨਾਲ ਜਾਰੀ ਹੈ। ਇਸੇ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ, ਜੇਕਰ ਤੇਜਸਵੀ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ। ਨਾਲ ਹੀ ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਇਸ ਨੂੰ ਭਾਜਪਾ ਦੀ ਇਕ ਸ਼ਾਖਾ ਦੱਸਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਸੰਜੇ ਰਾਓਤ ਨੇ ਕਿਹਾ, ''ਬਿਨਾਂ ਕਿਸੇ ਸਹਾਰੇ ਦੇ ਇਕ ਨੌਜਵਾਨ, ਜਿਸ ਦੇ ਪਰਿਵਾਰ ਦੇ ਮੈਂਬਰ ਜੇਲ੍ਹ 'ਚ ਹਨ ਅਤੇ ਸੀ. ਬੀ. ਆਈ. ਤੇ ਆਈ. ਟੀ. ਵਿਭਾਗ ਉਸ ਦੇ ਪਿੱਛੇ ਹਨ, ਬਿਹਾਰ ਵਰਗੇ ਸੂਬੇ 'ਚ ਸਾਰਿਆਂ ਨੂੰ ਚੁਣੌਤੀ ਦੇ ਰਿਹਾ ਹੈ। ਜੇਕਰ ਤੇਜਸਵੀ ਯਾਦਵ ਕੱਲ੍ਹ (ਆਉਣ ਵਾਲੇ ਸਮੇਂ) ਬਿਹਾਰ ਦੇ ਮੁੱਖ ਮੰਤਰੀ ਬਣ ਗਏ ਤਾਂ ਮੈਨੂੰ ਹੈਰਾਨੀ ਨਹੀਂ ਹੋਵੇਗੀ।'' ਉਨ੍ਹਾਂ ਅੱਗੇ ਕਿਹਾ, ''ਮੈਂ ਉਸ ਲੜਕੇ (ਤੇਜਸਵੀ ਯਾਦਵ) ਨੂੰ ਬਹੁਤ ਸਾਲਾਂ ਤੋਂ ਫਾਲੋ ਕਰ ਰਿਹਾ ਹਾਂ, ਬਹੁਤ ਲੋਕ ਮੰਨਦੇ ਸਨ ਕਿ ਇਨ੍ਹਾਂ ਚੋਣਾਂ 'ਚ ਉਹ ਕਮਜ਼ੋਰ ਕੜੀ ਹੈ ਪਰ ਉਹ ਇਕ ਬਹੁਤ ਮਜ਼ਬੂਤ ਕੜੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਸੂਬਿਆਂ 'ਚ ਵੱਡੇ ਨੇਤਾਵਾਂ ਦੇ ਜਿਹੜੇ ਲੜਕੇ ਸਿਆਸਤ 'ਚ ਆਏ ਹਨ, ਉਨ੍ਹਾਂ 'ਚੋਂ ਸਭ ਤੋਂ ਸੁਪਰ ਤੇਜਸਵੀ ਹੈ।'' ਚੋਣ ਪ੍ਰਚਾਰ ਦੌਰਾਨ ਬਿਹਾਰ 'ਚ ਭਾਜਪਾ ਦੇ ਕੋਰੋਨਾ ਵੈਕਸੀਨ ਦੇ ਵਾਅਦੇ ਨੂੰ ਚੋਣ ਉਲੰਘਣਾ ਨਾ ਮੰਨਣ ਵਾਲੇ ਚੋਣ ਕਮਿਸ਼ਨ ਦੇ ਬਿਆਨ 'ਤੇ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਭਾਜਪਾ ਦੀ ਇਕ ਸ਼ਾਖਾ ਹੈ, ਇਸ ਲਈ ਤੁਸੀਂ ਉਸ ਕੋਲੋਂ ਕੋਈ ਵੀ ਉਮੀਦ ਨਹੀਂ ਕਰ ਸਕਦੇ।