ਮੁਸ਼ਕਿਲ ਸਮਾਂ ਦਿਖਾਉਂਦਾ ਹੈ ਰਿਸ਼ਤਿਆਂ ਦੇ ਅਸਲੀ ਚਿਹਰੇ

29

October

2020

ਜ਼ਿੰਦਗੀ ਵਿੱਚ ਚੰਗੇ ਬੁਰੇ ਆਉਂਦੇ ਜਾਂਦੇ ਰਹਿੰਦੇ ਹਨ।ਜਿੰਦਾ ਇਨਸਾਨ ਨੂੰ ਹਜਾਰਾਂ ਮੁਸ਼ਕਿਲਾਂ ,ਮੁਸੀਬਤਾਂ ਦਾ ਸਾਮ੍ਹਣਾ ਸਾਰੀ ਜ਼ਿੰਦਗੀ ਕਰਨਾ ਹੀ ਪੈਂਦਾ ਹੈ। ਪਰ ਅਸੀਂ ਸਭ ਦੇਖਦੇ ਹੀ ਹਾਂ ਕਿ ਜਦੋਂ ਸਾਡੇ ਚੰਗੇ ਦਿਨ ਚੱਲ ਰਹੇ ਹੁੰਦੇ ਹਨ ਤਾਂ ਬਹੁਤ ਸਾਰੇ ਰਿਸ਼ਤੇ ਤੇ ਦੋਸਤ ਸਾਡੇ ਆਸ ਪਾਸ ਮੰਡਰਾਉਂਦੇ ਰਹਿੰਦੇ ਹਨ। ਹਰ ਕੋਈ ਸਾਡਾ ਹਾਲ ਚਾਲ ਪੁੱਛਦਾ ਰਹਿੰਦਾ ਹੈ।ਫੋਨ ਵੀ ਆਉਂਦੇ ਰਹਿੰਦੇ ਹਨ। ਪਰ ਜਿਵੇਂ ਹੀ ਸਾਡਾ ਬੁਰਾ ਸਮਾਂ ਸ਼ੁਰੂ ਤਾਂ ਬਹੁਤ ਸਾਰੇ ਰਿਸ਼ਤੇ ਭਲਾ ਉਹ ਸਾਡੇ ਬਹੁਤ ਨਜ਼ਦੀਕੀ ਤੇ ਖੂਨ ਦੇ ਰਿਸ਼ਤੇ ਹੀ ਹੋਣ,ਇਕਦਮ ਗਾਇਬ ਹੋਣ ਲਗਦੇ ਹਨ।ਕਈ ਤਾਂ ਤੁਹਾਨੂੰ ਟੁੱਟਦੇ ਦੇਖਕੇ ਖੁਸ਼ ਵੀ ਹੁੰਦੇ ਹਨ।ਜਿਵੇਂ ਉਹ ਸਿਰਫ ਇਸ ਦਿਨ ਦੀ ਹੀ ਉਡੀਕ ਕਰ ਰਹੇ ਹੋਣ।ਇਥੋਂ ਇਹ ਗੱਲ ਪਤਾ ਚਲ ਜਾਂਦੀ ਹੈ ਕਿ ਉਹਨਾਂ ਵਿਚ ਕਿੰਨੀ ਈਰਖਾ ਸੀ। ਬੁਰੇ ਦਿਨਾਂ ਦਾ ਵੀ ਬਹੁਤ ਫਾਇਦਾ ਹੁੰਦਾ ਹੈ।ਜੋ ਲੋਕ ਤੁਹਾਨੂੰ ਉਪਰੋ ਉੱਪਰੋ ਤੁਹਾਡੇ ਹੋਣ ਦਾ ਦਿਖਾਵਾ ਕਰਦੇ ਰਹਿੰਦੇ ਸਨ,ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਸੱਚੀ ਮੁੱਚੀ ਆਪਣੇ ਹਨ ਜਾਂ ਨਹੀਂ ।ਸਮਝਦਾਰ ਇਨਸਾਨ ਇਸ ਤਰ੍ਹਾਂ ਦੇ ਲੋਕਾਂ ਕੋਲੋ ਹਮੇਸ਼ਾਂ ਲਈ ਕਿਨਾਰਾ ਕੇ ਲੈਂਦੇ ਹਨ, ਪਰ ਕਈ ਭੋਲੇ ਲੋਕ ਵਾਰ ਵਾਰ ਐਸੇ ਲੋਕਾਂ ਤੇ ਯਕੀਨ ਕਰ ਕਰ ਕੇ ,ਵਾਰ ਵਾਰ ਧੋਖੇ ਠੱਗੀਆਂ ਖਾਂਦੇ ਰਹਿੰਦੇ ਹਨ।ਅਜਿਹੇ ਲੋਕਾਂ ਨੂੰ ਮੁਸੀਬਤ ਸਮੇਂ ਫੋਨ ਵੀ ਕੀਤਾ ਜਾਵੇ ਤਾਂ ਉਹ ਚੁੱਕਦੇ ਨਹੀਂ ਹਨ। ਜਾਂ ਫਿਰ ਕਿਧਰੇ ਦੂਰ ਗਏ ਹੋਣ ਦਾ ਬਹਾਨਾ ਬਣਾ ਦਿੰਦੇ ਹਨ।ਰਿਸ਼ਤਿਆਂ ਦੀ ਕਸਵੱਟੀ ਤੇ ਕੋਈ ਵਿਰਲਾ ਹੀ ਖਰਾ ਉੱਤਰਦਾ ਹੈ।ਕਹਿਣ ਨੂੰ ਇਨਸਾਨ ਦੇ ਆਸ ਪਾਸ ਹਜ਼ਾਰਾਂ ਹੀ ਲੋਕ ਰਹਿੰਦੇ ਹਨ। ਮੁਸੀਬਤਾਂ ਤਾਂ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਇਮਤਿਹਾਨ ਹੁੰਦੀਆਂ ਹਨ ਅਤੇ ਜੇਕਰ ਤੁਹਾਡੇ ਆਸ ਪਾਸ ਸਵਾਰਥੀ ਰਿਸ਼ਤਿਆਂ ਦਾ ਘੇਰਾ ਹੈ ਤਾਂ ਫਿਰ ਤਾਂ ਰੱਬ ਹੀ ਰਾਖਾ।ਸਵਾਰਥੀ ਰਿਸ਼ਤਿਆਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਉਹਨਾਂ ਨੂੰ ਤੁਹਾਡੇ ਕੋਲੋ ਪੈਸੇ ਦੀ ਲੋੜ ਹੁੰਦੀ ਹੈ ਤੇ ਓਦੋ ਹੀ ਤੁਹਾਡੀ ਯਾਦ ਆਉਂਦੀ ਹੈ।ਅੱਗੋ ਪਿੱਛੋ ਨਹੀਂ।ਅਜਿਹੇ ਲੋਕਾਂ ਦਾ ਇੱਕ ਹੀ ਇਲਾਜ਼ ਕਿ ਓਹਨਾਂ ਕੋਲੋ ਬਸ ਦੂਰ ਹੋ ਜਾਓ।ਮੁਸੀਬਤ ਦੇ ਚਲੀ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਮੂੰਹ ਨਾ ਦੇਖੋ।