ਸ਼੍ਰੋਮਣੀ ਕਮੇਟੀ 100 ਸਾਲਾ ਸਥਾਪਨਾ ਸਮਾਗਮਾਂ ਦੀ ਰੂਪ ਰੇਖਾ ਕੀ ਹੋਵੇ?

27

October

2020

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ 'ਤੇ ਇਸ ਦੀ ਸ਼ਤਾਬਦੀ ਵਿਸ਼ਾਲ ਪੱਧਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ, 15 ਨਵੰਬਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਅਗਲਾ ਪੂਰਾ ਸਾਲ ਇਸ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਲਈ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਅਜਿਹਾ ਵਿਸਥਾਰ ਪੂਰਵਕ ਰੂਪ ਰੇਖਾ ਤਿਆਰ ਕਰਨ ਦੀ ਲੋੜ ਹੈ ਜੋ ਕੌਮ ਦੀ ਵਰਤਮਾਨ ਅਤੇ ਭਵਿੱਖ ਦੀ ਉਸਾਰੀ ਵਿਚ ਸਹਾਈ ਹੋ ਸਕੇ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਸਿੱਖ ਸੰਗਤ ਅਤੇ ਲੀਡਰਸ਼ਿਪ ਵੱਲੋਂ ਕੁਰਬਾਨੀਆਂ ਰਾਹੀਂ ਪਾਏ ਗਏ ਸ਼ਾਨਾਮਤੇ ਇਤਿਹਾਸਕ ਯੋਗਦਾਨ ਦਾ ਚਾਨਣ ਨਵੀਂ ਪੀੜੀ 'ਚ ਫੈਲਾਈ ਜਾ ਸਕੇ। ਸ਼੍ਰੋਮਣੀ ਕਮੇਟੀ ਕੁਝ ਖ਼ਾਮੀਆਂ ਦੇ ਬਾਵਜੂਦ ਸਿੱਖਾਂ ਦੀ ਪਾਰਲੀਮੈਂਟ ਵਜੋਂ 20ਵੀਂ ਸਦੀ ਦਾ ਇਕ ਹਾਸਲ ਹੈ। ਜਿਸ ਦਾ ਦਾਇਰਾ ਕੇਵਲ ਗੁਰਧਾਮਾਂ ਦੀ ਸੇਵਾ ਸੰਭਾਲ ਤਕ ਹੀ ਸੀਮਤ ਨਹੀਂ ਸਗੋਂ ਵਿਸ਼ਵ ਪੱਧਰ 'ਤੇ ਫੈਲੀ ਸਿੱਖ ਕੌਮ ਦੇ ਬਾਸ਼ਿੰਦਿਆਂ ਦੀਆਂ ਲੋੜਾਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਜੱਦੋ ਜਹਿਦ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸੇਧ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਮੂਲ ਨਾਲ ਜੋੜੀ ਰੱਖਣ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਨਾਲ ਵੀ ਹੈ। ਗੁਰੂ ਕਾਲ ਤੋਂ ਬਾਅਦ 18ਵੀ ਸਦੀ ਸਿੱਖ ਕੌਮ ਲਈ ਆਪਣੀ ਹੋਂਦ ਬਚਾਉਣ ਤੋਂ ਇਲਾਵਾ ਆਪਣੀ ਸਵੈ ਪਛਾਣ ਲਈ ਰਾਜਸੀ ਪਿੜ ਨੂੰ ਪਕੇਰਿਆਂ ਕਰਨ ਅਤੇ ਇਸ ਨੂੰ ਵਿਸਥਾਰ ਦੇਣ ਲਈ ਸੰਘਰਸ਼ ਦਾ ਦੌਰ ਰਿਹਾ। ਦਿਲੀ, ਜਮਰੌਦ, ਲੇਹ ਲਦਾਖ ਆਦਿ ਨੂੰ ਫਹਿਤ ਕਰਨ ਦੇ ਦੌਰਾਨ ਜਦ ਵੀ ਮੌਕਾ ਮਿਲਿਆ ਜਾਂ ਵੱਸ ਚੱਲਿਆ ਸਿੱਖਾਂ ਨੇ ਗੁਰਧਾਮਾਂ ਦੀ ਉਸਾਰੀ ਅਤੇ ਇਸ ਦੀ ਮਹੱਤਤਾ ਨੂੰ ਵਧਾਉਣ ਵਲ ਵਿਸ਼ੇਸ਼ ਧਿਆਨ ਦਿੱਤਾ, ਜੋ ਕਿ ਗੁਰਧਾਮਾਂ ਪ੍ਰਤੀ ਸਿੱਖਾਂ ਦੀ ਸ਼ਰਧਾ ਸਤਿਕਾਰ ਤੇ ਪਿਆਰ ਦਾ ਲਿਖਾਇਕ ਰਿਹਾ। ਮਿਸਾਲ ਵਜੋਂ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਦਿਲੀ ਨੂੰ ਫਹਿਤ ਕਰਨ ਉਪਰੰਤ ਸ: ਬਘੇਲ ਸਿੰਘ ਦੀ ਅਗਵਾਈ 'ਚ ਦਿਲੀ ਵਿਖੇ ਗੁਰਧਾਮਾਂ ਦੀ ਉਸਾਰੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ 'ਤੇ ਸੋਨੇ ਦੀ ਚੜ੍ਹਤ ਚੜ੍ਹਾਉਣ ਦੀ ਸੇਵਾ ਆਦਿ। ਸਿੱਖ ਸ਼ਾਸਨ ਕਾਲ ਦੌਰਾਨ ਸਿੱਖ ਸ਼ਾਸਕਾਂ ਨੂੰ ਗੁਰਧਾਮਾਂ ਦੀ ਅੰਦਰੂਨੀ ਪ੍ਰਬੰਧ ਵਿਚ ਖ਼ਾਸ ਦਖ਼ਲ ਅੰਦਾਜ਼ੀ ਕਰਨ ਦੀ ਲੋੜ ਨਹੀਂ ਪਈ ਪਰ ਸ਼ੇਰੇ ਪੰਜਾਬ ਦੀ ਰੁਖਸਤੀ ਉਪਰੰਤ ਡੋਗਰਿਆਂ ਵੱਲੋਂ ਰਾਜਸੀ ਸ਼ਕਤੀ ਹਥਿਆਉਂਦਿਆਂ ਮਹੰਤਾਂ ਤੇ ਪੁਜਾਰੀਆਂ ਨੂੰ ਦਿੱਤੀ ਗਈ ਸ਼ਹਿ ਨਾਲ ਗੁਰਧਾਮਾਂ ਦੇ ਪ੍ਰਬੰਧ 'ਚ ਵੀ ਵਿਗਾੜ ਪੈਣੀ ਦੀ ਸ਼ੁਰੂਆਤ ਹੋ ਗਈ। ਇਸ ਦੇ ਬਾਵਜੂਦ ਸਿੱਖਾਂ ਦੀ ਗੁਰਧਾਮਾਂ ਪ੍ਰਤੀ ਸ਼ਰਧਾ ਅਤੇ ਅਕੀਦਾ ਨੇ ਖ਼ਾਲਸਾ ਰਾਜ ਦੇ ਖ਼ਾਤਮੇ ਤੋਂ ਬਾਅਦ ਅੰਗਰੇਜ਼ ਹਕੂਮਤ ਨੂੰ ਇਹ ਅਭਾਸ ਕਰਾ ਦਿੱਤਾ ਕਿ ਗੁਰਧਾਮ ਸਿੱਖਾਂ ਲਈ ਕੇਵਲ ਪੂਜਾ ਪਾਠ ਜਾਂ ਕਰਮਕਾਂਡ ਲਈ ਬਣਿਆ ਕੋਈ ਮੰਦਰ ਨਹੀਂ ਬਲਕਿ ਇਹ ਸਿੱਖਾਂ ਲਈ ਧਾਰਮਿਕ ਆਸਥਾ, ਸਮਾਜਿਕ ਅਤੇ ਰਾਜਨੀਤਿਕ ਪਹਿਲੂਆਂ ਉੱਤੇ ਵਿਚਾਰ ਕਰਨ ਲਈ ਸੰਗਤੀ ਰੂਪ ਵਿਚ ਜੁੜ ਬੈਠਣ ਦਾ ਸਥਾਨ ਹੈ। ਜਿੱਥੋਂ ਸਿੱਖ ਜਥੇਬੰਦਕ ਸਰੂਪ ਅਤੇ ਰਾਜਸੀ ਸ਼ਕਤੀ ਗ੍ਰਹਿਣ ਕਰਦੇ ਹਨ। ਅੰਗਰੇਜ਼ ਹਕੂਮਤ ਨੇ ਗੁਰਧਾਮਾਂ ਖ਼ਾਸਕਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਆਪਣਾ ਧਿਆਨ ਵਿਸ਼ੇਸ਼ ਕਰਕੇ ਕੇਂਦਰਿਤ ਕੀਤਾ। ਸਿੱਖਾਂ 'ਚ ਇਨ੍ਹਾਂ ਦੀ ਅਹਿਮੀਅਤ ਨੂੰ ਜਾਣਦਿਆਂ ਸਮਝਦਿਆਂ ਇਨ੍ਹਾਂ ਨੂੰ ਆਪਣੇ ਅਧੀਨ ਕਰਨ ਲਈ ਸਰਕਾਰ ਨੇ ਇਨ੍ਹਾਂ ਦੇ ਪ੍ਰਬੰਧ ਲਈ ਇਕ ਕਮੇਟੀ ਅਤੇ ਸਰਬਰਾਹ ਨਿਯੁਕਤ ਕੀਤਾ। ਸਰਕਾਰ ਦੀ ਗੁਰਧਾਮਾਂ ਨੂੰ ਆਪਣੇ ਪ੍ਰਭਾਵ ਹੇਠ ਰੱਖਣ ਦੀ ਉਕਤ ਨੀਤੀ ਅਤੇ ਗੁਰੂ ਕੀ ਸੰਪਤੀ ਨੂੰ ਆਪਣੀ ਮਲਕੀਅਤ ਸਮਝਣ ਵਾਲੇ ਮਹੰਤਾਂ ਅਤੇ ਪੁਜਾਰੀਆਂ ਨੂੰ ਦਿੱਤੀ ਗਈ ਸ਼ਹਿ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ। ਇਸ ਦੌਰ 'ਚ ਮਹੰਤ ਅਤੇ ਪੁਜਾਰੀ ਲਾਣੇ ਦਾ ਗੁਰਮਤਿ ਵਿਰੋਧੀ ਕੰਮ ਵਿਹਾਰ ਸਿਖ਼ਰਾਂ 'ਤੇ ਸੀ ਤਾਂ ਸਰਬ ਸਾਂਝੀਵਾਲਤਾ ਦੇ ਅਸਥਾਨਾਂ 'ਤੇ ਛੂਤਛਾਤ ਭਾਰੂ ਹੋਣ ਲਗਾ । ਧਾਰਮਿਕ ਨਿਜ਼ਾਮ ਦੀ ਵਿਗੜੀ ਹਾਲਤ ਦੇਖ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਤੇ ਉਨ੍ਹਾਂ 'ਚ ਫ਼ਿਕਰਮੰਦੀ ਵਧੀ। ਉਸ ਵਕਤ ਸਿੱਖਾਂ 'ਚ ਆਈ ਜਾਗ੍ਰਿਤੀ ਕਾਰਨ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਨੂੰ ਜਨਮ ਦਿੱਤਾ । ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਵਿਚੋਂ ਅੰਮ੍ਰਿਤਪਾਨ ਕਰਨ ਵਾਲੇ ਸਿੰਘਾਂ ਦੇ ਸ੍ਰੀ ਦਰਬਾਰ ਸਾਹਿਬ ਜਾਣ ਜਾਂ ਉੱਥੇ ਪ੍ਰਸ਼ਾਦ ਭੇਟ ਕਰਨ ਦੀ ਮਨਾਹੀ ਦੇ ਰੋਸ ਵਜੋਂ ਮੁਸਲਮਾਨ ਤੋਂ ਸਿੰਘ ਸਜੇ ਭਾਈ ਮਹਿਤਾਬ ਸਿੰਘ ਬੀਰ ਦੀ ਅਗਵਾਈ 'ਚ 12 ਅਕਤੂਬਰ 1920 ਨੂੰ ਸੰਗਤੀ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਭੇਟਾ ਕਰਨ ਦੇ ਵਰਤਾਰਿਆਂ ਅਤੇ ਉਸ ਵਕਤ ਪੁਜਾਰੀਆਂ ਵੱਲੋਂ ਖ਼ਾਲੀ ਛੱਡ ਕੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਸਿੱਖਾਂ ਵੱਲੋਂ 17 ਮੈਂਬਰੀ ਕਮੇਟੀ ਦੀ ਚੋਣ ਦੇ ਵਰਤਾਰਿਆਂ ਉਪਰੰਤ ਪ੍ਰਸ਼ਾਸਨ ਨਾਲ ਮੀਟਿੰਗ ਬਾਅਦ 9 ਮੈਂਬਰੀ ਕਮੇਟੀ ਬਣਾਈ ਗਈ। ਉਪਰੋਕਤ ਵਰਤਾਰਿਆਂ ਤੋਂ ਬਾਅਦ ਕੌਮ ਦੇ ਆਗੂਆਂ ਨੇ ਮਹਿਸੂਸ ਕੀਤਾ ਕਿ ਗੁਰਦੁਆਰਾ ਸਾਹਿਬ ਦੇ ਇੰਤਜ਼ਾਮ ਲਈ ਇਕ ਪੰਥਕ ਕਮੇਟੀ ਚੁਣੀ ਜਾਵੇ ਜਿਸ ਲਈ ਸਰਬੱਤ ਖ਼ਾਲਸਾ ਇਕੱਠ ਬੁਲਾਇਆ ਜਾਵੇ। ਭਾਵੇਂ ਕਿ ਸਰਬੱਤ ਖ਼ਾਲਸਾ ਇਕੱਠ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਰਕਾਰ ਵੱਲੋਂ 36 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਾ ਚੁੱਕਿਆ ਸੀ ਫਿਰ ਵੀ ਸਿੱਖ ਕੌਮ ਵੱਲੋਂ 15 ਨਵੰਬਰ 1920 ਨੂੰ ਸਰਬੱਤ ਖ਼ਾਲਸਾ ਇਕੱਠ ਹੋਇਆ ਤੇ 150 ਮੈਂਬਰੀ ਕਮੇਟੀ ਚੁਣੀ ਗਈ। ਇਸ ਕਮੇਟੀ ਵਿਚ ਉਹ ਮੈਂਬਰ ਜੋ ਸਰਕਾਰ ਵੱਲੋਂ ਪਹਿਲਾਂ ਤੋਂ ਐਲਾਨ ਕੀਤੇ ਗਏ ਸਨ ਅਤੇ ਜੋ ਉਸ ਦਿਨ ਨਹੀਂ ਚੁਣੇ ਗਏ ਉਨ੍ਹਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਅਤੇ ਸਮੂਹ ਮੈਂਬਰਾਂ ਦੀ ਗਿਣਤੀ 175 ਕੀਤੀ ਗਈ। ਅਗਲੇ ਦਿਨ ਪ੍ਰਧਾਨ ਦੀ ਚੋਣ ਮੌਕੇ ਸ: ਸੁੰਦਰ ਸਿੰਘ ਮਜੀਠੀਆ ਨੂੰ ਚੁਣਿਆ ਗਿਆ। ਉਕਤ ਚੋਣ ਉਪਰੰਤ ਅੰਗਰੇਜ਼ ਸਰਕਾਰ ਸਿੱਖਾਂ ਨਾਲ ਫਿਰ ਵਿਟਰ ਗਈ। ਇਸੇ ਦੌਰਾਨ ਸੁਹਿਰਦ ਅਤੇ ਸੰਜੀਦਾ ਸਿੱਖਾਂ ਵੱਲੋਂ ਪੰਜਾਬ ਦੇ ਵੱਖ ਇਲਾਕਿਆਂ ਵਿਚ ਅੰਮ੍ਰਿਤ ਸੰਚਾਰ ਤੇ ਪ੍ਰਚਾਰ ਦੀ ਲਹਿਰ ਚਲਾਈ ਗਈ। ਮਹੰਤਾਂ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਹੋਈ। ਸਿੱਖ ਸੰਗਤ ਨੂੰ ਇਕ ਦੂਜੇ ਨਾਲ ਜੋੜਨ ਲਈ ਅਕਾਲੀ ਅਖ਼ਬਾਰ ਕੱਢਿਆ ਗਿਆ। ਜੋ ਕਿ ਸਿੱਖਾਂ 'ਚ ਹਰ ਦਿਲ ਅਜ਼ੀਜ਼ ਬਣ ਗਿਆ। ਇਸ ਲਹਿਰ ਦੇ ਹਮਸਫ਼ਰ ਅਕਾਲੀ ਅਖਵਾਉਣ ਲੱਗੇ ਅਤੇ ਅਣ ਐਲਾਨੀ ਅਕਾਲੀ ਲਹਿਰ ਚੱਲ ਪਈ। ਇਸੇ ਦੌਰਾਨ ਸਿੱਖ ਆਗੂਆਂ ਨੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਖ਼ੂਨ ਡੋਲਵਾਂ ਸੰਘਰਸ਼ ਕੀਤਾ। ਮੋਰਚੇ ਲਾਏ, ਸਾਕੇ ਵਰਤੇ, ਡਾਂਗਾਂ ਵਰ੍ਹੀਆਂ, ਗੋਲੀਆਂ ਚਲੀਆਂ, 500 ਤੋਂ ਵੱਧ ਸ਼ਹੀਦੀਆਂ, ਹਜ਼ਾਰਾਂ ਅੰਗਹੀਣ, ਤੀਹ ਹਜ਼ਾਰ ਗ੍ਰਿਫ਼ਤਾਰੀਆਂ ਅਤੇ ਲੱਖਾਂ ਆ ਨੁਕਸਾਨ ਉਠਾਉਣਾ ਪਿਆ। ਇਸ ਤਰਾਂ ਜ਼ਬਰਦਸਤ ਜਦੋ ਜਹਿਦ ਦੇ ਕਾਰਨ 1 ਨਵੰਬਰ 1925 ਨੂੰ'' ਗੁਰਦੁਆਰਾ ਐਕਟ '' ਬਣ ਕੇ ਲਾਗੂ ਕੀਤਾ ਗਿਆ, ਜਿਸ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਚੁਣੇ ਹੋਏ ਨੁਮਾਇੰਦਿਆਂ ਨੂੰ ਸੌਂਪਿਆ ਗਿਆ। ਇਸ ਕਮੇਟੀ ਦਾ ਨਾਮ ਪਹਿਲਾਂ ''ਸੈਂਟਰਲ ਬੋਰਡ ਜੋ ਕਿ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ'' ਇਸ ਸੰਘਰਸ਼ ਦੀ ਸ਼ੁਰੂਆਤ 1914 ਵਿਚ ਗੁਰਦੁਆਰਾ ਰਕਾਬ ਗੰਜ ਦੀ ਢਾਹੇ ਗਏ ਦੀਵਾਰ ਦੀ ਮੁੜ ਉਸਾਰੀ ਲਈ ਲਾਏ ਗਏ ਮੋਰਚੇ ਨਾਲ ਹੋ ਚੁੱਕੀ ਸੀ, ਭਾਵੇਂ ਕਿ ਇਹ ਜੁਲਾਈ- ਅਗਸਤ 1920 ਦੌਰਾਨ ਸਿਖ਼ਰਾਂ ਨੂੰ ਜਾ ਪੁੱਜਾ। ਢੱਠੀ ਕੰਧ ਨੂੰ ਉਸਾਰਨ ਲਈ 100 ਸਿੱਖਾਂ ਦੀ ਸ਼ਹੀਦੀ ਜਥਾ ਬਣਾਉਣ ਦੀ ਮੰਗ ਉੱਠੀ ਤਾਂ 800 ਸਿੱਖਾਂ ਨੇ ਆਪਣਾ ਨਾਮ ਲਿਖਵਾਇਆ ਜਿਸ ਨਾਲ ਭਾਰਤ ਦੀ ਬਰਤਾਨਵੀ ਸਰਕਾਰ ਨੂੰ ਵਖਤ ਪੈ ਗਿਆ। ਸਰਕਾਰੀ ਸਾਜ਼ਿਸ਼ਾਂ ਦੇ ਬਾਵਜੂਦ ਸਿੱਖਾਂ ਦੀ ਸਿਦਕ ਅੱਗੇ ਸਰਕਾਰ ਨੂੰ ਝੁਕਣਾ ਪਿਆ ਤੇ ਦੀਵਾਰ ਦੀ ਮੁੜ ਉਸਾਰੀ ਕਰਾਈ ਗਈ। ਇਸੇ ਤਰਾਂ ਗੁਰਦੁਆਰਾ ਚੁਮਾਲਾ ਸਾਹਿਬ, ਪਾਤਿਸ਼ਾਹੀ ਛੇਵੀਂ, ਲਾਹੌਰ 'ਤੇ ਕਾਬਜ਼ ਗ੍ਰੰਥੀ ਦੀਆਂ ਮਨਮਤੀ ਵਰਤਾਰਿਆਂ ਨੂੰ ਠਲ ਪਾਉਂਦਿਆਂ ਸਿੱਖ ਸੰਗਤ ਨੇ 27 ਸਤੰਬਰ 1920 ਨੂੰ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਜਮਾ ਲਿਆ। ਜੋ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਕਬਜ਼ਾ ਸੀ। ਇਸੇ ਤਰਾਂ ਗੁਰਦੁਆਰਾ ਬਾਬੇ ਦੀ ਬੇਰ , ਸਿਆਲ ਕੋਟ ਨੂੰ ਹਾਸਲ ਕਰਨ ਲਈ ਸਿੱਖ ਸੰਗਤ ਮੋਰਚੇ 'ਤੇ ਆਣ ਪੁੱਜੇ। ਭਾਰੀ ਸੰਘਰਸ਼ ਉਪਰੰਤ 6 ਅਕਤੂਬਰ 1920 ਨੂੰ ਇਸ ਗੁਰਦੁਆਰੇ 'ਤੇ ਸਿੱਖਾਂ ਦਾ ਪਕਾ ਕਬਜ਼ਾ ਹੋ ਗਿਆ। ਗੁਰਦੁਆਰਾ ਪੰਜਾ ਸਾਹਿਬ ਨੂੰ 19 ਨਵੰਬਰ 1920 ਨੂੰ ਸ: ਕਰਤਾਰ ਸਿੰਘ ਝੱਬਰ ਦੀ ਅਗਵਾਈ 'ਚ ਪੂਰੀ ਜਦੋ ਜਹਿਦ ਨਾਲ ਅਜ਼ਾਦ ਕਰਾਇਆ ਗਿਆ ਅਤੇ ਇਸ ਦੇ ਪ੍ਰਬੰਧ ਲਈ 26 ਨਵੰਬਰ 1920 ਨੂੰ ਇਕ ਪ੍ਰਬੰਧਕ ਕਮੇਟੀ ਕਾਇਮ ਕੀਤੀ ਗਈ। ਇਸ ਲਹਿਰ ਦੌਰਾਨ ਗੁਰਦੁਆਰਾ ਤਰਨ ਤਾਰਨ ਦੇ ਕਬਜ਼ੇ ਨੂੰ ਲੈ ਕੇ ਕੀਤੇ ਗਏ ਸੰਘਰਸ਼ ਵਿਚ ਪਹਿਲੀਆਂ ਸ਼ਹੀਦੀਆਂ ਦਾ ਯੋਗਦਾਨ ਪਿਆ। ਇਸ ਗੁਰਦੁਆਰਾ ਸਾਹਿਬ 'ਤੇ ਕਾਬਜ਼ ਮਹੰਤਾਂ ਦੀਆਂ ਕਰਤੂਤਾਂ ਤੋਂ ਛੁਟਕਾਰਾ ਦਿਵਾਉਣ ਲਈ ਜਥੇ: ਤੇਜਾ ਸਿੰਘ ਭੁੱਚਰ 25 ਜਨਵਰੀ 1921 ਵਾਲੇ ਦਿਨ ਜਥੇ ਸਮੇਤ ਤਰਨ ਤਾਰਨ ਸਾਹਿਬ ਗਏ। ਸਮਝੌਤੇ ਲਈ ਗੱਲਬਾਤ ਕਰਨ ਗਏ ਤਾਂ ਮਹੰਤਾਂ ਨੇ ਸਿੰਘਾਂ ਨੂੰ ਸਾਜ਼ਿਸ਼ ਤਹਿਤ ਕਮਰੇ ਵਿਚ ਛੱਡ ਕੇ ਕਮਰਾ ਬੰਦ ਕਰ ਦਿੱਤਾ ਅਤੇ ਉੱਪਰੋਂ ਬੰਬ ਛੁੱਟਣੇ ਸ਼ੁਰੂ ਕਰ ਦਿੱਤੇ। ਜਿਸ ਨਾਲ ਗਈ ਸਿੰਘ ਜ਼ਖ਼ਮੀ ਹੋ ਗਏ। ਉੱਥੇ ਹੀ ਗੁਰੂ ਸਾਹਿਬ ਅੱਗੇ ਮੱਥਾ ਟੇਕ ਰਹੇ ਸ: ਬਲਵੰਤ ਸਿੰਘ ਦੇ ਮੋਢਿਆਂ ਤੇ ਤਲਵਾਰ ਦਾ ਵਾਰ ਹੋਇਆ ਅਤੇ ਭਾਈ ਹਜ਼ਾਰਾ ਸਿੰਘ ਅਲਾਦੀਨ ਪੁਰ ਦੇ ਢਿੱਡ ਵਿਚ ਤਲਵਾਰ ਮਾਰੀ ਗਈ। ...ਚਲਦਾ... ਅਜੈਬ ਸਿੰਘ ਅਭਿਆਸੀ, ਮੈਂਬਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਫ਼ੋਨ : 9814299165