ਸ਼੍ਰੋਮਣੀ ਕਮੇਟੀ 100 ਸਾਲਾ ਸਥਾਪਨਾ ਸਮਾਗਮਾਂ ਦੀ ਰੂਪ ਰੇਖਾ ਕੀ ਹੋਵੇ?

28

October

2020

ਲੜੀ ਜੋੜਨ ਲਈ ਪਿਛਲਾ ਅੰਕ ਦੇਖੋ.... ਹੁਕਮ ਸਿੰਘ ਵਜਾਊ ਕੋਟ ਤੇ ਸਿਰ 'ਤੇ ਵੀ ਵਾਰ ਹੋਏ ਜਿਸ ਨਾ ਉਹ ਵੀ ਜ਼ਖ਼ਮੀ ਹੋ ਗਿਆ। ਮਹੰਤਾਂ ਨੇ ਕੁਝ ਆਪਣੇ ਬੰਦੇ ਜ਼ਖ਼ਮੀ ਕਰਦਿਆਂ ਬਰਾਬਰ ਦਾ ਕੇਸ ਤਿਆਰ ਕੀਤਾ। ਕੇਸ ਚਲਦਾ ਰਿਹਾ ਅਤੇ 9 ਜੁਲਾਈ 1921 ਨੂੰ ਕੇਸ ਖ਼ਾਰਜ ਕਰਦਿਆਂ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਗਿਆ। ਤਰਨ ਤਾਰਨ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਮਹੰਤਾਂ ਦੇ ਹਮਲੇ ਨਾਲ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਭਾਈ ਹਜ਼ਾਰਾ ਸਿੰਘ ਅਲਾਦੀਨ ਪੁਰ 27 ਜਨਵਰੀ 1921 ਨੂੰ ਅਤੇ ਭਾਈ ਹੁਕਮ ਸਿੰਘ ਵਜਾਊ ਕੋਟ 4 ਫਰਵਰੀ ਨੂੰ ਚੜ੍ਹਾਈ ਕਰ ਗਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਅਜ਼ਾਦ ਕਰਾਉਣ ਲਈ ਦਿੱਤੀਆਂ ਗਈਆਂ ਲਾਸਾਨੀ ਸ਼ਹਾਦਤਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ। ਗੁ: ਨਨਕਾਣਾ ਸਾਹਿਬ ਦਾ ਮਹੰਤ ਨਰੈਣੂ ਦਾਸ ਵਿਭਚਾਰੀ ਹੋ ਚੁੱਕਾ ਸੀ। ਜ: ਲਛਮਣ ਸਿੰਘ ਧਾਰੋਵਾਲੀ ਨੇ ਨਨਕਾਣਾ ਸਾਹਿਬ ਦੇ ਸੁਧਾਰ ਲਈ ਸ਼ਹੀਦੀ ਜਥਾ ਬਣਾਉਣ ਦਾ ਐਲਾਨ ਕੀਤਾ। ਮਹੰਤ ਨੇ ਵੀ ਗੁਰ: ਕਬਜ਼ੇ ਦੇ ਖਦਸ਼ੇ ਨੂੰ ਲੈ ਕੇ 400 ਬੰਦੇ ਕਠੇ ਕਰ ਲਏ। 20 ਫਰਵਰੀ 1920 ਵਾਲੇ ਦਿਨ ਜ: ਧਾਰੋਵਾਲੀ ਦਾ ਸ਼ਹੀਦੀ ਜਥਾ ਸਵੇਰ ਸਮੇਂ ਨਨਕਾਣਾ ਸਾਹਿਬ ਪੁੱਜਾ ਤਾਂ ਮਹੰਤ ਨੇ ਦਰਵਾਜ਼ਾ ਬੰਦ ਕਰਦਿਆਂ ਕਤਲੇਆਮ ਦਾ ਹੁਕਮ ਜਾਰੀ ਕਰ ਦਿੱਤਾ। ਪਲਾਂ 'ਚ ਹੀ 25-26 ਸਿੰਘ ਸ਼ਹੀਦ ਹੋ ਗਏ। ਕਤਲੇਆਮ ਉਪਰੰਤ ਹੋਏ ਦਾ ਸਸਕਾਰ ਕਰਨ ਲਈ ਇਕੱਠੀਆਂ ਕੀਤੀਆਂ ਗਈਆਂ ਤਾਂ ਇਹ 60 ਤੋਂ ਵਧੇਰੇ ਸਨ। ਜੋ ਸਿੰਘ ਗੁਰਦੁਆਰੇ ਤੋਂ ਬਾਹਰ ਕਤਲ ਕੀਤੇ ਗਏ ਉਨ੍ਹਾਂ ਨੂੰ ਨੇੜੇ ਦੇ ਇਕ ਘੁਮਿਆਰ ਦੀ ਭੱਠੀ ਵਿਚ ਸੁੱਟ ਕੇ ਸਾੜ ਦਿੱਤਾ ਗਿਆ। ਇਕ ਰਿਪੋਰਟ ਮੁਤਾਬਿਕ ਸ਼ਹੀਦਾਂ ਦੀ ਗਿਣਤੀ 168 ਸੀ। 21 ਫਰਵਰੀ ਨੂੰ ਸਰਕਾਰ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਗੁਰਦੁਆਰੇ ਦੀਆਂ ਚਾਬੀਆਂ ਸਿੱਖਾਂ ਦੀ ਕਮੇਟੀ ਨੂੰ ਸੌਂਪ ਦਿੱਤੀਆਂ। 23 ਫਰਵਰੀ ਨੂੰ ਸ਼ਹੀਦਾਂ ਦਾ ਸਮੂਹਕ ਸੰਸਕਾਰ ਕਰ ਦਿੱਤਾ ਗਿਆ। ਚਾਬੀਆਂ ਦਾ ਮੋਰਚਾ ਜਿਸ ਪ੍ਰਤੀ ਮਹਾਤਮਾ ਗਾਂਧੀ ਨੂੰ ਵੀ ਕਹਿਣਾ ਪਿਆ ਕਿ ''ਭਾਰਤ ਦੀ ਅਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ'', ਇਹ ਕਿ 7 ਨਵੰਬਰ 1921 ਨੂੰ ਸਰਕਾਰ ਨੇ ਦਰਬਾਰ ਸਾਹਿਬ ਤੋਸ਼ੇਖਾਨੇ ਦੀਆਂ ਚਾਬੀਆਂ ਇਹ ਕਹਿੰਦਿਆਂ ਲੈ ਲਈਆਂ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ। ਜਿਸ ਕਾਰਨ ਸਿੱਖਾਂ ਵਿਚ ਰੋਸ ਵਧਿਆ ਤੇ ਉਨ੍ਹਾਂ ਮੋਰਚਾ ਲਾ ਦਿੱਤਾ। ਸੰਘਰਸ਼ ਉਪਰੰਤ 19 ਜਨਵਰੀ 1922 ਨੂੰ ਡਿਸਟ੍ਰਿਕਟ ਜੱਜ ਦੇ ਨੁਮਾਇੰਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਾਬੀਆਂ ਦੀ ਥੈਲੀ ਬਾਬਾ ਖੜਕ ਸਿੰਘ ਨੂੰ ਭੇਟ ਕੀਤੀ ਜਿਸ ਨੂੰ ਸੰਗਤ ਦੀ ਮਨਜ਼ੂਰੀ ਨਾਲ ਹਾਸਲ ਕੀਤੀਆਂ ਗਈਆਂ। ਸ਼ਾਂਤਮਈ ਸੰਘਰਸ਼ ਦੀਆਂ ਕਦਰਾਂ ਕੀਮਤਾਂ ਜੇ ਕਿਸੇ ਕੌਮ ਨੇ ਵਿਸ਼ਵ ਦੇ ਸਾਹਮਣੇ ਰੱਖੀਆਂ ਤਾਂ ਉਹ ਸਿੱਖ ਕੌਮ ਹੀ ਹੈ, ਜਿਸ ਨੇ ਗੁਰੂ ਕਾ ਬਾਗ ਦਾ ਮੋਰਚੇ ਦੌਰਾਨ ਸ਼ਾਂਤਮਈ. ਸੰਘਰਸ਼ ਦੀ ਇਕ ਮਿਸਾਲ ਕਾਇਮ ਕੀਤੀ, ਅੰਮ੍ਰਿਤਸਰ ਤੋਂ ਕਰੀਬ 20 ਕਿੱਲੋਮੀਟਰ ਦੂਰ ਪਿੰਡ ਘੁਕੇਵਾਲੀ ਵਿਖੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ 'ਚ ਗੁਰਦੁਆਰੇ ਉਸਾਰੇ ਹੋਏ ਹਨ ਉਨ੍ਹਾਂ ਨਾਲ ਕਾਫੀ ਜ਼ਮੀਨ ਵੀ ਸੀ ਜੋ ਕਿ ਗੁਰੂ ਕਾ ਬਾਗ ਹੈ। ਇਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਮਹੰਤ ਤੋਂ ਅਜ਼ਾਦ ਕਰਾਉਣ ਲਈ ਮੋਰਚਾ ਲਾਇਆ ਗਿਆ ਜੋ ਕਿ ਸ਼ਾਂਤਮਈ ਪ੍ਰਦਰਸ਼ਨ ਦਾ ਸਿਖਰ ਸੀ। 31 ਅਗਸਤ ਤੋਂ ਰੋਜ਼ਾਨਾ 100 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੁੰਦਾ। ਜਿਨ੍ਹਾਂ ਨੂੰ ਪੁਲੀਸ ਵੱਲੋਂ ਰੋਕਿਆ ਜਾਂਦਾ ਅਤੇ ਲਾਠੀਆਂ ਮਾਰ ਮਾਰ ਕੇ ਬੇਹੋਸ਼ ਕਰ ਦਿੱਤਾ ਜਾਂਦਾ। ਪੁਲੀਸ ਦੀ ਕੁੱਟਮਾਰ ਤੇ ਜ਼ੁਲਮ ਦੀ ਰਿਪੋਰਟ ਦੁਨੀਆ ਭਰ ਦੀਆਂ ਅਖ਼ਬਾਰਾਂ ਵਿਚ ਛਪ ਰਹੀਆਂ ਸਨ। ਜਿਸ ਨਾਲ ਜ਼ੁਲਮ ਦੀ ਚਰਚਾ ਦੁਨੀਆ ਭਰ 'ਚ ਹੋਈ। ਇਕ ਪੜਤਾਲੀਆ ਕਮੇਟੀ ਰਿਪੋਰਟ ਮੁਤਾਬਿਕ 1656 ਸਿੱਖ ਜ਼ਖ਼ਮੀ ਹੋਏ। ਭਗਤ ਸਿੰਘ ਤੇ ਤਾਰਾ ਸਿੰਘ ਸ਼ਹੀਦ ਹੋਏ। ਅਖੀਰ 'ਚ ਸਿੱਖਾਂ ਨੇ ਮੋਰਚਾ ਫ਼ਤਿਹ ਕੀਤਾ। ਸਾਕਾ ਪੰਜਾ ਸਾਹਿਬ ਦੀ ਗਲ ਕਰੀਏ ਤਾਂ ਜਿਸ ਵਕਤ ਗੁਰੂ ਕੇ ਬਾਗ ਦਾ ਮੋਰਚਾ ਚੱਲ ਰਿਹਾ ਸੀ, ਉਸ ਵਕਤ ਗ੍ਰਿਫ਼ਤਾਰ ਸਿੰਘਾਂ ਨੂੰ ਦੂਰ ਜੇਲ੍ਹਾਂ ਵਿਚ ਭੇਜਿਆ ਜਾਣ ਲਗਾ, ਉਨ੍ਹਾਂ 'ਚੋ ਇਕ ਜਥੇ ਨੂੰ ਰਾਵਲਪਿੰਡੀ ਤੋਂ ਅਟਕ ਜੇਲ੍ਹ ਭੇਜਿਆ ਜਾ ਰਿਹਾ ਸੀ ਕਿ ਸਿੰਘਾਂ ਨੂੰ ਖ਼ਬਰ ਮਿਲੀ ਤਾਂ ਫ਼ੈਸਲਾ ਹੋਇਆ ਕਿ ਹਸਨ ਅਬਦਾਲ ਪੰਜਾ ਸਾਹਿਬ ਗੱਡੀ ਰੋਕ ਕੇ ਕੈਦੀਆਂ ਨੂੰ ਲੰਗਰ ਛਕਾਇਆ ਜਾਵੇ। 30 ਅਕਤੂਬਰ 1922 ਨੂੰ ਗੱਡੀ ਰੋਕਣ ਲਈ ਸਿੰਘ ਰੇਲਵੇ ਲਾਈਨ 'ਤੇ ਲੇਟ ਗਏ। ਰੇਲ ਕੁਝ ਸੰਗਤ 'ਤੋ ਲੰਘ ਕੇ ਰੁਕ ਗਈ। ਇਸ ਮੌਕੇ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਸ਼ਹੀਦ ਹੋਏ ਤੇ ਕਈਆਂ ਦੇ ਅੰਗ ਕੱਟੇ ਗਏ। ਨਾਭਾ ਐਜੀਟੇਸ਼ਨ ਤੋਂ ਜੈਤੋ ਦਾ ਮੋਰਚਾ ਅਕਾਲੀ ਸਿੰਘਾਂ ਦਾ ਸਾਥ ਦੇਣ ਲਈ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਸਰਕਾਰ ਦੀਆਂ ਅੱਖਾਂ ਨੂੰ ਚੁਭ ਦਾ ਰਿਹਾ। ਸਰਕਾਰ ਸਾਜ਼ਿਸ਼ ਤਹਿਤ ਉਸ ਨੂੰ ਸਤਾ ਛੱਡਣ ਲਈ ਮਜਬੂਰ ਕਰ ਰਹੀ ਸੀ ਜਿਸ ਬਾਰੇ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਜਾਣੂ ਕਰਾਇਆ। ਤੇਜਾ ਸਿੰਘ ਸਮੁੰਦਰੀ ਅਤੇ ਮਾ: ਤਾਰਾ ਸਿੰਘ ਨੇ ਮਹਾਰਾਜੇ ਨੂੰ ਅਸਤੀਫਾ ਦੇਣ ਤੋਂ ਰੋਕਿਆ, ਪਰ ਕਿਸੇ ਤਰਾਂ ਅੰਗਰੇਜ਼ ਨਾਭਾ ਦੇ ਮਹਾਰਾਜੇ ਨੂੰ ਸਤਾ ਛੱਡਣ ਲਈ ਮਜਬੂਰ ਕਰ ਦਿੱਤਾ ਤੇ ਦੇਹਰਾਦੂਨ ਭੇਜ ਦਿੱਤਾ। ਸ਼੍ਰੋਮਣੀ ਕਮੇਟੀ ਨੇ ਇਸ ਕਾਰਜ ਦੀ ਜ਼ਬਰਦਸਤ ਮੁਖ਼ਾਲਫ਼ਤ ਕੀਤੀ। ਮਹਾਰਾਜੇ ਦੀ ਬਹਾਲੀ ਅਤੇ ਨਾਭਾ ਰਿਆਸਤ ਵਿਚ ਦਾਖ਼ਲੇ ਲਈ ਸ਼੍ਰੋਮਣੀ ਕਮੇਟੀ ਨੇ ਮੋਰਚਾ ਲਾ ਦਿੱਤਾ। ਚਾਰ ਮਹੀਨੇ ਤੋਂ ਵਧ ਸਮੇਂ ਤਕ ਮੋਰਚਾ ਲਾਈ ਰੱਖਣ ਦੇ ਬਾਵਜੂਦ ਕੋਈ ਨਤੀਜਾ ਨਾ ਨਿਕਲਿਆ । ਜੱਦੋ ਜਹਿਦ ਨੂੰ ਤੇਜ਼ ਕਰਨ ਲਈ ਸ਼ਹੀਦੀ ਜਥਾ ਭੇਜਣ ਦਾ ਫ਼ੈਸਲਾ ਕੀਤਾ ਗਿਆ। 9 ਫਰਵਰੀ 1924 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥਾ ਜੈਤੋ ਲਈ ਰਵਾਨਾ ਹੋਇਆ। 21 ਫਰਵਰੀ ਨੂੰ ਜਥੇ ਜੈਤੋ ਪਹੁੰਚਿਆ ਤਾਂ ਸਰਕਾਰ ਨੇ ਫ਼ੌਜ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਜਿਸ ਨਾਲ ਦਰਜਨਾਂ ਸਿੰਘ ਸ਼ਹੀਦ ਹੋ ਗਏ ਕਈ ਜ਼ਖ਼ਮੀ। ਬਾਕੀਆਂ 'ਤੇ ਪੁਲੀਸ ਡਾਂਗਾਂ ਵਰਾਉਂਦੀ ਰਹੀ। ਇਸ ਮੋਰਚੇ 'ਚ ਪੰਜਾਬ ਹੀ ਨਹੀਂ ਬੰਗਾਲ ਤੋਂ ਵੀ ਸਿੰਘਾਂ ਨੇ ਹਿੱਸਾ ਲਿਆ। ਜੈਤੋ ਵਿਖੇ ਪਾਠ ਕਰਨ 'ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਗਈ। ਅਖੀਰ 21 ਜੁਲਾਈ 1925 ਨੂੰ ਸਰਕਾਰ ਨੇ ਹਥਿਆਰ ਸੁੱਟ ਦਿੱਤੇ। ਭਾਵੇਂ ਕਿ ਮੋਰਚਾ ਜਿੱਤਿਆ ਗਿਆ ਪਰ ਮਹਾਰਾਜੇ ਦੀ ਬਹਾਲੀ ਦਾ ਸਵਾਲ ਛੱਡ ਦਿੱਤਾ ਗਿਆ। ਇਸ ਮੋਰਚੇ ਦੌਰਾਨ ਸੈਂਕੜੇ ਸ਼ਹੀਦ ਤੇ ਹਜ਼ਾਰਾਂ ਫੱਟੜ ਹੋਏ ਕਈ ਉਮਰ ਭਰ ਲਈ ਨਕਾਰੇ ਗਏ। ਅਨੇਕਾਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ ਰਿਆਸਤਾਂ ਤੋਂ ਦੇਸ਼ ਨਿਕਾਲੇ ਦਿੱਤੇ ਗਏ। ਇਸੇ ਪ੍ਰਕਾਰ ਇਸ ਲਹਿਰ 'ਚ ਭਾਈ ਜੋਗਾ ਸਿੰਘ ਦਾ ਗੁਰਦੁਆਰਾ, ਗੁ: ਬਾਬਾ ਅਵਿਨਾਸ਼ਾ ਸਿੰਘ, ਤੇਜੇ ਜ਼ਿਲ੍ਹਾ ਵਜੀਰਾਬਾਦ, ਗੁ: ਗੁਰੂ ਅਰਜਨ ਸਾਹਿਬ ਹੋਠੀਆਂ, ਗੁਰਦਾਸਪੁਰ, ਗੁ: ਬਾਬੇ ਕੀ ਬੇਰ ਸੁਲਤਾਨਪੁਰ, ਫ਼ਰੀਦਕੋਟ ਰਿਆਸਤ ਦੇ ਗੁਰਦੁਆਰੇ, ਗੁ: ਕਮਲੀਆ, ਗੁਰੂ ਸਰ ਸਤਲਾਨੀ, ਗੁਰਦੁਆਰਾ ਕੇਰ ਸਾਹਿਬ, ਮਾਛੀ ਕੇ, ਸ਼ੇਖ਼ੂਪੁਰਾ ਤੇ ਖਡੂਰ ਸਾਹਿਬ ,ਮੁਕਤਸਰ ਸਾਹਿਬ ਤੇ ਅਨੰਦਪੁਰ ਸਾਹਿਬ ਅਜ਼ਾਦ ਕਰਾਉਂਦਿਆਂ ਪ੍ਰਬੰਧ ਹਾਸਲ ਕਰ ਲਏ ਗਏ। ----- -- ਸਾਲ ਭਰ ਲਈ ਸ਼੍ਰੋਮਣੀ ਕਮੇਟੀ 100 ਸਾਲਾ ਸਥਾਪਨਾ ਸਮਾਗਮਾਂ ਦੀ ਵਿਸਥਾਰ ਪੂਰਵਕ ਰੂਪ ਰੇਖਾ ਕੁਝ ਇਸ ਪ੍ਰਕਾਰ ਵੀ ਹੋਵੇ--- ਉਪਰੋਕਤ ਵਿਸਥਾਰ ਦੇਣ ਦਾ ਮਕਸਦ ਪੰਥਕ ਸੰਸਥਾ ਸ਼੍ਰੋਮਣੀ ਕਮੇਟੀ ਦੀ ਕਾਇਮੀ ਲਈ ਸਿੰਘ ਸੰਗਤ ਅਤੇ ਲੀਡਰਸ਼ਿਪ ਵੱਲੋਂ ਸਮੇਂ ਸਮੇਂ ਕੀਤੀਆਂ ਗਈਆਂ ਕੁਰਬਾਨੀਆਂ ਦਾ ਲੇਖਾ ਜੋਖਾ ਪੇਸ਼ ਕਰਨਾ ਹੈ। ਸ਼ਤਾਬਦੀ ਸਮਾਗਮਾਂ ਸਮੇਂ ਉਕਤ ਸੰਘਰਸ਼ ਨਾਲ ਸੰਬੰਧਿਤ ਅਸਥਾਨ, ਸੰਘਰਸ਼ ਵਿਚ ਪਾਏ ਗਏ ਯੋਗਦਾਨ ਦੇ ਮੱਦੇ ਨਜ਼ਰ ਸੰਘਰਸ਼ਸ਼ੀਲ ਯੋਧਿਆਂ ਦੇ ਪਿੰਡਾਂ ਕਸਬਿਆਂ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਾਏ ਜਾਣੇ ਚਾਹੀਦੇ ਹਨ।ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਵਿਚ ਵੀ ਇਸ ਸਥਾਪਨਾ ਦਿਵਸ ਨੂੰ ਘਟਨਾ ਕਰਮ ਅਨੁਸਾਰ ਲੜੀਵਾਰ ਮਨਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ 'ਚ ਸ਼ਮੂਲੀਅਤ ਅਤੇ ਪ੍ਰਬੰਧ ਲਈ ਜਥੇ ਭੇਜ ਜਾਣੇ ਚਾਹੀਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਵਸ ਅਤੇ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ 'ਤੇ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿਚ ਲਿਆਉਣ ਅਤੇ ਪਛਾਣ ਕਾਇਮ ਕਰਨ ਲਈ ਯੋਗਦਾਨ ਪਾਉਣ ਵਾਲੀ ਲੀਡਰਸ਼ਿਪ ਤੇ ਸ਼ਹੀਦਾਂ ਬਾਰੇ ਬਹੁਤ ਕੁਝ ਖੋਜ ਕਰਨ ਦੀ ਲੋੜ ਹੈ। ਇਸ ਇਤਿਹਾਸਕ ਰਿਸਰਚ ਲਈ ਉਨ੍ਹਾਂ ਦੀ ਯਾਦ ਵਿਚ ਇਕ ਸ਼ਾਨਦਾਰ ਬਿਲਡਿੰਗ ਉਸਾਰੀ ਜਾਣੀ ਚਾਹੀਦੀ ਹੈ। ਜਿਵੇਂ ਸਾਕਾ ਨਨਕਾਣਾ ਸਾਹਿਬ ਦੀ ਯਾਦ 'ਚ ਸ਼ਹੀਦ ਸਿੱਖ ਮਿਸ਼ਨਰੀ ਕਾਰਜ ਦੀ ਸਥਾਪਨ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਵਸ ਇਕ ਸਾਲ ਲਈ ਮਨਾਇਆ ਜਾਣਾ ਸੀ ਪਰ ਕੋਰੋਨਾ ਦੀ ਮਹਾਂਮਾਰੀ ਕਾਰਨ ਇਹ ਸੰਕੇਤਕ ਰਿਹਾ ਇਸ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦਿਵਸ ਮੌਕੇ ਮੁੜ ਸ਼ੁਰੂ ਕਰਨ ਦੀ ਲੋੜ ਹੈ। ਸ਼ਰੋਮਣੀ ਕਮੇਟੀ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪ-ਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਦਾ ਜਿੱਥੇ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਸ: ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ ਸ਼੍ਰੋਮਣੀ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ ਦੀ ਤਰਜ਼ 'ਤੇ ਹੁਣ 100 ਸਾਲਾ ਇਤਿਹਾਸ ਲਿਖਿਆ ਲਿਖਵਾਇਆ ਜਾਣਾ ਚਾਹੀਦਾ ਹੈ। । ਨੌਜਵਾਨੀ ਨੂੰ ਪ੍ਰੇਰਿਤ ਕਰਨ ਲਈ ਸੰਖੇਪ ਵਿਚ ਇਤਿਹਾਸਕ ਡਾਕੂਮੈਂਟਰੀ ਫ਼ਿਲਮਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸ਼ਹੀਦਾਂ ਦੀਆਂ ਜੀਵਨੀਆਂ ਤੇ ਯੋਗਦਾਨ ਨੂੰ ਕਿਤਾਬੀ ਰੂਪ ਦਿੱਤਾ ਜਾਵੇ ਅਤੇ ਭੇਟਾ ਰਹਿਤ ਵੰਡਿਆ ਜਾਵੇ। ਸਕੂਲਾਂ ਕਾਲਜਾਂ ਵਿਚ ਸੈਮੀਨਾਰ ਕਰਾਏ ਜਾਣ। ਜਿਸ ਤਹਿਤ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ, ਪਰੰਪਰਾਵਾਂ ਅਤੇ ਯੋਗਦਾਨ ਸਬੰਧੀ ਇਕ ਵਿਸ਼ੇਸ਼ ਸੋਵੀਨਰ ਤਿਆਰ ਕੀਤਾ ਜਾਵੇ, ਜਿਸ ਤੋਂ ਸੰਗਤਾਂ ਸਿੱਖ ਸੰਸਥਾ ਸਬੰਧੀ ਬਹੁਪੱਖੀ ਜਾਣਕਾਰੀ ਹਾਸਲ ਕਰ ਸਕਣ। ਜਿਸ ਵਿਚ ਸ਼੍ਰੋਮਣੀ ਕਮੇਟੀ ਨੂੰ ਦਰਪੇਸ਼ ਸਮੱਸਿਆਵਾਂ, ਚੁਨੌਤੀਆਂ, ਪ੍ਰਾਪਤੀਆਂ ਤੋਂ ਇਲਾਵਾ ਭਵਿੱਖ ਦੀਆਂ ਯੋਜਨਾਵਾਂ ਨੂੰ ਦਰਜ ਕੀਤਾ ਜਾਣਾ ਚਾਹੀਦਾ ਹੈ। ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਵੱਖ-ਵੱਖ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ ਦੇ ਨੁਮਾਇੰਦਿਆਂ, ਪੰਥਕ ਆਗੂਆਂ, ਨਿਹੰਗ ਸਿੰਘ ਦਲਾਂ ਦੇ ਮੁਖੀਆਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਾ ਕੇਵਲ ਸ਼ਤਾਬਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਜਾਵੇ ਸਗੋਂ ਉਨ੍ਹਾਂ ਨੂੰ ਸ਼ਤਾਬਦੀ ਸਮਾਗਮ ਨੂੰ ਪ੍ਰਭਾਵਸ਼ਾਲੀ ਅਸਰਦਾਇਕ ਰੂਪ ਰੇਖਾ ਪ੍ਰਦਾਨ ਕਰਨ ਅਤੇ ਵਡਮੁੱਲੇ ਸੁਝਾਅ ਹਾਸਲ ਕਰਨ ਲਈ ਤਿਆਰੀ ਬਾਰੇ ਮੀਟਿੰਗਾਂ ਵਿਚ ਵੀ ਸ਼ਮੂਲੀਅਤ ਯਕੀਨੀ ਕਰਾਈ ਜਾਵੇ। ਸੰਭਵ ਹੋ ਸਕੇ ਤਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪ੍ਰਬੰਧਾਂ ਸਬੰਧੀ ਵੱਖ-ਵੱਖ ਸਬ-ਕਮੇਟੀਆਂ ਵਿਚ ਜਗਾ ਵੀ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਜ: ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ 1995 ਵਿਚ ਜਿਵੇਂ ਵਿਸ਼ਵ ਸਿੱਖ ਸੰਮੇਲਨ ਦਾ ਆਯੋਜਨ ਕੀਤਾ ਪਰ ਹੁਣ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਦੂਸਰਾ ਸੰਮੇਲਨ ਨਹੀਂ ਕਰਵਾਇਆ ਗਿਆ। ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ 'ਤੇ ਨਿਜਾਤ ਪਾਉਣ, ਸਿੱਖ ਮੁੱਦਿਆਂ ਨੂੰ ਵਿਚਾਰਨ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪਹਿਲੂਆਂ ਬਾਰੇ ਵਿਚਾਰਨ ਅਤੇ ਧਰਮ ਪ੍ਰਚਾਰ ਨੂੰ ਨਵੀਂ ਸੇਧ ਦਿੰਦਿਆਂ ਕੌਮ ਲਈ 21 ਸਦੀ ਲਈ ਭਵਿੱਖੀ ਰੂਪ ਰੇਖਾ ਅਤੇ ਯੋਜਨਾਵਾਂ ਸਿਰਜਣ ਲਈ ਹੁਣ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਦੂਸਰਾ ਵਿਸ਼ਵ ਸਿੱਖ ਸੰਮੇਲਨ ਦਾ ਆਯੋਜਨ ਕੀਤਾ ਜਾਵੇ। ਜਿਸ ਵਿਚ ਪੰਥ ਦੀ ਚੜ੍ਹਦੀ ਕਲਾ ਲਈ ਸਮੁੱਚੇ ਸੰਸਾਰ ਵਿਚ ਕੰਮ ਕਰ ਰਹੀਆਂ ਸਿੱਖ ਜਥੇਬੰਦੀਆਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਸਮੁੰਦ ਸਿੱਖ ਸੰਪਰਦਾਵਾਂ, ਫੈਡਰੇਸ਼ਨਾਂ, ਪ੍ਰਚਾਰਕਾਂ, ਕਥਾਵਾਚਕਾਂ, ਸਿੱਖ ਮਿਸ਼ਨਰੀ ਕਾਲਜਾਂ, ਇਸਤਰੀ ਸਭਾਵਾਂ, ਨੌਜੁਆਨ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਚੀਫ਼ ਖ਼ਾਲਸਾ ਦੀਵਾਨ, ਸਿੰਘ ਸਭਾਵਾਂ, ਅਕਾਲੀ ਜਥਿਆਂ, ਪੰਥਕ ਐਮ.ਪੀਜ਼ ਅਤੇ ਐਮ.ਐਲ.ਏਜ਼., ਸਿੱਖ ਡਾਕਟਰਾਂ, ਵਕੀਲਾਂ, ਮਿਊਂਸੀਪਲ ਕਮਿਸ਼ਨਰਾਂ, ਇੰਜੀਨੀਅਰਾਂ, ਵਿਉਪਾਰੀਆਂ, ਬੁੱਧੀਜੀਵੀਆਂ, ਪ੍ਰਿੰਸੀਪਲਾਂ, ਪ੍ਰੋਫੈਸਰ ਸਾਹਿਬਾਨ ਅਤੇ ਸਿੱਖ ਅਧਿਆਪਕਾਂ ਆਦਿ ਨੂੰ ਬਕਾਇਦਾ ਸੱਦੇ ਪੱਤਰ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ 'ਚ ਇਕੱਤਰ ਕਰਦਿਆਂ ਖ਼ਾਲਸਾ ਪੰਥ ਦੀ ਸ਼ਕਤੀ ਵਿਚ ਵਾਧਾ ਕਰਨ ਅਤੇ ਭਵਿੱਖ ਦੇ ਉਦੇਸ਼ਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਪੰਥਕ ਚਿੰਤਨ ਦਾ ਅਵਸਰ ਪ੍ਰਦਾਨ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਕਈ ਵਾਰ ਵਿਵਾਦਾਂ ਵਿਚੋਂ ਲੰਘਦੀ ਰਹੀ ਹੈ। ਅੱਜ ਇਸ ਦੀ ਕਾਰਜ ਪ੍ਰਣਾਲੀ ਵਿਚ ਵਧੇਰੇ ਸੁਧਾਰ ਲਿਆਉਣ ਲਈ ਗੰਭੀਰ ਚਿੰਤਨ ਮੰਥਨ ਦੀ ਲੋੜ ਹੈ। ਭਾਵੇਂ ਕਿ ਅੱਜ ਕਲ ਸਾਰੇ ਸੰਸਾਰ ਵਿੱਚ ਸਿੱਖ ਫੈਲੇ ਹੋਏ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦੀਆਂ ਧਾਰਮਿਕ, ਵਿੱਦਿਅਕ ਤੇ ਰਾਜਸੀ ਜਥੇਬੰਦੀਆਂ ਬਹੁਤ ਸ਼ਾਨਦਾਰ ਸੇਵਾ ਨਿਭਾ ਰਹੀਆਂ ਹਨ। ਫਿਰ ਵੀ ਨਕਾਬਪੋਸ਼ ਕੁਝ ਅਜਿਹੀਆਂ ਸ਼ਕਤੀਆਂ ਵੀ ਹਨ ਜੋ ਭਰਾ ਮਾਰੂ ਜੰਗ ਰਾਹੀਂ ਪੰਥ ਨੂੰ ਢਾਹ ਲਾਉਣ 'ਚ ਲੱਗੀਆਂ ਹੋਈਆਂ ਹਨ। ਪੰਥ ਦੀ ਚੜ੍ਹਦੀ ਕਲਾ ਲਈ ਇਨ੍ਹਾਂ ਸ਼ਕਤੀਆਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ। ਮੈਂ ਇਹ ਸਭ ਨੁਕਤੇ ਸ਼੍ਰੋਮਣੀ ਕਮੇਟੀ, ਪੰਥਕ ਵਿਦਵਾਨਾਂ, ਧਾਰਮਿਕ ਹਸਤੀਆਂ ਤੇ ਸੰਪਰਦਾਵਾਂ ਦੇ ਵਿਚਾਰ ਅਧੀਨ ਲਿਆਉਣ ਦਾ ਹੀਲਾ ਇਸ ਲਈ ਕੀਤਾ ਹੈ ਤਾਂ ਜੋ ਪੰਥ ਦੇ ਹਿਤ 'ਚ ਕਿਸੇ ਸਾਰਥਿਕ ਨਤੀਜੇ ਤੇ ਪਹੁੰਚਿਆ ਜਾ ਸਕੇ। ਜੇ ਤਜਵੀਜ਼ ਵਿੱਚ ਕਿਸੇ ਪ੍ਰਕਾਰ ਦੀ ਤਰੁੱਟੀ ਪੈ ਜਾਵੇ ਤਾਂ ਉਸ ਲਈ ਮੈਂ ਪਹਿਲਾਂ ਹੀ ਸਿੱਖ ਸੰਗਤਾਂ ਪਾਸੋਂ ਖਿਮਾ ਦੀ ਜਾਚਨਾ ਕਰਦਾ ਹਾਂ। ...ਸਮਾਪਤ... ਅਜੈਬ ਸਿੰਘ ਅਭਿਆਸੀ, ਮੈਂਬਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਫ਼ੋਨ : 9814299165