ਟਿੱਕੀ

27

October

2020

ਮੈਨੂੰ ਟਿੱਕੀ ਖਾਣ ਦਾ ਬਹੁਤ ਸ਼ੌਕ ਹੈ। ਬਸ ਚਾਟ- ਟਿੱਕੀ ਦੇਖਦਿਆਂ ਹੀ ਮੇਰੀਆਂ ਲਾਲਾਂ ਡਿੱਗਣ ਲੱਗ ਪੈਂਦੀਆਂ ਹਨ। ਜੇ ਮੈਂ ਕਦੇ ਗੁੱਸੇ ਹੋ ਜਾਵਾਂ ਤਾਂ ਟਿਕੀ ਖੁਆ ਦਿਓ, ਝੱਟ ਮੰਨ ਜਾਂਦੀ ਹਾਂ। ਤਾਂ ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਮੇਰੀ ਨਵੀਂ- ਨਵੀਂ ਸ਼ਾਦੀ ਹੋਈ ਸੀ ਤੇ ਮੈਂ ਦੂਜੇ ਘਰ ਨੂੰ ਚਮਕਾਉਣ ਗਈ ਸਾਂ। ਕਿੰਨਾ ਕੁ ਚਮਕਿਆ, ਉਹ ਤਾਂ ਪਤਾ ਨਹੀਂ। ਪਰ ਹਰ ਰੋਜ਼ ਧਮਾਕੇ ਜ਼ਰੂਰ ਹੁੰਦੇ ਸਨ... ਮੇਰੀ ਜੀਭ ਬਹੁਤ ਜ਼ਿਆਦਾ ਚਟੋਰੀ ਹੈ। ਖਾਣਾ ਘੱਟ ਖਾਂਦੀ ਹਾਂ, ਅਤੇ ਚਾਟ- ਪਕੌੜੀ, ਸਮੋਸੇ ਜਿੰਨੇ ਮਰਜ਼ੀ ਖੁਆ ਦਿਓ। ਹੁਣ ਨਵੀਂ- ਨਵੀਂ ਸ਼ਾਦੀ ਹੋਈ। ਪਰ ਮੈਂ ਆਪਣੀ ਜੀਭ ਤੇ ਲਗਾਮ ਕਿਵੇਂ ਲਾਉਂਦੀ! ਇਕ- ਦੋ ਮਹੀਨੇ ਤਾਂ ਚੁੱਪ ਬੈਠੀ ਰਹੀ। ਫਿਰ ਇੱਕ ਦਿਨ ਸ਼ਾਮ ਵੇਲੇ, ਪਤੀਦੇਵ ਦਾ ਮੂਡ ਜਿਹਾ ਵੇਖ ਕੇ ਕਹਿ ਹੀ ਦਿੱਤਾ: "ਏ ਜੀ... ਸੁਣਦੇ ਓ... ਉਨ੍ਹਾਂ ਨੇ ਪਰਤ ਕੇ ਬੜੇ ਪਿਆਰ ਨਾਲ ਦੇਖਿਆ ਕਿ ਕੁਝ ਤਾਂ ਗੜਬੜ ਹੈ। ਅੱਜ ਪਤਨੀ ਮਹਾਰਾਣੀ ਜ਼ਰੂਰਤ ਤੋਂ ਜ਼ਿਆਦਾ ਹੀ ਸ਼ਹਿਦ ਜੀਭ ਰਾਹੀਂ ਟਪਕਾ ਰਹੀ ਹੈ। (ਉਂਜ ਮੈਂ ਮਿੱਠਾ ਹੀ ਬੋਲਦੀ ਹਾਂ...ਇਹ ਗੱਲਾਂ ਛੱਡ ਕੇ ਕਹਾਣੀ ਤੇ ਵਾਪਸ ਆਉਂਦੀ ਹਾਂ) ਤਾਂ ਪਤੀ- ਦੇਵ ਸ਼ੱਕ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਬੋਲੇ: "ਹਾਂ ਜਾਨੇਮਨ!" (ਉਨ੍ਹਾਂ ਨੂੰ ਲੱਗਿਆ ਕਿ ਮੈਂ ਫੈਮਿਲੀ ਪਲਾਨਿੰਗ ਬਾਰੇ ਉਨ੍ਹਾਂ ਨਾਲ ਗੱਲਬਾਤ ਕਰਨ ਵਾਲੀ ਹਾਂ... ਪਰ ਮੇਰਾ ਇਰਾਦਾ ਤਾਂ ਕੁਝ ਹੋਰ ਹੀ ਸੀ...) ਮੈਂ ਅੱਖਾਂ ਕੱਢਦੀ ਹੋਈ ਬੋਲੀ: "ਜ਼ਿਆਦਾ ਰੁਮਾਂਟਿਕ ਹੋਣ ਦੀ ਲੋੜ ਨਹੀਂ ਹੈ..." ਪਤੀਦੇਵ ਮੂੰਹ ਫੁਲਾ ਕੇ ਮੂੰਹ ਦੂਜੇ ਪਾਸੇ ਕਰਕੇ ਬੈਠ ਗਏ। ਫਿਰ ਮੈਂ ਪਿਆਰ ਨਾਲ ਬੋਲੀ: "ਚੰਗਾ ਠੀਕ ਹੈ, ਸੌਰੀ ਕਹਿੰਦੀ ਹਾਂ... ਇਉਂ ਨਹੀਂ ਕਹਾਂਗੀ ਅੱਗੇ ਤੋਂ... ਪਰ ਗੱਲ ਤਾਂ ਸੁਣੋ" "ਹਾਂ, ਹਾਂ ਬੋਲ!" ਪਤੀਦੇਵ ਮੇਰੇ ਵੱਲ ਵੇਖਦਿਆਂ ਬੋਲੇ। ਫਿਰ ਮੈਂ ਲੰਮਾ ਸਾਹ ਖਿੱਚ ਕੇ ਬੋਲੀ: "ਮੇਰਾ ਟਿੱਕੀ ਖਾਣ ਨੂੰ ਕਈ ਦਿਨਾਂ ਤੋਂ ਮਨ ਕਰ ਰਿਹਾ ਹੈ। ਤੁਸੀਂ ਲਿਆ ਦਿਓਗੇ?" ਪਤੀਦੇਵ ਬੋਲੇ: "ਬਸ ਏਨੀ ਕੁ ਗੱਲ ਹੈ... ਮੈਂ ਪਤਾ ਨਹੀਂ ਕੀ ਸੋਚ ਰਿਹਾ ਸੀ..." ਮੈਂ ਪੁੱਛਿਆ: "ਕੀ ਸੋਚ ਰਹੇ ਸੀ?" ਉਹ ਬੋਲੇ: "ਚੱਲ ਛੱਡ, ਸੌਂ ਜਾ, ਕੱਲ੍ਹ ਆਫ਼ਿਸ ਵੀ ਜਾਣਾ ਹੈ। ਪਹਿਲਾਂ ਹੀ ਦੇਰ ਹੋ ਗਈ ਹੈ!" ਮੈਂ ਲਾਈਟ ਆਫ ਕਰਕੇ ਖ਼ੁਸ਼ ਹੁੰਦਿਆਂ ਟਿੱਕੀ ਦੇ ਸੁਪਨੇ ਵੇਖਣ ਲਈ ਸੌਣ ਚਲੀ ਗਈ। ਅਗਲੇ ਦਿਨ ਪਤੀਦੇਵ ਨੂੰ ਕੰਨ ਵਿਚ ਟਿੱਕੀ ਲਿਆਉਣ ਦੀ ਯਾਦ ਦਿਵਾ ਕੇ ਬੜੀ ਮਸਤੀ ਨਾਲ ਉਨ੍ਹਾਂ ਨੂੰ ਆਫ਼ਿਸ ਭੇਜ ਕੇ ਵਾਪਸ ਘਰ ਦੇ ਕੰਮਾਂ ਵਿੱਚ ਲੱਗ ਗਈ। ਮੈਂ ਸ਼ਾਮ ਹੋਣ ਦੀ ਬੜੀ ਬੇਸਬਰੀ ਨਾਲ ਉਡੀਕ ਕਰਨ ਲੱਗੀ। ਵਾਰ- ਵਾਰ ਦਰਵਾਜ਼ੇ ਵੱਲ ਵੇਖ ਰਹੀ ਸਾਂ। ਮੰਮੀ (ਸੱਸ) ਨੇ ਕਈ ਵਾਰ ਪੁੱਛਿਆ: "ਕੀ ਗੱਲ ਹੈ ਬਹੂ...? ਵਾਰ-ਵਾਰ ਬਾਹਰ ਕਿਉਂ ਵੇਖ ਰਹੀ ਹੈਂ? ਕਿਸੇ ਨੇ ਆਉਣਾ ਹੈ?" ਮੈਂ ਸਿਰ ਸੁੱਟ ਕੇ ਫਿਰ ਤੋਂ ਕੰਮ ਵਿੱਚ ਲੱਗ ਜਾਂਦੀ। ਪਤੀਦੇਵ ਆਏ ਅਤੇ ਆ ਕੇ ਝੱਟ ਮੈਨੂੰ ਟਿੱਕੀ ਫੜਾ ਦਿੱਤੀ, ਹੌਲੀ ਜਿਹੀ। ਹੁਣ ਇੱਕ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਗਈ। ਉਹ ਇਹ ਕਿ ਇਹਨੂੰ ਘਰ ਵਿੱਚ ਖਾਵਾਂ ਕਿਵੇਂ? ਕਿਉਂਕਿ ਘਰ ਵਿਚ ਸਾਰੇ ਮੈਂਬਰ ਕੈਰਮ ਦੀਆਂ ਗੀਟੀਆਂ ਵਾਂਗ ਖਿੱਲਰੇ ਪਏ ਸਨ। ਮੈਂ ਹੌਲੀ ਜਿਹੀ ਟਿੱਕੀ ਛੁਪਾ ਕੇ ਆਟੇ ਦੀ ਪੀਪੀ ਦੇ ਪਿੱਛੇ ਰੱਖ ਦਿੱਤੀ ਕਿ ਬਾਦ ਵਿੱਚ ਖਾਵਾਂਗੀ, ਅਰਾਮ ਨਾਲ। ਇਹੋ ਸੋਚ ਕੇ ਰਾਤ ਨੂੰ ਖਾਣੇ ਤੋਂ ਪਿੱਛੋਂ ਮੈਂ ਅਤੇ ਘਰ ਦੇ ਬਾਕੀ ਮੈਂਬਰ ਸੌਣ ਚਲੇ ਗਏ। ਅੱਧੀ ਰਾਤ ਨੂੰ ਅਚਾਨਕ 'ਧੜਾਮ'...ਨਾਲ ਜ਼ੋਰ ਦੀ ਆਵਾਜ਼ ਹੋਈ ਤੇ ਸਾਰਿਆਂ ਕਮਰਿਆਂ ਦੀਆਂ ਲਾਈਟਾਂ ਆਨ ਹੋ ਗਈਆਂ। ਸਾਰੇ ਰਸੋਈ ਵੱਲ ਦੌੜੇ, ਤਾਂ ਕੀ ਦੇਖਦੇ ਹਨ! ਸਭ ਪਾਸੇ ਆਟਾ ਹੀ ਆਟਾ ਖਿੱਲਰਿਆ ਹੋਇਆ ਸੀ। ਪੀਪੀ ਦਾ ਢੱਕਣ ਗੋਲ-ਗੋਲ ਜ਼ਮੀਨ ਤੇ ਡਿੱਗਿਆ ਘੁੰਮ ਰਿਹਾ ਸੀ। ਪੀਪੀ ਦਰਵਾਜ਼ੇ ਦੇ ਕੋਲ ਪਈ ਸੀ ਅਤੇ ਮੈਂ ਆਟੇ ਵਿਚ ਲਿਬੜੀ ਖੜ੍ਹੀ ਸੀ। ਪਤੀਦੇਵ, ਜੋ ਪਿੱਛੇ ਖੜ੍ਹੇ ਸਨ, ਮੂੰਹ ਤੇ ਹੱਥ ਰੱਖ ਕੇ ਹਾਸਾ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਸੱਸ ਬੋਲੀ ਜਾ ਰਹੀ ਸੀ: "ਸਤਿਆਨਾਸ਼! ਸਾਰੇ ਮਹੀਨੇ ਦਾ ਆਟਾ ਸੁੱਟ ਦਿੱਤਾ! ਕੀ ਕਰ ਰਹੀ ਸੀ ਤੂੰ ਇੱਥੇ? ਬੋਲ, ਮੂੰਹ ਵਿੱਚ ਕੀ ਦਹੀਂ ਜਮਾਈ ਹੋਈ ਐ!" ਨਨਾਣ ਮੇਰੇ ਕੋਲ ਆ ਕੇ ਮੇਰੇ ਉਤੋਂ ਆਟਾ ਝਾੜਦੀ ਹੋਈ ਬੋਲੀ: "ਭਾਬੀ ਇਹ ਆਟਾ ਤੁਹਾਡੇ ਉੱਤੇ ਕਿਵੇਂ ਡਿੱਗ ਪਿਆ?" ਮੈਂ ਹੌਲੀ ਜਿਹੀ ਉੱਪਰ ਵੱਲ ਇਸ਼ਾਰਾ ਕਰਦਿਆਂ ਟਿੱਕੀ ਵਾਲਾ ਪੈਕਟ ਦਿਖਾਇਆ। ਜਿਸ ਵਿੱਚੋਂ ਦਹੀਂ ਤੇ ਚਟਣੀ ਟਪਕ- ਟਪਕ ਕੇ ਹੇਠਾਂ ਡਿੱਗ ਰਹੀ ਸੀ। ਇਹ ਦੇਖ ਕੇ ਸਾਰੇ ਹੱਸ ਪਏ ਅਤੇ ਮੈਂ ਸ਼ਰਮਸ਼ਾਰ ਹੋਈ ਪਤੀ ਵੱਲ ਵੇਖ ਰਹੀ ਸਾਂ। ਫਿਰ ਕੀ ਹੋਣਾ ਸੀ, ਆਟਾ ਵੀ ਸਾਫ਼ ਕਰਨਾ ਪਿਆ ਅਤੇ ਟਿੱਕੀ ਵੀ ਨਹੀਂ ਮਿਲੀ। ਪਰ ਹਾਂ, ਹੁਣ ਜਦੋਂ ਵੀ ਕਦੇ ਟਿੱਕੀ ਦਾ ਜ਼ਿਕਰ ਹੁੰਦਾ ਹੈ ਤਾਂ ਮੇਰੀ ਚੰਗੀ- ਖਾਸੀ ਖਿਚਾਈ ਹੁੰਦੀ ਹੈ ਅਤੇ ਮੈਂ ਵੀ ਹੱਸਦੀ- ਹੱਸਦੀ ਲੋਟਪੋਟ ਹੋ ਜਾਂਦੀ ਹਾਂ। ਪਰ ਟਿੱਕੀ ਖਾਣੀ ਅਜੇ ਤੱਕ ਨਹੀਂ ਛੱਡੀ!