27
October
2020
ਮੁੰਬਈ, 27 ਅਕਤੂਬਰ
ਇਥੇ ਕਿ ਵਿਅਕਤੀ ਨੇ ਵਿਆਹ ਦੀ ਪੇਸ਼ਕਸ਼ ਰੱਦ ਕਰਨ ਬਾਅਦ ਗੁੱਸੇ ਵਿੱਚ ਆ ਕੇ ਉਪਨਗਰ ਅੰਧੇਰੀ ਵਿੱਚ ਟੀਵੀ ਅਭਿਨੇਤਰੀ ਮਾਲਵੀ ਮਲਹੋਤਰਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸੋਮਵਾਰ ਰਾਤ 9 ਵਜੇ ਦੇ ਕਰੀਬ ਅੰਧੇਰੀ ਦੇ ਵਰਸੋਵਾ ਖੇਤਰ ਵਿੱਚ ਵਾਪਰੀ ਜਦੋਂ ਅਦਾਕਾਰਾ ਮਾਲਵੀ ਮਲਹੋਤਰਾ ਕੈਫੇ ਤੋਂ ਘਰ ਪਰਤ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਯੋਗੇਸ਼ ਮਹੀਪਾਲ ਸਿੰਘ, ਜੋ ਕਾਰ ਵਿੱਚ ਸਵਾਰ ਸੀ, ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਪੁੱਛਣ ਲੱਗਿਆ ਕਿ ਉਹ ਹੁਣ ਉਸ ਨਾਲ ਗੱਲ ਕਿਉਂ ਨਹੀਂ ਕਰਦੀ। ਇਸ ਕਾਰਨ ਦੋਹਾਂ ਵਿਚਕਾਰ ਬਹਿਸ ਹੋ ਗਈ ਅਤੇ ਮੁਲਜ਼ਮ ਨੇ ਅਦਾਕਾਰਾ ਦੇ ਢਿੱਡ ਵਿੱਚ ਤੇ ਦੋਵਾਂ ਹੱਥਾਂ ’ਤੇ ਚਾਕੂ ਨਾਲ ਵਾਰ ਕਰ ਦਿੱਤੇ। ਵਾਰਦਾਤ ਬਾਅਦ ਉਹ ਫ਼ਰਾਰ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਅਭਿਨੇਤਰੀ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅਦਾਕਾਰਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਮੁਲਜ਼ਮ ਨੂੰ ਸਾਲ ਤੋਂ ਜਾਣਦੀ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।