ਹਮਸਫਰ ਹੋਣ ਦੇ ਅਸਲ ਅਰਥ

28

October

2020

ਖੁਸ਼ਗਵਾਰ ਜ਼ਿੰਦਗੀ ਕੌਣ ਨਹੀਂ ਚਾਹੁੰਦਾ ਪ੍ਰੰਤੂ ਅਸੀਂ ਖੁਸ਼ਗਵਾਰ ਜ਼ਿੰਦਗੀ ਜਿਉਣ ਲਈ ਕਿੰਨੇ ਕੁ ਯਤਨ ਕਰਦੇ ਹਾਂ ਅਸੀਂ ਇਹ ਕਦੇ ਸੋਚਿਆ ਹੀ ਨਹੀਂ। ਤਰੱਕੀ ਕਰਨਾ ਖੁਸ਼ਗਵਾਰ ਜ਼ਿੰਦਗੀ ਬਤੀਤ ਕਰਨ ਵਿੱਚ ਸਹਾਇਕ ਸਿੱਧ ਨਹੀਂ ਹੁੰਦਾ ਸਗੋਂ ਆਪਣਿਆਂ ਪਰਾਇਆਂ ਨੂੰ ਹਰ ਹੀਲੇ ਖੁਸ਼ ਰੱਖਣ ਨਾਲ ਹੀ ਜ਼ਿੰਦਗੀ ਹਸੀਨ ਹੋ ਸਕਦੀ ਹੈ। ਆਪਣੇ-ਪਰਾਏ ਦਾ ਅੰਤਰ ਤਾਂ ਸਭ ਜਾਣਦੇ ਹਨ ਪਰ ਪਰਾਏ ਵਿੱਚੋਂ ਆਪਣਾ-ਆਪ ਤਲਾਸ਼ਣ ਵੇਲੇ ਹਮਸਾਏ ਬਣਨਾ ਪੈਂਦਾ ਹੈ। ਚੱਕੀ ਦੇ ਦੋ ਪੁੜ੍ਹ ਹੁੰਦੇ ਹਨ ਜੇਕਰ ਉਹ ਆਪਸ ਵਿੱਚ ਨਾ ਰਗੜਨ ਤਾਂ ਆਟਾ ਨਹੀਂ ਪਿਸ ਸਕਦਾ ਇਵੇਂ ਹੀ ਜ਼ਿੰਦਗੀ ਵਿੱਚ ਹਮਸਫਰ ਦੀ ਭੂਮਿਕਾ ਹੁੰਦੀ ਹੈ। ਜ਼ਿੰਦਗੀ ਦੇ ਪੰਧ ਨੂੰ ਸਰ ਕਰਨ ਲਈ ਅਸੀਂ ਕਿਸੇ ਹਮਸਫਰ ਦੇ ਨਾ ਹੋਏ ਤਾਂ ਸਾਡਾ ਜੀਵਨ ਵਿਅਰਥ ਹੈ। ਜ਼ਿੰਦਗੀ ਆਪਣੀ ਤੋਰ ਤੁਰਦੀ ਜਾਂਦੀ ਹੈ ਪ੍ਰੰਤੂ ਜੇਕਰ ਜ਼ਿੰਦਗੀ ਵਿੱਚ ਕੋਈ ਹਮਸਾਇਆ ਬਣ ਕੇ ਆ ਜਾਵੇ ਤਾਂ ਜ਼ਿੰਦਗੀ ਖੁਸ਼ਨੁਮਾ ਬਣ ਉੱਠਦੀ ਹੈ। ਹਰ ਮਨੁੱਖ ਦੀ ਜ਼ਿੰਦਗੀ ਵਿੱਚ ਉਸ ਦਾ ਕੋਈ ਨਾ ਕੋਈ ਹਮਸਫਰ ਦੋਸਤ ਹੁੰਦਾ ਹੈ ਅਜਿਹਾ ਦੋਸਤ ਜਿਸ ਨਾਲ ਕਈ ਵਾਰੀ ਉਸ ਦਾ ਅੰਦਰੂਨੀ ਹਕੀਕੀ ਰਿਸ਼ਤਾ ਜੁੜ ਜਾਂਦਾ ਹੈ ਜਾਂ ਕਈ ਵਾਰ ਉਹ ਸਮਾਜਿਕ ਬੰਧਨਾਂ ਵਿੱਚ ਬੱਝ ਕੇ ਕਿਸੇ ਰਿਸ਼ਤੇ ਨੂੰ ਅੰਜ਼ਾਮ ਦੇ ਦਿੰਦੇ ਹਨ। ਦੋਸਤੀ ਕਦੋਂ ਹਮਸਫਰ ਦੇ ਰੂਪ ਵਿੱਚ ਬਦਲ ਜਾਵੇ ਇਸ ਲਈ ਕੋਈ ਕਿਆਸਅਰਾਈ ਨਹੀਂ ਲਗਾਈ ਜਾ ਸਕਦੀ। ਹਮਦਰਦ-ਹਮਸਫਰ-ਹਮਸਾਇਆ ਜਿਹੇ ਸ਼ਬਦ ਇੱਕੋ ਅਰਥ ਦੀ ਪ੍ਰੋੜਤਾ ਕਰਨ ਵਾਲੇ ਹਨ ਭਾਵ ਕਿ ਦਿਲਾਂ ਦੀਆਂ ਜਾਣਨ ਵਾਲਾ ਤੁਹਾਡਾ ਸਾਥ ਨਿਭਾਉਣ ਵਾਲਾ ਤੁਹਾਡੇ ਹਰ ਦਰਦ ਨੂੰ ਆਪਣਾ ਸਮਝਣ ਵਾਲਾ। ਹਮਦਰਦ ਜ਼ਿੰਦਗੀ ਦਾ ਹਮਸਾਇਆ ਹੁੰਦੇ ਹਨ ਉਨ੍ਹਾਂ ਨੂੰ ਸਮਾਜਿਕ ਬੰਧਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਕੂੜ-ਕੁਸੱਤ ਤੋਂ ਹਮੇਸ਼ਾ ਦੂਰ ਹੀ ਰਹਿੰਦੇ ਹਨ। ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਹਮਸਫਰ ਸਾਹਮਣੇ ਹੀ ਪੇਸ਼ ਕਰ ਸਕਦੇ ਹਾਂ ਕਿਉਂਕਿ ਉਸ ਨੂੰ ਤੁਹਾਡੀਆਂ ਭਾਵਨਾਵਾਂ ਨੂੰ ਸਮਝਣ ਦੀ ਯੋਗਤਾ ਹੁੰਦੀ ਹੈ। ਸਮਾਜਿਕ ਰਿਸ਼ਤਿਆਂ ਤੇ ਝਾਤ ਮਾਰੀਏ ਤਾਂ ਪਤੀ-ਪਤਨੀ ਦੇ ਰਿਸ਼ਤੇ ਵਿੱਚੋਂ ਹਮਸਾਇਆ ਤਲਾਸ਼ਣਾ ਕੋਈ ਬਹੁਤੀ ਔਖੀ ਗੱਲ ਨਹੀਂ । ਪਰਿਵਾਰ ਵਿੱਚ ਰਹਿੰਦੇ ਪਤੀ-ਪਤਨੀ ਇੱਕ ਦੂਜੇ ਦੇ ਪੂਰਕ ਵਜੋਂ ਹੀ ਵਿਚਰਦੇ ਨਹੀਂ ਦੇਖੇ ਜਾ ਸਕਦੇ ਸਗੋਂ ਇਸ ਤੋਂ ਅਗਾਂਹ ਉਹ ਇੱਕ ਦੂਜੇ ਦੇ ਹਰ ਪਲ ਦੁੱਖ ਦਰਦ ਨੂੰ ਸਮਝਣ ਵਾਲੇ ਵੀ ਹੁੰਦੇ ਹਨ। ਹਮਸਫਰ ਸਾਏ ਵਾਂਗਰਾਂ ਹੁੰਦਾ ਹੈ ਉਹ ਸਦਾ ਸਾਥ ਨਿਭਾਉਂਦਾ ਹੈ ਅਤੇ ਛਾਂਦਾਰ ਰੁੱਖ ਵਾਂਗ ਹਰ ਪਲ ਧੁੱਪ ਵਿੱਚ ਛਾਂ ਕਰਦਾ ਹੈ। ਕਿਸ਼ਤੀ ਦੇ ਚੱਪੂ ਵਾਂਗ ਮੁਸ਼ਕਿਲ ਦੌਰ ਨੂੰ ਪਾਰ ਕਰਨ ਵਿੱਚ ਸਾਡਾ ਮਦਦਗਾਰ ਹੋ ਨਿੱਬੜਦਾ ਹੈ। ਮਸ਼ੀਨੀ ਯੁੱਗ ਵਿੱਚ ਅਸੀਂ ਇੱਕ ਦੂਜੇ ਤੋਂ ਆਪਣੀਆਂ ਸਮਾਜਿਕ ਅਤੇ ਨਿੱਜੀ ਲੋੜਾਂ ਦੀ ਪੂਰਤੀ ਦੀ ਆਸ ਕਰਦੇ ਹਾਂ ਕਦੇ ਇਹ ਨਹੀਂ ਸੋਚਦੇ ਕਿ ਕਿਉਂ ਨਾ ਸਮਾਜਿਕ ਕਦਰਾਂ-ਕੀਮਤਾਂ ਦੀ ਕਦਰ ਕਰਦੇ ਹੋਏ ਕਿਸੇ ਵੀ ਸਮਾਜਿਕ ਪ੍ਰਾਣੀ ਲਈ ਹਮਸਾਇਆ ਬਣ ਕੇ ਨਿੱਤਰੀਏ ਤਾਂ ਕਿ ਸਾਡੇ ਮਨੁੱਖ ਹੋਣ ਦਾ ਅਹਿਸਾਸ ਕੇਵਲ ਤੇ ਕੇਵਲ ਕਿਤਾਬੀ ਹੀ ਨਾ ਰਹਿ ਜਾਵੇ। ਲੋੜਵੰਦ ਨੂੰ ਜਦੋਂ ਕੋਈ ਲੋੜ ਹੋਵੇ ਤਾਂ ਉਹ ਕਿਸੇ ਅਜਿਹੇ ਦਰ ਦੀ ਭਾਲ ਕਰਦਾ ਹੈ ਕਿ ਜਿੱਥੋਂ ਉਸ ਦੀ ਲੋੜ ਪੂਰੀ ਹੋ ਸਕੇ। ਜੇਕਰ ਕੋਈ ਫਰਿਸ਼ਤਾ ਉਸ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਉਸ ਦਾ ਅਹਿਸਾਨਮੰਦ ਹੋਣ ਦਾ ਅਹਿਸਾਸ ਜ਼ਰੂਰ ਕਰਨਾ ਚਾਹੀਦਾ ਹੈ ਚਲੋ ਜੇਕਰ ਉਹ ਇਹ ਅਹਿਸਾਸ ਮਨ ਵਿੱਚ ਨਾ ਵੀ ਲਿਆਵੇ ਤਾਂ ਉਹ ਇਹ ਹੀ ਸੋਚ ਲਵੇ ਕਿ ਮੇਰੀ ਇਸ ਮੁਸ਼ਕਿਲਾਂ ਭਰੀ ਜ਼ਿੰਦਗੀ ਵਿੱਚ ਇਹੋ ਜਿਹੇ ਹਮਸਫਰ ਵੀ ਹਨ ਜਿਹੜੇ ਕਿਸੇ ਵੇਲੇ ਵੀ ਕਿਸੇ ਦਾ ਆਸਰਾ ਬਣ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹਨ। ਪਹਿਲਾ ਫਰਜ਼ ਹੈ ਇਨਸਾਨ ਹੋਣਾ ਉਸ ਤੋਂ ਬਾਅਦ ਇਨਸਾਨ ਬਣ ਕੇ ਰਹਿਣਾ ਅਤੇ ਤੀਜਾ ਹੈ ਇਨਸਾਨ ਬਣ ਕੇ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ। ਇਨਸਾਨੀਅਤ ਦੀ ਭਾਵਨਾ ਰੱਖਣ ਵਾਲੇ ਤੁਹਾਡੇ ਹਮਸਫਰ ਹੋਣ ਦਾ ਦਾਅਵਾ ਕਰ ਸਕਦੇ ਹਨ। ਆਸ ਇਹ ਹੁੰਦੀ ਹੈ ਕਿ ਸਾਡਾ ਹਮਦਰਦ ਸਾਰੀਆਂ ਚੇਸ਼ਠਾਵਾਂ ਦੀ ਪਾਲਣਾ ਕਰੇ ਪਰ ਕੋਈ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਤੁਹਾਡੀ ਭਾਵਨਾ ਨੂੰ ਕਿਸੇ ਕਾਰਨ ਵੱਸ ਨਾ ਸਮਝਣ ਵਿੱਚ ਅਸਮਰੱਥ ਹੋਵੇ। ਇਸ ਪਿੱਛੇ ਉਸ ਦਾ ਮਾਨਸਿਕ ਤਣਾਓ ਵੀ ਹੋ ਸਕਦਾ ਹੈ ਜਾਂ ਫਿਰ ਸਮਾਜ ਵਿੱਚ ਰਹਿੰਦਿਆਂ ਉਹ ਕਿਸੇ ਗਲਤਫਹਿਮੀ ਦਾ ਸ਼ਿਕਾਰ ਵੀ ਹੋ ਸਕਦਾ ਹੈ। ਕੋਸ਼ਿਸ਼ ਇਹ ਰੱਖੋ ਕਿ ਤੁਹਾਡਾ ਆਪਣੇ ਹਮਸਫਰ ਨਾਲ ਕਦੇ ਵੀ ਵਿਚਾਰਾਂ ਦਾ ਟਕਰਾਓ ਨਾ ਹੋਵੇ। ਮਨਪ੍ਰੀਤ ਕੌਰ ਚੰਬਲ ਸਿਖਿਆਰਥੀ ਸਟੈਨੋਗ੍ਰਾਫੀ (ਇੰਸ.) ਭਾਸ਼ਾ ਵਿਭਾਗ,ਪਟਿਆਲਾ ਈਮੇਲ:[email protected]